ਝੁਨੀਰ 25 ਜੁਲਾਈ ,ਬੋਲੇ ਪੰਜਾਬ ਬਿਊਰੋ;
ਅੱਜ ਇੱਥੇ ਸੀ ਪੀ ਆਈ ( ਐਮ ਐਲ) ਲਿਬਰੇਸ਼ਨ ਅਤੇ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਲੰਘੀ 20 ਜੁਲਾਈ ਦਿੱਲੀ ਜੰਤਰ ਮੰਤਰ ਉੱਪਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਝੁਨੀਰ ਬੱਸ ਸਟੈਂਡ ਤੇ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਅਤੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਦਾਨੇਵਾਲਾ ਨੇਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ 2020 ਵਿਦਿਆਰਥੀ ਵਿਰੋਧੀ ਹੈ,ਇਸ ਨੂੰ ਤੁਰੰਤ ਰੱਦ ਕੀਤਾ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫਾ ਦੇਵੇ,ਨੀਟ ਦਾ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ,ਪੇਪਰ ਲੀਕ ਹੋਣ ਕਾਰਨ ਖੁਦਕੁਸ਼ੀ ਕਰ ਗਏ ਵਿਦਿਆਰਥੀਆਂ ਨੂੰ ਇਨਸਾਫ਼ ਦਿੱਤਾ ਜਾਵੇ,NTA ਵਰਗੀ ਭ੍ਰਿਸ਼ਟ ਅਤੇ ਗੈਰ ਜਿੰਮੇਵਾਰ ਸੰਸਥਾ ਨੂੰ ਭੰਗ ਕੀਤਾ ਜਾਵੇ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਪਰ ਲਾਠੀਚਾਰਜ ਕਰਨ ਵਾਲੇ ਦਿੱਲੀ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕੀਤੇ ਜਾਣ,ਬਰਨਾਲੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਸਤਵੀਰ ਬੈਂਸ ਅਤੇ ਸਥਾਨਕ ਐੱਸ ਐੱਚ ਓ ਤੇ ਪਰਚਾ ਦਰਜ ਕੀਤਾ ਜਾਵੇ,ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਮਜੀਠਾ ਸਿੰਘ ਦਾਨੇਵਾਲਾ,ਰੂਪ ਸਿੰਘ ਦਾਨੇਵਾਲਾ,ਹਰਜਿੰਦਰ ਸਿੰਘ ਝੁਨੀਰ,ਰਣਜੀਤ ਸਿੰਘ ਝੁਨੀਰ ਅਤੇ ਕੇਵਲ ਸਿੰਘ ਝੁਨੀਰ ਆਦਿ ਆਗੂ ਵੀ ਹਾਜ਼ਰ ਸਨ।












