ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਨੇ ਰਤਨ ਪ੍ਰੋਫੈਸ਼ਨਲ ਕਾਲਜ ਵਿਖੇ ਲਗਾਈਆਂ ਤੀਆਂ ਦੀਆਂ ਰੌਣਕਾਂ
ਨਰਿੰਦਰ ਕੌਰ ਬਣੀ ‘ਮਿਸਿਜ਼ ਤੀਜ’, ਸੁਰਿੰਦਰ ਕੌਰ ਨੇ ਜਿੱਤਿਆ ‘ਮਿਸਿਜ਼ ਪੰਜਾਬਣ’ ਦਾ ਤਾਜ
ਮੋਹਾਲੀ, 25 ਜੁਲਾਈ ,ਬੋਲੇ ਪੰਜਾਬ ਬਿਊਰੋ;
“ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਰਿਸ਼ਤਿਆਂ ਅਤੇ ਪੰਜਾਬੀ ਸੱਭਿਆਚਾਰ ਦਾ ਜਸ਼ਨ ਹਨ। ਸਾਨੂੰ ਆਪਣੇ ਤਿਉਹਾਰਾਂ ਅਤੇ ਵਿਰਸੇ ਨੂੰ ਸੰਭਾਲਦੇ ਹੋਏ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ। ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।” ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਪ੍ਰੇਰਨਾ ਸਦਕਾ ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਵੱਲੋਂ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਕਾਲਜ ਵਿਖੇ ਕਰਵਾਏ ਗਏ 9ਵੇਂ “ਮੇਲਾ ਤੀਆਂ ਦਾ” ਵਿੱਚ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਤੀਆਂ ਵਰਗੇ ਤਿਉਹਾਰ ਪਰਿਵਾਰਾਂ ਵਿੱਚ ਪਿਆਰ, ਸਾਂਝ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਸਮਾਗਮ ਵਿੱਚ ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਵਿਧਾਇਕ ਕੁਲਵੰਤ ਸਿੰਘ ਦੇ ਪਰਿਵਾਰ ਵਿੱਚੋਂ ਮੈਡਮ ਖੁਸ਼ਬੂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਕਪਿਲ ਸ਼ਰਮਾ (ਡਾਇਰੈਕਟਰ, ਵਾਈਬੀਟੀਸੀ), ਸਿਮਰਨਜੀਤ ਸਿੰਘ ਲਾਲੀ (ਖਰੜ), ਮਹਿੰਦਰ ਪਾਲ ਸਿੰਘ (ਮੈਨੇਜਿੰਗ ਡਾਇਰੈਕਟਰ, ਪ੍ਰਚਾਰ ਮੀਡੀਆ), ਸ਼ੁਭਾਸ਼ ਗੋਇਲ (ਮੈਨੇਜਿੰਗ ਡਾਇਰੈਕਟਰ, ਵਰਦਾਨ ਆਯੁਰਵੇਦਾ) ਸਮੇਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਲਗਭਗ 700 ਤੋਂ ਵੱਧ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸ਼ਿਰਕਤ ਕਰਕੇ ਤੀਆਂ ਦੇ ਮੇਲੇ ਨੂੰ ਯਾਦਗਾਰ ਬਣਾ ਦਿੱਤਾ। ਗਿੱਧਾ, ਬੋਲੀਆਂ, ਝੂਲੇ, ਮਹਿੰਦੀ, ਫੁਲਕਾਰੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਮੇਲੇ ਦੀ ਵਿਸ਼ੇਸ਼ ਖਿੱਚ ਪ੍ਰਸਿੱਧ ਪੰਜਾਬੀ ਗਾਇਕਾ ਆਰ. ਦੀਪ ਰਮਨ ਦਾ ਸੱਭਿਆਚਾਰਕ ਅਖਾੜਾ ਰਿਹਾ, ਜਿਨ੍ਹਾਂ ਆਪਣੇ ਲੋਕ-ਗੀਤਾਂ ਨਾਲ ਸਮੁੱਚੇ ਪੰਡਾਲ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਮਹਿਲਾਵਾਂ ਨੇ ਖੂਬ ਗਿੱਧਾ ਪਾ ਕੇ ਤੀਆਂ ਦੀਆਂ ਖੁਸ਼ੀਆਂ ਦਾ ਆਨੰਦ ਮਾਣਿਆ।
ਇਸ ਮੌਕੇ ਕਰਵਾਏ ਗਏ ‘ਮਿਸਿਜ਼ ਤੀਜ’ ਅਤੇ ‘ਮਿਸਿਜ਼ ਪੰਜਾਬਣ’ ਮੁਕਾਬਲਿਆਂ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਨਰਿੰਦਰ ਕੌਰ ਨੂੰ ‘ਮਿਸਿਜ਼ ਤੀਜ’ ਅਤੇ ਸੁਰਿੰਦਰ ਕੌਰ, ਰਿਟਾਇਰਡ ਸੁਪਰਡੈਂਟ ਗ੍ਰੇਡ-1 (ਪੀਐਨਆਰਸੀ), ਪੰਜਾਬ ਨੂੰ ‘ਮਿਸਿਜ਼ ਪੰਜਾਬਣ’ ਦੇ ਤਾਜ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਤਾਜ, ਸਨਮਾਨ ਚਿੰਨ੍ਹ ਅਤੇ ਆਕਰਸ਼ਕ ਇਨਾਮ ਭੇਟ ਕੀਤੇ ਗਏ। ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਮਹਿਲਾਵਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਮਹਿਲਾ ਸਸ਼ਕਤੀਕਰਨ, ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਸਮਾਜਿਕ ਜਾਗਰੂਕਤਾ ਲਈ ਲਗਾਤਾਰ ਕੰਮ ਕਰਦਾ ਰਹੇਗਾ। ਉਨ੍ਹਾਂ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਕਪਿਲ ਸ਼ਰਮਾ, ਸਿਮਰਨਜੀਤ ਸਿੰਘ ਲਾਲੀ, ਮਹਿੰਦਰ ਪਾਲ ਸਿੰਘ ਅਤੇ ਸ਼ੁਭਾਸ਼ ਗੋਇਲ ਦਾ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਮੁੱਚਾ 9ਵਾਂ “ਮੇਲਾ ਤੀਆਂ ਦਾ” ਪੰਜਾਬੀ ਵਿਰਸੇ, ਨਾਰੀ ਸਸ਼ਕਤੀਕਰਨ ਅਤੇ ਭੈਣਚਾਰੇ ਦਾ ਸ਼ਾਨਦਾਰ ਜਸ਼ਨ ਬਣ ਕੇ ਯਾਦਗਾਰ ਹੋ ਨਿੱਬੜਿਆ।












