ਜੇਲ੍ਹ ’ਚ ਹਵਾਲਾਤੀ ’ਤੇ ਗਰਮ ਤਰਲ ਪਦਾਰਥ ਸੁੱਟਿਆ

ਪੰਜਾਬ

ਪਠਾਨਕੋਟ 26 ਜੁਲਾਈ ,ਬੋਲੇ ਪੰਜਾਬ ਬਿਊਰੋ;

ਇਥੋਂ ਦੀ ਸਬ-ਜੇਲ੍ਹ ਵਿੱਚ ਹਵਾਲਾਤੀ ਵੱਲੋਂ ਤਰਲ ਪਦਾਰਥ ਸੁੱਟਣ ਕਾਰਨ ਦੂਜਾ ਹਵਾਲਾਤੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਜੇਲ੍ਹ ਅਧਿਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਥਾਣਾ ਡਿਵੀਜ਼ਨ ਨੰਬਰ 2 ਨੂੰ ਜੇਲ੍ਹ ਵਾਰਡਨ ਗੁਲਸ਼ਨ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਖਾਣਾ ਬਣਾਉਂਦੇ ਸਮੇਂ ਹਵਾਲਾਤੀ ਗੁਰਵਿੰਦਰ ਸਿੰਘ ਉਰਫ਼ ਸਾਬ ਵਾਸੀ ਸੁੰਦਰ ਨਗਰ ਪਠਾਨਕੋਟ ਨੇ ਕਿਸੇ ਗੱਲੋਂ ਤਕਰਾਰ ਮਗਰੋਂ ਦੂਜੇ ਹਵਾਲਾਤੀ ਸ਼ੁਭਮ ’ਤੇ ਕੋਈ ਗਰਮ ਤਰਲ ਪਦਾਰਥ ਸੁੱਟ ਦਿੱਤਾ।

ਇਸ ਦੌਰਾਨ ਸ਼ੁਭਮ ਬੁਰੀ ਤਰ੍ਹਾਂ ਝੁਲਸ ਗਿਆ। ਸ਼ੁਭਮ ਨੂੰ ਸਿਵਲ ਹਸਪਤਾਲ ਪਠਾਨਕੋਟ ਲਿਜਾਇਆ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਪੁਨੀਤ ਗਿੱਲ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਦੱਸਿਆ ਕਿ ਹਵਾਲਾਤੀ ਦਾ ਸਰੀਰ 50 ਫ਼ੀਸਦੀ ਤੋਂ ਵੱਧ ਝੁਲਸ ਚੁੱਕਾ ਹੈ। ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਇਸ ਘਟਨਾ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜੇਲ੍ਹ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਹਵਾਲਾਤੀ ਨੇ ਦੂਜੇ ਉਪਰ ਇਸ ਤਰ੍ਹਾਂ ਕਿਵੇਂ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਹਮਲਾਵਰ ਹਵਾਲਾਤੀ ਗੁਰਵਿੰਦਰ ਸਿੰਘ ਉਰਫ਼ ਸਾਬ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।