ਬੁਢਲਾਡਾ 28 ਜੁਲਾਈ,ਬੋਲੇ ਪੰਜਾਬ ਬਿਊਰੋ;
ਦਿੱਲੀ ਵਿਖੇ ਜੰਤਰ ਮੰਤਰ ਤੇ ਵਿਦਿਆਰਥੀ ਨੌਜਵਾਨਾਂ ਦੀ ਹੋਈ ਇਤਿਹਾਸਿਕ ਜਿੱਤ ਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ ਬੁੱਢਲਾਡਾ ਵਿਖੇ ਇੱਕ ਭਰਵੀਂ ਮੀਟਿੰਗ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਸੂਬਾ ਇੰਚਾਰਜ ਹੈਪੀ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਇਹ ਹਾਲਾਤ ਬਣਦੇ ਜਾ ਰਹੇ ਨੇ ਕਿ ਸਾਡੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਾਕਮ ਜਮਾਤ ਦੇ ਨੁਮਾਇੰਦੇ (ਪਰਜੀਵੀ) ਕਾਕਰੋਚ ਪਰਖ਼ ਰਹੇ ਹਨ। ਫਾਸ਼ੀਵਾਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਧੁੱਤ ਹੋਈ ਹਰ ਵਰਗ ਤੇ ਤਸ਼ੱਦਦ ਢਾਹ ਰਹੀ ਹੈ ਅਤੇ ਵਿਦਿਆਰਥੀ-ਨੌਜਵਾਨਾਂ ਦੀ ਏਕਤਾ ਨੇਂ ਮੋਦੀ ਸਰਕਾਰ ਦੀ ਧੌਣ ਵਿੱਚੋਂ ਹੰਕਾਰ ਦਾ ਕਿੱਲਾ ਕੱਢ ਕੇ ਸਾਹ ਲਿਆ । ਉਹਨਾਂ ਨੇ ਵਿਦਿਆਰਥੀ-ਨੌਜਵਾਨਾਂ ਨੂੰ ”ਨਸ਼ੇ ਨਹੀਂ ਰੁਜ਼ਗਾਰ ਦਿਓ”ਮੁਹਿੰਮ ਦੇ ਤਹਿਤ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਠਿੰਡਾ ਵਿਖੇ ਟੀਚਰਜ਼ ਹੋਮ ਵਿੱਚ,ਪੰਜਾਬ ਦੀਆਂ ਚਾਰ ਨੋਜਵਾਨ ਵਿਦਿਆਰਥੀ ਜਥੇਬੰਦੀਆਂ ,, ਇਨਕਲਾਬੀ ਨੌਜਵਾਨ ਸਭਾ,, ਸ਼ਹੀਦ ਭਗਤ ਨੌਜਵਾਨ ਸਭਾ,,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ,( ਆਇਸਾ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਸਾਂਝੀ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ। ਇਸ ਮੌਕੇ ਸੀ ਪੀ ਆਈ ( ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇਂ ਕਿਹਾ ਕਿ ਜਿਸ ਤਰੀਕੇ ਨਾਲ ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਹੀ ਲੋਕ ਮਾਰੂ ਨੀਤੀਆਂ ਤੇ ਪੰਜਾਬ ਸਰਕਾਰ ਲੱਗੀ ਹੋਈ। ਜਿਹੜਾ ਹਰਾ ਪੈੱਨ ਮੁੱਖ ਮੰਤਰੀ ਪੰਜਾਬ ਨੇ ਚੁੱਕਿਆ ਸੀ,ਉਹ ਨਾਂ ਤਾਂ ਕਿਸਾਨਾਂ ਦੇ ਹੱਕ ਵਿਚ ਚੱਲਿਆ,ਨਾਂ ਮਜ਼ਦੂਰ ਜਮਾਤ ਦੇ ਹੱਕ ਵਿਚ ਚੱਲਿਆ, ਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਚੱਲਿਆ ਅਤੇ ਨਾਂ ਹੀ ਸਾਡੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹੱਕ ਵਿੱਚ ਚੱਲਿਆ। ਇਹ ਹਰਾ ਪੈੱਨ ਸਿਰਫ਼ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਚੱਲਦਾ ਹੈ। ਜਦੋਂ ਤੱਕ ਸਰਮਾਏਦਾਰ ਜਮਾਤ ਸੱਤਾ ਤੇ ਕਾਬਜ਼ ਰਹੂ ਉਨ੍ਹਾਂ ਸਮਾਂ ਸਾਡੇ ਹੇਠਲੇ ਵਰਗ ਦਾ ਕਦੇ ਭਲਾ ਨਹੀਂ ਹੋਣ ਵਾਲਾ ਅਤੇ ਜਦੋਂ ਤੱਕ ਸਾਡਾ ਕਿਸਾਨ, ਮਜ਼ਦੂਰ,ਛੋਟਾ ਦੁਕਾਨਦਾਰ, ਅਤੇ ਛੋਟਾ ਵਪਾਰੀ ਤਪਕਾ ਇਕੱਠਾ ਨਹੀਂ ਹੁੰਦਾ,ਤਦ ਤੱਕ ਸਾਡੇ ਹਾਲਾਤ ਕਦੇ ਵੀ ਬੇਹਤਰ ਨਹੀਂ ਹੋ ਸਕਦੇ। ਜੇ ਇਹਨਾਂ ਲੋਕ ਮਾਰੂ ਨੀਤੀਆ ਦਾ ਖ਼ਾਤਮਾ ਚਾਹੁੰਦੇ ਹੋ ਤਾਂ ਸਭ ਨੂੰ ਇੱਕ ਹੋਣਾ ਪਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ,ਇਨਕਲਾਬੀ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਮਲਕੀਤ ਅਹਿਮਦਪੁਰ ਤੇ ਪੱਲੇਦਾਰ ਯੂਨੀਅਨ ਦੇ ਜਿਲ੍ਹਾ ਆਗੂ ਰੇਸ਼ਮ ਸਿੰਘ ਸੁਰਜੀਤ ਸਿੰਘ ਹਾਜ਼ਰ ਸਨ।












