ਚੰਡੀਗੜ੍ਹ 31 ਜੁਲਾਈ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਰਜਿੰਦਰ ਸਿੰਘ ਧੀਮਾਨ ਦੀ ‘ਇੰਗਲੈਂਡ ਦੀ ਯਾਤਰਾ’ਅੰਗਰੇਜ਼ੀ ਵਿੱਚ ਲਿਖੀ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਮੌਕੇ ਲੇਖਕ ਦੀ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ,ਪੁੱਤਰੀ ਖੁਸ਼ਦੀਪ ਕੌਰ ਤੇ ਹੋਰ ਬਹੁਤ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੇਵਪਾਲ ਜੀ ਨੇ ਕੀਤੀ। ਡਾ. ਦੀਪਕ ਮਨਮੋਹਨ ਸਿੰਘ ਜੀ ਮੁੱਖ ਮਹਿਮਾਨ ਅਤੇ ਡਾ. ਸ਼ਿੰਦਰਪਾਲ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ।
ਪ੍ਰੋਗਰਾਮ ਦਾ ਆਗਾਜ਼ ਗੁਰਦਾਸ ਸਿੰਘ ਦਾਸ ਵੱਲੋਂ ਗਾਏ ਇੱਕ ਧਾਰਮਿਕ ਗੀਤ ਨਾਲ ਹੋਇਆ। ਬਲਵਿੰਦਰ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਮੌਜੋਵਾਲ ਨੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਬਹੁਤ ਖ਼ੂਬਸੂਰਤ ਗੀਤ ਸਰੋਤਿਆਂ ਦੀ ਨਜ਼ਰ ਕੀਤੇ । ਪ੍ਰਧਾਨਗੀ ਭਾਸ਼ਣ ਵਿੱਚ ਪ੍ਰਿੰਸੀਪਲ ਗੁਰਦੇਵਪਾਲ ਕੌਰ ਨੇ ਕਿਹਾ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਸ ਨੂੰ ਮਾਨਣਾ ਚਾਹੀਦਾ ਹੈ। ਉਹਨਾਂ ਬੋਲਦਿਆਂ ਦੱਸਿਆ ਕਿ 65 ਸਾਲ ਪਹਿਲਾਂ ਜੋ ਸੁਪਨਾ ਲੇਖਕ ਨੇ ਵੇਖਿਆ ਸੀ ਉਹ ਹੁਣ ਸਾਕਾਰ ਹੋਇਆ ਹੈ। ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੇਖਕ ਇੱਕ ਵਿਲੱਖਣ ਸ਼ਖਸੀਅਤ ਦਾ ਮਾਲਕ ਹੈ ਅਤੇ ਕਿਹਾ ਕਿ ਇਹ ਉੱਥੇ ਆਪਣੀ ਵਿਰਾਸਤ ਦੇ ਟੋਟੇ ਦੇਖਣ ਗਿਆ ਸੀ ਤੇ ਉਹਨਾਂ ਨਾਲ ਆਪਣੀ ਸਾਂਝ ਪਾ ਕੇ ਆਇਆ ਹੈ।

ਇਸ ਦੇ ਇਲਾਵਾ ਸਰੋਤਿਆਂ ਨਾਲ ਆਪਣੀਆਂ ਯਾਤਰਾਵਾਂ ਦੇ ਤਜਰਬੇ ਵੀ ਸਾਂਝੇ ਕੀਤੇ। ਵਿਸ਼ੇਸ਼ ਮਹਿਮਾਨ ਡਾ. ਸ਼ਿੰਦਰਪਾਲ ਨੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਸਤਿਕਾਰਯੋਗ ਹਨ ਅਤੇ ਸਾਹਿਤ ਨੂੰ ਸਾਹਿਤ ਦੀ ਵਿਧਾ ਦੇ ਅਨੁਸਾਰ ਹੀ ਲਿਖਣਾ ਅਤੇ ਪੜ੍ਹਨਾ ਚਾਹੀਦਾ ਹੈ। ਜਸਵਿੰਦਰ ਸਿੰਘ ਕਾਈਨੌਰ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਸਿਰਫ ਇੱਕ ਸਫ਼ਰਨਾਮਾ ਹੀ ਨਹੀਂ ਸਗੋਂ ਇਹ ਪਰਿਵਾਰਕ ਸਾਂਝ,ਇਤਿਹਾਸ,ਰਿਸ਼ਤਿਆਂ ਦੀ ਮਿਠਾਸ ਅਤੇ ਲਗਨ ਦਾ ਅਨੁਭਵ ਹੈ।ਉਨ੍ਹਾਂ ਕਿਹਾ ਕਿ ਇਹ ਕਿਤਾਬ ਪਾਠਕਾਂ ਨੂੰ ਪੜ੍ਹਨ ਲਈ ਮਜਬੂਰ ਕਰਦੀ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਬੋਲਦਿਆਂ ਆਖਿਆ ਕਿ ਸਫ਼ਰ ਕਰਨਾ ਪੰਜਾਬੀਆਂ ਦੀ ਵਿਰਾਸਤ ਹੈ ਅਤੇ ਦੱਸਿਆ ਕਿ ਲੇਖਕ ਨੇ ਇਸ ਕਿਤਾਬ ਵਿੱਚ ਆਪਣੀ ਯਾਤਰਾ ਦਾ ਵਰਨਣ ਬਹੁਤ ਦਿਲਚਸਪ ਢੰਗ ਨਾਲ ਕੀਤਾ ਹੈ।
ਦਲਬੀਰ ਸਿੰਘ ਸਰੋਆ ਨੇ ਦੱਸਿਆ ਕਿ ਲੇਖਕ ਨੇ ਲੰਡਨ ਦੇ ਕਾਨੂੰਨ ਅਤੇ ਅਨੁਸ਼ਾਸਨ ਦੇ ਨਾਲ ਨਾਲ ਉੱਥੋਂ ਦੇ ਇਤਿਹਾਸ ਦਾ ਬਹੁਤ ਹੀ ਬਾਰੀਕੀ ਨਾਲ਼ ਚਿਤਰਨ ਕੀਤਾ ਹੈ ਅਤੇ ਇਸ ਵਿੱਚ ਬਹੁਤ ਕੁਝ ਸਮਝਣ ਯੋਗ ਹੈ।
ਅੰਤ ਵਿੱਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਸੁਚੱਜੇ ਢੰਗ ਨਾਲ ਕੀਤਾ। ਸਰਬਜੀਤ ਸਿੰਘ ਪੱਡਾ ਅਤੇ ਪਰਲਾਦ ਸਿੰਘ ਨੇ ਸਾਰੇ ਪ੍ਰੋਗਰਾਮ ਦੀਆਂ ਤਸਵੀਰਾਂ ਖਿੱਚ ਕੇ ਵਧੀਆ ਕਵਰੇਜ ਕੀਤੀ । ਡਾ. ਸਵੈਰਾਜ ਸੰਧੂ,ਬਲਕਾਰ ਸਿੱਧੂ,ਬਹਾਦਰ ਸਿੰਘ ਗੋਸਲ, ਸੁਭਾਸ਼ ਭਾਸਕਰ,ਗੁਰਨਾਮ ਕੰਵਰ,ਊਸ਼ਾ ਕੰਵਰ,ਰਾਜਿੰਦਰ ਕੌਰ,ਨਰਿੰਦਰ ਕੌਰ ਲੌਂਗੀਆ, ਨਰਿੰਦਰ ਸਿੰਘ ਦੌੜਕਾ, ਭਗਤ ਰਾਮ ਰੰਗਾੜਾ,ਪਰਮਜੀਤ ਕੌਰ ਪਰਮ,ਭਰਪੂਰ ਸਿੰਘ,ਲਾਭ ਸਿੰਘ ਲਹਿਲੀ,ਸਵਰਨਜੀਤ ਸਿੰਘ ਜੀਤ,ਪਿਆਰਾ ਸਿੰਘ ਰਾਹੀ, ਅੰਤਰਰਾਸ਼ਟਰੀ ਪੱਤਰਕਾਰ ਅਜਾਇਬ ਸਿੰਘ ਔਜਲਾ,ਰਜਿੰਦਰ ਰੇਨੂੰ,ਚਰਨਜੀਤ ਬਾਠ,ਬਲਜੀਤ ਕੌਰ ਬੁੱਟਰ ਢਿੱਲੋਂ ,ਰਾਜਵਿੰਦਰ ਸਿੰਘ ਗੱਡੂ,ਹਰਜੀਤ ਸਿੰਘ , ਦਰਸ਼ਨ ਤਿਉਣਾ,ਮੰਦਰ ਗਿੱਲ,ਮਲਕੀਤ ਸਿੰਘ ਨਾਗਰਾ,ਰਤਨ ਬਾਬਕਵਾਲਾ,ਗੁਰਮਨ ਸੈਣੀ,ਬਲਜਿੰਦਰ ਕੌਰ ਸ਼ੇਰਗਿੱਲ,ਜਰਨੈਲ ਸਿੰਘ,ਤਰਸੇਮ ਸਿੰਘ ਕਾਲੇਆਲ ਤੋਂ ਇਲਾਵਾ ਲੱਗਭੱਗ ਅੱਸੀ (80) ਸਾਹਿਤਕਾਰ ਨੇ ਸ਼ਿਰਕਤ ਕੀਤੀ।












