ਰਾਜਾ ਵੜਿੰਗ ਆਪਣਾ ਘਰ ਸੰਭਾਲਣ, ‘ਆਪ’ ’ਤੇ ਦੋਸ਼ ਲਗਾਉਣੇ ਬੰਦ ਕਰਨ: ਬਲਤੇਜ ਪੰਨੂ
ਚੰਡੀਗੜ੍ਹ 2 ਅਗਸਤ ,ਬੋਲੇ ਪੰਜਾਬ ਬਿਊਰੋ;
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਲੰਘੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੰਗਰੂਰ ਵਿੱਚ ਵਾਪਰੀ ਘਟਨਾ ਲਈ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਉਣ ਨੂੰ ਲੈ ਕੇ ਅੱਜ ਮੋੜਵਾਂ ਜਵਾਬ ਦਿੱਤਾ ਹੈ। ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਆਪਣਾ ਘਰ ਸੰਭਾਲਣ, ਉਹ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਉਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮਾਂ ’ਤੇ ਆਧਾਰਿਤ ਰਾਜਨੀਤੀ ਕਰਦੀ ਹੈ, ਕਾਂਗਰਸੀਆਂ ਵਾਂਗ ਅਹੁਦਿਆਂ ਪਿੱਛੇ ਲੜਾਈ ਨਹੀਂ ਕਰਦੀ। ਪੰਨੂ ਨੇ ਕਿਹਾ ਕਿ “ਕਾਂਗਰਸ ਦੇ ਬੂਥ, ਹਰ ਜਗ੍ਹਾ ਝੂਠ” ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ, “ਰਾਜਾ ਵੜਿੰਗ ਜੀ, ਜਦੋਂ ਆਪਣੇ ਹੀ ਸਮਾਗਮ ’ਚ ਤੁਹਾਡੇ ਸਾਹਮਣੇ ‘ਚੰਨੀ’ ਦੇ ਨਾਅਰੇ ਲੱਗਣ, ਤਾਂ ਕਸੂਰ ਤੁਹਾਡੀ ‘ਫੁੱਟ’ ਦਾ ਹੈ, ‘ਆਮ ਆਦਮੀ ਪਾਰਟੀ’ ਦਾ ਨਹੀਂ।”ਉਨ੍ਹਾਂ ਅੱਗੇ ਕਿਹਾ, “ਜਿਨ੍ਹਾਂ ਤੋਂ ਆਪਣੇ 4 ਬੰਦੇ ਨਹੀਂ ਸਾਂਭੇ ਜਾਂਦੇ, ਉਹ 40-45 MLA ਤੋੜਨ ਦੀਆਂ ਫੋਕੀਆਂ ਫੜ੍ਹਾਂ ਮਾਰ ਰਹੇ ਨੇ! ਨੱਚ ਨਾ ਜਾਣੇ, ਆਂਗਣ ਟੇਢਾ।”












