ਨਵੀ ਦਿੱਲੀ, 2 ਅਗਸਤ ,ਬੋਲੇ ਪੰਜਾਬ ਬਿਊਰੋ;
ਰਾਜਧਾਨੀ ਦਿੱਲੀ ਵਿੱਚ ਪੱਪੂ ਯਾਦਵ ਦੀ ਪ੍ਰੈੱਸ ਕਾਨਫਰੰਸ ਦੌਰਾਨ ਭਾਰੀ ਹੰਗਾਮਾ ਹੋਇਆ। ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ‘ਤੇ ਉਹਨਾਂ ਦੇ ਦਿੱਲੀ ਸਥਿਤ ਨਿਵਾਸ ‘ਤੇ ਐਤਵਾਰ ਸ਼ਾਮ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ। ਪੱਪੂ ਯਾਦਵ ਪ੍ਰੈੱਸ ਕਾਨਫਰੰਸ ਕਰ ਰਹੇ ਸਨ, ਇਸੇ ਦੌਰਾਨ ਇੱਕ ਆਦਮੀ ਨੇ ਉਹਨਾਂ ‘ਤੇ ਚੱਪਲ ਸੁੱਟ ਦਿੱਤੀ। ਇਸ ਤੋਂ ਬਾਅਦ ਪੱਪੂ ਦੇ ਸਮਰਥਕਾਂ ਨੇ ਉਸ ਨਾਲ ਕੁੱਟਮਾਰ ਕੀਤੀ।
ਪੱਪੂ ਨੇ ਦੋਸ਼ ਲਗਾਇਆ ਕਿ ਇੱਕ ਨੌਜਵਾਨ ਨੇ ਚਾਕੂ ਲੈ ਕੇ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਪੱਪੂ ਯਾਦਵ ਨੇ ਦਾਅਵਾ ਕੀਤਾ, ‘ਮੇਰੇ ਘਰ ਵਿੱਚ ਵੜ ਕੇ ਕਿਸੇ ਨੇ ਹਮਲਾ ਕੀਤਾ। ਕੀ ਹੁਣ ਲੋਕ ਸਾਨੂੰ ਮਿਲਣ ਵੀ ਨਹੀਂ ਆ ਸਕਦੇ? ਚਾਕੂ ਲੈ ਕੇ ਮਾਰਨ ਆਇਆ ਸੀ। ਬਾਬਾ ਰੋਜ਼ ਕਹਿ ਰਹੇ ਹਨ ਕਿ ਮੈਨੂੰ ਮਾਰ ਦਿਓ, ਜਲਾ ਦਿਓ, ਅਸੀਂ 51 ਲੱਖ ਰੁਪਏ ਦੇਵਾਂਗੇ। ਅਸੀਂ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ, ਪਰ ਮੈਂ ਬਚ ਗਿਆ।’
ਪੱਪੂ ਯਾਦਵ ਨੇ ਕਿਹਾ ਕਿ “ਮੈਂ ਪਹਿਲਾਂ ਹੀ ਕਈ ਐੱਫ.ਆਈ.ਆਰ. ਦਰਜ ਕਰਵਾਈਆਂ ਹਨ। ਮੇਰੇ ਵਕੀਲ ਵੀ ਇੱਥੇ ਮੌਜੂਦ ਹਨ। ਮੈਂ ਡਰਾਂਗਾ ਨਹੀਂ। ਜੇਕਰ ਕੋਈ ਮੈਨੂੰ ਮਾਰਨਾ ਚਾਹੁੰਦਾ ਹੈ, ਤਾਂ ਮਾਰ ਦੇਵੇ।” ਦੱਸ ਦਈਏ ਕਿ ਹਮਲਾਵਰ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।












