ਜਦੋਂ ਸੰਸਦ ਆਵਾਰਾ ਹੋ ਜਾਵੇ ਤਾਂ……!

ਸਾਹਿਤ

ਜਦੋਂ ਸੰਸਦ ਆਵਾਰਾ ਹੋ ਜਾਵੇ ਤਾਂ……!

ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਵੀ ਦਰਬਾਰ ਦੌਰਾਨ ਰਾਹਤ ਇੰਦੌਰੀ ਨੇ ਆਪਣੀ ਗ਼ਜ਼ਲ ਪੜ੍ਹਦਿਆਂ ਕਿਹਾ ਸੀ ਕਿ” ਸਰਕਾਰ ਚੋਰ ਹੈ।” ਦੂਜੇ ਦਿਨ ਉਹਨਾਂ ਦੇ ਘਰ ਪੁਲਿਸ ਆ ਗਈ। ਉਹਨਾਂ ਕਿਹਾ ਕਿ ” ਤੁਸੀਂ ਕਿਹਾ ਕਿ ਸਰਕਾਰ ਚੋਰ ਹੈ?”
ਤਾਂ ਰਾਹਤ ਇੰਦੌਰੀ ਨੇ ਕਿਹਾ ਕਿ “ਮੈਂ ਤਾਂ ਇਹ ਤਾਂ ਕਿਹਾ ਕਿ ਕਿਸ ਦੇਸ਼ ਦੀ ਸਰਕਾਰ ਚੋਰ ਹੈ, ਪਾਕਿਸਤਾਨ ਦੀ, ਨੇਪਾਲ ਦੀ। “ਤਾਂ ਪੁਲਿਸ ਅਫ਼ਸਰ ਨੇ ਹੱਸਦਿਆਂ ਹੋਇਆਂ ਕਿਹਾ ਕਿ “ਸਾਨੂੰ ਨਹੀਂ ਪਤਾ ਕਿਹੜੇ ਦੇਸ਼ ਦੀ ਸਰਕਾਰ ਚੋਰ ਹੈ।”
ਇਸੇ ਤਰ੍ਹਾਂ ਪ੍ਰਸਿੱਧ ਕਾਮਰੇਡ ਲੈਨਿਨ ਨੇ ਕਿਹਾ ਸੀ, ਸੰਸਦ ਆਵਾਰਾ ਸੂਰਾਂ ਦਾ ਵਾੜਾ ਹੈ। ਭਾਰਤ ਦੇ ਨਾਮਵਰ ਸਿਆਸਤਦਾਨ ਰਾਮ ਕ੍ਰਿਸ਼ਨ ਲੋਹੀਆ ਨੇ ਕਿਹਾ ਸੀ ਕਿ ਜਦੋਂ ਸੰਸਦ ਆਵਾਰਾ ਹੋ ਜਾਵੇ ਤਾਂ ਲੋਕ ਸੜਕਾਂ ਉਪਰ ਆਉਂਦੇ ਹਨ। ਦੇਸ਼ ਵਿੱਚ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ। ਸੰਸਦ ਭਵਨ ਆਵਾਰਾ ਹੋ ਗਈ ਹੈ। ਵਿਰੋਧੀ ਧਿਰ ਸਰਕਾਰ ਨੂੰ ਸਵਾਲ ਕਰਦੀ ਹੈ। ਲੋਕ ਸਭਾ ਦੇ ਸਪੀਕਰ ਪੱਖਪਾਤ ਕਰਦੇ ਹੋਏ ਪੰਜ ਮਿੰਟ ਵਿੱਚ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਕੇ ਚਲੇ ਜਾਂਦੇ ਹਨ। ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿਚੋਂ ਗਾਇਬ ਹਨ। ਦੇਸ਼ ਵਿੱਚ ਭਾਜਪਾ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਵੀਹ ਜੁਲਾਈ ਨੂੰ ਜਿਸ ਤਰ੍ਹਾਂ ਭਾਰਤ ਦੇ ਨੌਜਵਾਨਾਂ ਉਪਰ ਪੁਲਿਸ ਨੇ ਅੰਨ੍ਹੇਵਾਹ ਫਾਇਰਿੰਗ ਤੇ ਲਾਠੀਚਾਰਜ ਕੀਤਾ। ਉਸਦੀ ਜਵਾਬਦੇਹੀ ਦੇਸ਼ ਦੇ ਲੋਕ ਮੰਗਦੇ ਹਨ। ਭਾਵੇਂ ਕੱਲ੍ਹ ਸੰਸਦ ਭਵਨ ਵਿੱਚ ਇੱਕ ਮੰਤਰੀ ਨੇ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਲਾਠੀਚਾਰਜ ਤੇ ਫਾਇਰਿੰਗ ਦਾ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਦੇਂਦਾ ਹੈ ਨਾ ਕਿ ਕੇਂਦਰੀ ਗ੍ਰਹਿ ਮੰਤਰੀ। ਪਰ ਉਹਨਾਂ ਦੇ ਇਸ ਬਿਆਨ ਤੋਂ ਵਿਰੋਧੀ ਧਿਰ ਖ਼ੁਸ਼ ਨਹੀਂ।
ਇਸ ਤਰ੍ਹਾਂ ਦਾ ਹਾਲ ਬੀਤੇ ਦਿਨ ਵਿਧਾਨ ਸਭਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਰੋਧੀ ਧਿਰ ਅਸਤੀਫ਼ਾ ਮੰਗ ਰਹੀ ਹੈ। ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਹੁਣ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਤੱਕ ਪੁੱਜ ਗਈ ਹੈ। ਭਾਜਪਾ ਦੇ ਰੱਥ ਨੂੰ ਲੋਕਾਂ ਨੇ ਰੋਕਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਲੰਕਾ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਬਿਹਾਰ ਵਿਧਾਨ ਸਭਾ ਦੀ ਉਪ ਚੋਣ ਬਾਕੀ ਪੁਰ ਤੇ ਦਤੀਆ ਸੀਟ ਜਿਹੜੀ ਭਾਜਪਾ ਦੇ ਕਬਜ਼ੇ ਵਿੱਚ ਸੀ, ਉਹ ਦੋਵੇਂ ਸੀਟਾਂ ਤੋਂ ਹਾਰ ਗਈ ਹੈ। ਭਾਜਪਾ ਲਈ ਇਹ ਹਾਰ ਬਹੁਤ ਨਿਮੋਸ਼ੀ ਵਾਲੀ ਹੈ। ਇਹ ਸੀਟਾਂ ਵਿਦਿਆਰਥੀਆਂ ਦੇ ਜਨ ਅੰਦੋਲਨ ਤੋਂ ਬਾਅਦ ਹਾਰਨਾਂ ਭਾਜਪਾ ਲਈ ਵੱਡਾ ਝਟਕਾ ਹੈ। ਦੇਸ਼ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਅਗਲੇ ਸਾਲ ਪੰਜਾਬ ਸਮੇਤ ਪੰਜ ਵਿਧਾਨ ਸਭਾ ਚੋਣਾਂ ਹਨ। ਭਾਜਪਾ ਹੁਣ ਪੰਜਾਬ ਉਪਰ ਕਬਜ਼ਾ ਕਰਨ ਲਈ ਨਵੇਂ ਨਵੇਂ ਤਰੀਕੇ ਤੇ ਹੱਥਕੰਡੇ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਲਿਤ ਭਾਈਚਾਰੇ ਦੀਆਂ ਵੋਟਾਂ ਹਥਿਆਉਣ ਲਈ ਕਲਸ਼ ਯਾਤਰਾ ਕੱਢੀ। ਭਾਜਪਾ ਹਰ ਰਾਜ ਧਰਮ ਨੂੰ ਅੱਗੇ ਲਾ ਕੇ ਚੋਣਾਂ ਲੜਦੀ ਹੈ। ਹੁਣ ਜਿਸ ਤਰ੍ਹਾਂ ਭਾਜਪਾ ਸਰਕਾਰ ਦੇ ਵਿਰੁੱਧ ਨੌਜਵਾਨ ਪੀੜ੍ਹੀ ਉਠੀ ਹੈ ਉਹ ਸਰਕਾਰ ਦਾ ਤਖ਼ਤਾ ਪਲਟਣ ਵਿੱਚ ਵੀ ਕਾਮਯਾਬ ਹੋ ਸਕਦੀ ਹੈ। ਵਿਦਿਆਰਥੀ ਆਗੂ ਤੇ ਕਾਂਗਰਸ ਦੀ ਆਪਸ ਵਿੱਚ ਸੁਰ ਰਲ਼ ਗਈ। ਕਾਂਗਰਸ ਹਾਈਕਮਾਂਡ ਭਾਜਪਾ ਨੂੰ ਦੋਹਾਂ ਸਦਨਾਂ ਵਿਚ ਘੇਰ ਰਹੀ ਹੈ ਤੇ ਵਿਦਿਆਰਥੀ ਵਰਗ ਉਹਨਾਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਘੇਰ ਰਿਹਾ ਹੈ। ਦੂਜੇ ਪਾਸੇ ਦੇਸ਼ ਆਰਥਿਕ ਮੰਦਹਾਲੀ ਦਾ ਦੌਰ ਚੱਲ ਰਿਹਾ ਹੈ। ਮਹਿਗਾਈ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ। ਪੰਜਾਬ ਦੇ ਅੰਦਰ ਅਜੇ ਭਾਜਪਾ ਸਰਕਾਰ ਦੇ ਵਿਰੁੱਧ ਜਨ ਅੰਦੋਲਨ ਉਠਿਆ ਨਹੀਂ। ਭਾਵੇਂ ਕਿਸਾਨ ਜਥੇਬੰਦੀਆਂ ਨੇ ਅਗਲੇ ਦਿਨਾਂ ਵਿੱਚ ਭਾਜਪਾ ਸਰਕਾਰ ਦੇ ਵਿਰੁੱਧ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤਰ੍ਹਾਂ ਦੇ ਹਾਲਾਤ ਦੇਸ਼ ਵਿੱਚ ਬਣ ਰਹੇ ਹਨ। ਉਸ ਤੋਂ ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਭਵਿੱਖ ਵਿੱਚ ਕੁੱਝ ਵੀ ਹੋ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਕਿ ਭਾਜਪਾ ਦੇਸ਼ ਵਿੱਚ ਨੋਟ ਬੰਦੀ ਵਰਗਾ ਕੋਈ ਹਥਿਆਰ ਵਰਤ ਕੇ ਦੇਸ਼ ਲੋਕਾਂ ਦਾ ਧਿਆਨ ਬਦਲ ਸਕਦੀ ਹੈ। ਹੁਣ ਇਹ ਕਹਿ ਸਕਦੇ ਹਾਂ ਕਿ ਜਦੋਂ ਸੰਸਦ ਆਵਾਰਾ ਹੋ ਜਾਵੇ, ਤਾਂ ਲੋਕ ਸੜਕਾਂ ਉਪਰ ਆਉਂਦੇ ਹਨ। ਕਿਉਂਕਿ ਜਿਵੇਂ ਆਵਾਰਾ ਪਸ਼ੂਆਂ ਤੇ ਕੁੱਤਿਆਂ ਵਲੋਂ ਫਸਲਾਂ ਤੇ ਲੋਕਾਂ ਦਾ ਨੁਕਸਾਨ ਕੀਤਾ ਜਾਂਦਾ ਤਾਂ ਲੋਕ ਉਹਨਾਂ ਨੂੰ ਸਬਕ਼ ਸਿਖਾਉਣ ਦੀ ਕਸਰ ਨਹੀਂ ਛੱਡਦੇ। ਹੁਣ ਬਹੁਤ ਕੁੱਝ ਆਵਾਰਾ ਹੋ ਗਿਆ ਹੈ। ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਵਿਦਿਆਰਥੀ ਅੰਦੋਲਨ ਨੇ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਜ਼ਮੀਰ ਜਗਾਉਣ ਦੀ ਲੋੜ। ਕਿਉਂਕਿ ਦੇਸ਼ ਪੰਜਾਬ ਵੱਲ ਦੇਖ ਰਿਹਾ ਹੈ, ਪੰਜਾਬ ਪਤਾ ਨਹੀਂ ਕਿਹੜੇ ਘੋੜੇ ਵੇਚ ਕੇ ਸੁੱਤਾ ਹੋਇਆ ਹੈ?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।