ਨਵੀਂ ਦਿੱਲੀ, 6 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ੍ਰੀ ਨੂੰ ਕਨਫੈਡਰੇਸ਼ਨ ਆਫ ਇੰਡਿਅਨ ਇੰਡਸਟਰੀ (ਸੀਆਈਆਈ) ਦੀ ਵੱਕਾਰੀ ਇੰਟਰਨੈਸ਼ਨਲ ਕੌਂਸਲ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੰਡੀਆ-ਗਲਫ ਕੌਂਸਲ ਅਤੇ ਅਫਰੀਕਾ ਕੌਂਸਲ ਦਾ ਵੀ ਸਹਿ-ਚੇਅਰਮੈਨ ਬਣਾਇਆ ਗਿਆ ਹੈ।ਵਰਤਮਾਨ ਵਿੱਚ ਡਾ. ਸਾਹਨੀ ਬ੍ਰਿਕਸ ਬਿਜ਼ਨਸ ਕੌਂਸਲ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ 10 ਤੋਂ 12 ਸਤੰਬਰ 2026 ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੀ ਬ੍ਰਿਕਸ ਬਿਜ਼ਨਸ ਕੌਂਸਲ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ। ਆਪਣੀ ਨਿਯੁਕਤੀ ‘ਤੇ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਸੀਆਈਆਈ ਅਤੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਦਾ ਉਨ੍ਹਾਂ ‘ਤੇ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਰਤ ਦੇ ਵਿਸ਼ਵ ਪੱਧਰੀ ਆਰਥਿਕ ਅਤੇ ਵਪਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।












