ਮੋਹਾਲੀ ਫੇਸ 6 ਤੋਂ ਚੰਡੀਗੜ੍ਹ ਰੈਲੀ ਵਾਲੀ ਜਗ੍ਹਾ ਤੱਕ ਕੀਤਾ ਗਿਆ ਰੋਸ ਮਾਰਚ
ਮੋਹਾਲੀ, 7 ਅਗਸਤ ,ਬੋਲੇ ਪੰਜਾਬ ਬਿਊਰੋ:
ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਵੱਖ-ਵੱਖ ਜਿਲਿਆਂ ਨਾਲ ਸੰਬੰਧਿਤ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਸੈਕਟਰ 39 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਹੋਣ ਕਾਰਨ ਧਰਨਿਆਂ, ਮੁਜਾਰਿਆਂ, ਰੋਸ ਪ੍ਰਦਰਸ਼ਨਾਂ ਨੂੰ ਰੋਕਣ ਵਾਲਿਆਂ ਨੂੰ ਖੁਦ ਸਰਕਾਰ ਵਿਰੁੱਧ ਹੋਈ ਰੈਲੀ ਦੇ ਵਿੱਚ ਸ਼ਾਮਿਲ ਹੋਣਾ ਪਿਆ। ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰ ਨੇ ਦੱਸਿਆ ਕਿ ਉਹਨਾਂ ਦੀ ਐਸੋਸੀਏਸ਼ਨ ਦੇ ਭਾਰੀ ਗਿਣਤੀ ਮੈਂਬਰਾਂ ਨੇ ਸਵੇਰੇ ਪਹਿਲਾਂ ਗੁਰਦੁਆਰਾ ਸਾਹਿਬ ਫੇਸ ਛੇ ਮੋਹਾਲੀ ਵਿਖੇ ਇਕੱਠ ਕੀਤਾ। ਉਪਰੰਤ ਭਰਵੀਂ ਮੀਟਿੰਗ ਕਰਕੇ ਰੈਲੀ ਵਾਲੀ ਜਗ੍ਹਾ ਤੱਕ ਜ਼ਬਰਦਸਤ ਰੋਸ ਮਾਰਚ ਕੀਤਾ।

ਰੋਸ ਮਾਰਚ ਦੀ ਅਗਵਾਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਡੀਐਸਪੀ ਰਿਟਾਇਰ ਤੇ ਮੀਤ ਪ੍ਰਧਾਨ ਚਰਨ ਸਿੰਘ ਬਾਠ ਡੀਐਸਪੀ ਰਿਟਾਇਰ, ਮਹਿੰਦਰ ਸਿੰਘ ਇੰਸ. ਰਿਟ. ਜਨਰਲ ਸੈਕਟਰੀ ਪੰਜਾਬ ਇਕਾਈ, ਸ਼ਮਸ਼ੇਰ ਸਿੰਘ ਅੰਮ੍ਰਿਤਸਰ, ਪ੍ਰਿਤਪਾਲ ਸਿੰਘ ਸੰਗਰੂਰ, ਗਮਦੂਰ ਸਿੰਘ ਬਰਨਾਲਾ, ਜਗੀਰ ਸਿੰਘ ਰੰਧਾਵਾ ਬਟਾਲਾ, ਵਜ਼ੀਰ ਚੰਦ ਫਾਜ਼ਿਲਕਾ, ਹਰਜਿੰਦਰ ਸਿੰਘ ਧਾਲੀਵਾਲ ਫਰੀਦਕੋਟ, ਜਸਵੀਰ ਸਿੰਘ ਗੁਰਦਾਸਪੁਰ, ਗੋਪਾਲ ਸਿੰਘ ਹੁਸ਼ਿਆਰਪੁਰ, ਜਸਪਾਲ ਸਿੰਘ ਜਗਰਾਵਾਂ, ਭੁਪਿੰਦਰ ਕੌਰ ਮੋਗਾ, ਗੁਰਨਾਮ ਸਿੰਘ ਤਰਨ ਤਾਰਨ, ਬਲਵੀਰ ਸਿੰਘ ਜਲੰਧਰ ਦਿਹਾਤੀ, ਪਰਮਜੀਤ ਸਿੰਘ ਮੋਹਾਲੀ, ਸ਼ਮਸ਼ੇਰ ਸਿੰਘ ਫਤਿਹਗੜ੍ਹ ਸਾਹਿਬ, ਗੁਰਦਿਆਲ ਸਿੰਘ ਪਠਾਨਕੋਟ (ਉਪਰੋਕਤ ਸਾਰੇ ਜ਼ਿਲ੍ਹਾ ਪ੍ਰਧਾਨ) ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਰੋਪੜ, ਮਲੇਰਕੋਟਲਾ, ਬਠਿੰਡਾ ਤੇ ਚੰਡੀਗੜ੍ਹ ਆਦਿ ਜ਼ਿਲਾ ਯੂਨਿਟਾਂ ਤੋਂ ਮੈਂਬਰ ਵੀ ਇਸ ਮਹਾਂ ਰੈਲੀ ਵਿੱਚ ਸ਼ਾਮਿਲ ਹੋਏ। ਰੈਲੀ ਵਿੱਚ ਪੰਜਾਬ ਭਰ ਤੋਂ ਆਏ ਐਸੋਸੀਏਸ਼ਨ ਦੇ ਮੈਂਬਰਾਂ ਲਈ ਜ਼ਿਲ੍ਹਾ ਮੋਹਾਲੀ ਯੂਨਿਟ ਵੱਲੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ, ਪਰਮਜੀਤ ਸਿੰਘ ਮਲਕਪੁਰ, ਮਨਮੋਹਨ ਸਿੰਘ ਕਾਹਲੋ ਤੇ ਦਲਜੀਤ ਸਿੰਘ ਕੈਲੋ ਆਦਿ ਦੀ ਅਗਵਾਈ ਵਿੱਚ ਚਾਹ ਪਾਣੀ ਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।












