17-18 ਅਗਸਤ ਨੂੰ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇ
ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ 16 ਅਗਸਤ ਨੂੰ ਲੁਧਿਆਣਾ – ਸਾਂਝਾ ਫਰੰਟ
ਚੰਡੀਗੜ੍ਹ 11 ਅਗਸਤ ,ਬੋਲੇ ਪੰਜਾਬ ਬਿਊਰੋ;
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਵਰਚੁਅਲ ਮੀਟਿੰਗ ਸਾਂਝਾ ਫਰੰਟ ਤੇ ਕਨਵੀਨਰ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ , ਧਨਵੰਤ ਸਿੰਘ ਭੱਠਲ, ਕਰਮ ਸਿੰਘ ਧਨੋਆ, ਰਣਜੀਤ ਸਿੰਘ ਰਾਣਵਾ, ਜਰਮਨਜੀਤ ਸਿੰਘ, ਕੁਲਵਿੰਦਰ ਸਿੰਘ ਢਿੱਲੋ, ਗਗਨਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਸੈਣੀ, ਅਮਰੀਕ ਸਿੰਘ ਕੰਗ, ਸੁਰਿੰਦਰ ਰਾਮ ਕੁਸਾ, ਕੌ- ਕਨਵੀਨਰਜ਼ ਜਗਦੀਸ਼ ਸਿੰਘ ਚਾਹਲ, ਜਸਵੀਰ ਸਿੰਘ ਤਲਵਾੜਾ, ਅਵਤਾਰ ਸਿੰਘ ਕੈਂਥ, ਰਾਧੇ ਸ਼ਾਮ, ਦਿਗਵਿਜੇ ਪਾਲ ਸ਼ਰਮਾ, ਸੁਰਜੀਤ ਸਿੰਘ ਗਗੜਾ, ਮੈਬਰਾਂ ਕਰਮਜੀਤ ਸਿੰਘ ਬੀਹਲਾ, ਬੋਬਿੰਦਰ ਸਿੰਘ ਅਤੇ ਸ਼ਿਵ ਕੁਮਾਰ ਤਿਵਾੜੀ ਨੇ ਆਖਿਆ ਕਿ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਇਕ ਸੋਗ ਮਤੇ ਰਾਹੀਂ ਪੈਨਸ਼ਨਰ ਸਾਥੀ ਗੁਰਚਰਨ ਸਿੰਘ ਬਠਿੰਡਾ ਦੀ ਰੈਲੀ ਤੋਂ ਵਾਪਸੀ ਉਪਰੰਤ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਆਖਿਆ ਕਿ ਇਸ ਮੀਟਿੰਗ ਵਿੱਚ “ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ” ਅਤੇ “ਸਾਂਝਾ ਮੁਲਾਜ਼ਮ ਮੰਚ, ਪੰਜਾਬ” ਤੇ ਅਧਾਰਤ ਬਣੀ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ 07 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ ਮਹਾਂ ਰੈਲੀ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਨੂੰ ਇੱਕ ਇਤਿਹਾਸਿਕ ਇਕੱਠ ਕਰਾਰ ਦਿੱਤਾ ਜਿਸ ਨੇ ਟਰੇਡ ਯੂਨੀਅਨ ਲਹਿਰ ਅੰਦਰ ਹੋਏ ਸਾਰੇ ਇਕੱਠਾਂ ਦਾ ਰਿਕਾਰਡ ਤੋੜ ਦਿੱਤਾ। ਆਗੂਆਂ ਨੇ ਜਿੱਥੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਮੁਲਾਜ਼ਮ ਪੈਨਸ਼ਨਰ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਉੱਥੇ ਪੰਜਾਬ ਸਰਕਾਰ ਨੂੰ ਵੰਗਾਰਦਿਆਂ ਆਖਿਆ ਕਿ ਹੁਣ ਉਸਨੂੰ ਕੰਧ ਤੇ ਲਿਖਿਆ ਪੜਕੇ ਮਹਿਗਾਈ ਭੱਤੇ ਸਬੰਧੀ ਮਾਨਯੋਗ ਸੁਪਰੀਮ ਕੋਰਟ ਜਾਣ ਦਾ ਇਰਾਦਾ ਤਿਆਗ ਕੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਦਿਆਂ ਤੁਰੰਤ ਮਹਿਗਾਈ ਭੱਤਾ ਜਾਰੀ ਕਰ ਦੇਣਾ ਚਾਹੀਦਾ ਹੈ ਅਤੇ ਬਾਕੀ ਮੰਗਾਂ ਸਬੰਧੀ ਸਾਂਝੀ ਤਾਲਮੇਲ ਕਮੇਟੀ ਨੂੰ 27 ਅਗਸਤ ਦੀ ਜੋ ਮੀਟਿੰਗ ਦਿੱਤੀ ਹੈ, ਉਹ ਬਹੁਤ ਦੂਰ ਹੈ, ਉਸ ਨੂੰ 27 ਤੋਂ ਪਹਿਲਾਂ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਪਹਿਲਾਂ ਤੋਂ ਐਲਾਨ ਕੀਤੇ ਐਕਸ਼ਨ ਤੇ ਪਹਿਰਾ ਦਿੰਦੇ ਹੋਏ 27 ਅਗਸਤ ਨੂੰ ਪੰਜਾਬ ਦੇ ਸਮੁੱਚੇ ਮੁਲਾਜ਼ਮ ਸਮੂਹਿਕ ਛੁੱਟੀ ਤੇ ਜਾਣਗੇ। ਆਗੂਆਂ ਆਖਿਆ ਕਿ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਹਾਈ ਕੋਰਟ ਤੇ ਹੁਕਮਾਂ ਨੂੰ ਲਾਗੂ ਕਰਾਉਣ ਹਿਤ 17 ਤੇ 18 ਅਗਸਤ ਨੂੰ ਸਾਂਝਾ ਫਰੰਟ ਵੱਲੋਂ ਬਾਕੀ ਧਿਰਾਂ ਨਾਲ ਤਾਲਮੇਲ ਕਰਕੇ ਤਹਿਸੀਲ/ ਜਿਲਾ ਕੇਂਦਰਾਂ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਇੱਕ ਨਿਖੇਧੀ ਮਤੇ ਰਾਹੀਂ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਆਖਿਆ ਕਿ ਐਂਟੀ ਸਟੇਟ ਮੁਲਾਜ਼ਮ ਨਹੀਂ ਬਲਕਿ ਪੰਜਾਬ ਸਰਕਾਰ ਹੈ ਜੋ ਪੰਜਾਬ ਦੇ ਖਜ਼ਾਨੇ ਨੂੰ ਆਪ ਲੁੱਟ ਰਹੀ ਹੈ ਅਤੇ ਆਪਣੇ ਕਾਰਪੋਰੇਟ ਚੋਟੀਦਾਰਾਂ ਨੂੰ ਲੁਟਾ ਰਹੀ ਹੈ। ਆਗੂਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਦੇ ਨਾਮ ਉੱਤੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਲੈ ਕੇ ਜਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਇਨਸਾਫ ਪਸੰਦ ਲੋਕ ਬਰਦਾਸ਼ਤ ਨਹੀਂ ਕਰਨਗੇ। ਸਾਂਝਾ ਫਰੰਟ ਤੇ ਉਕਤ ਆਗੂਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ 16 ਅਗਸਤ ਨੂੰ ਲੁਧਿਆਣਾ ਵਿਖੇ ਹੋ ਰਹੀ ਹੈ, ਜਿਸ ਵਿੱਚ 07 ਅਗਸਤ ਦੀ ਰੈਲੀ ਦਾ ਰਿਵਿਊ, ਪੰਜਾਬ ਸਰਕਾਰ ਦੇ ਵਤੀਰੇ ਅਤੇ ਅਗਲੇ ਐਕਸ਼ਨਾ ਦੀ ਰੂਪ ਰੇਖਾ ਅਤੇ ਤਿਆਰੀਆਂ ਸਬੰਧੀ ਫੈਸਲੇ ਕਰਕੇ ਐਲਾਨ ਕੀਤੇ ਜਾਣਗੇ।
ਸਾਂਝਾ ਫਰੰਟ ਦੇ ਉਕਤ ਆਗੂਆਂ ਵੱਲੋਂ ਅੱਜ ਦੀ ਮੀਟਿੰਗ ਵਿੱਚ ਇੱਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸੰਘਰਸ਼ ਸਬੰਧੀ ਐਲਾਨੇ ਐਕਸ਼ਨਾ ਦਾ ਸਮਰਥਨ ਕੀਤਾ। ਅੱਜ ਦੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਦੇ ਪਿੰਡ ਸਤੋਜ ਵਿਖੇ ਕੀਤੀ ਜਾ ਰਹੀ ਰੈਲੀ ਦਾ ਵੀ ਸਮਰਥਨ ਕੀਤਾ।












