ਗੁਰੂਘਰ ਦੀ ਪਵਿੱਤਰਤਾ ਭੰਗ ਕਰਕੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਬਖ਼ਸ਼ਣਯੋਗ ਨਹੀਂ; ਮਹਾਰਾਸ਼ਟਰ ਸਰਕਾਰ ਕਰਵਾਏ ਉੱਚ-ਪੱਧਰੀ ਜਾਂਚ: ਭਾਈ ਪਰਮਜੀਤ ਸਿੰਘ ਵੀਰਜੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 14 ਅਗਸਤ (ਮਨਪ੍ਰੀਤ ਸਿੰਘ ਖਾਲਸਾ):-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ’ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇੜੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਬਾਹਰ ਨਿਕਲਦੇ ਸਮੇਂ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਵੀਰਜੀ ਨੇ ਇਸ ਨੂੰ ਗੁਰੂਘਰ ਦੀ ਪਵਿੱਤਰਤਾ ਅਤੇ ਸਿੱਖ ਮਰਿਆਦਾ ਨੂੰ ਚੁਣੌਤੀ ਦੇਣ ਵਾਲੀ ਗੰਭੀਰ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਅਮਨ, ਅਰਦਾਸ ਅਤੇ ਸਰਬੱਤ ਦੇ ਭਲੇ ਦਾ ਕੇਂਦਰ ਹਨ, ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਹਿੰਸਾ ਅਤੇ ਸਿਆਸੀ ਰੰਜਿਸ਼ ਦਾ ਅਖਾੜਾ ਬਣਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰਿਵਾਰ ਸਮੇਤ ਗੁਰੂਘਰ ਨਤਮਸਤਕ ਹੋ ਕੇ ਨਿਕਲ ਰਹੇ ਵਿਅਕਤੀ ’ਤੇ ਹਮਲਾ ਕਰਨਾ ਕਾਇਰਤਾ ਦੀ ਹੱਦ ਹੈ ਅਤੇ ਇਸ ਘਟਨਾ ਨੂੰ ਸਿਰਫ਼ ਇੱਕ ਵਿਅਕਤੀ ’ਤੇ ਹਮਲਾ ਸਮਝ ਕੇ ਨਜ਼ਰਅੰਦਾਜ਼ ਕਰਨਾ ਹੋਰ ਵੀ ਗੰਭੀਰ ਹੋਵੇਗਾ। ਭਾਈ ਵੀਰਜੀ ਨੇ ਕਿਹਾ ਕਿ ਇਸ ਘਟਨਾ ਨੇ ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਘਟਨਾ ਦੀ ਤੁਰੰਤ ਉੱਚ-ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਹਮਲਾਵਰ ਦੀ ਮਨਸ਼ਾ ਕੀ ਸੀ ਅਤੇ ਇਸ ਪਿੱਛੇ ਕਿਸੇ ਵੱਡੀ ਸਾਜ਼ਿਸ਼ ਜਾਂ ਯੋਜਨਾਬੱਧ ਸਾਜ਼ਿਸ਼ ਦੀ ਕੋਈ ਕੜੀ ਤਾਂ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਹਮਲਾਵਰ ਨੂੰ ਕਾਬੂ ਕਰਨਾ ਕਾਫ਼ੀ ਨਹੀਂ; ਜੇਕਰ ਪਿੱਛੇ ਕੋਈ ਸਾਜ਼ਿਸ਼ਕਰਤਾ ਜਾਂ ਹਮਲੇ ਨੂੰ ਉਕਸਾਉਣ ਵਾਲੀਆਂ ਤਾਕਤਾਂ ਹਨ ਤਾਂ ਉਨ੍ਹਾਂ ਨੂੰ ਵੀ ਬੇਨਕਾਬ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਥਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਿੱਖ ਸੰਗਤ ਗੰਭੀਰਤਾ ਨਾਲ ਲਵੇਗੀ ਅਤੇ ਸਰਕਾਰ ਨੂੰ ਵੀ ਇਸ ਮਾਮਲੇ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਭਾਈ ਪਰਮਜੀਤ ਸਿੰਘ ਵੀਰਜੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂਘਰ ਦੀ ਹੱਦ ਅੰਦਰ ਜਾਂ ਗੁਰੂਘਰ ਤੋਂ ਨਿਕਲ ਰਹੀ ਸੰਗਤ ’ਤੇ ਹਿੰਸਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਮਹਾਰਾਸ਼ਟਰ ਸਰਕਾਰ ਨੇ ਇਸ ਹਮਲੇ ਦੀ ਤਹਿ ਤੱਕ ਜਾ ਕੇ ਸਾਜ਼ਿਸ਼ ਦੇ ਹਰ ਪੱਖ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਵਿੱਚ ਕੋਈ ਢਿੱਲ ਵਰਤੀ ਤਾਂ ਇਹ ਸਿਰਫ਼ ਸੁਰੱਖਿਆ ਦੀ ਨਾਕਾਮੀ ਨਹੀਂ, ਸਗੋਂ ਗੁਰੂਧਾਮਾਂ ਦੀ ਮਰਿਆਦਾ ਪ੍ਰਤੀ ਵੀ ਗੰਭੀਰ ਲਾਪਰਵਾਹੀ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸ ਮਾਮਲੇ ਨੂੰ ਅੰਤ ਤੱਕ ਉਠਾਏਗੀ ਅਤੇ ਲੋੜ ਪੈਣ ’ਤੇ ਦੇਸ਼-ਵਿਆਪੀ ਪੱਧਰ ’ਤੇ ਰੋਸ ਪ੍ਰਗਟ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।