ਸੂਬਾ ਪੱਧਰੀ ਸਮਾਗਮ ’ਚ ਸਿਹਤ ਵਿਭਾਗ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੇਸ਼ ਝਾਕੀ ਨੂੰ ਲੈ ਕੇ ਸਿਆਸਤ ਗਰਮਾਈ

ਚੰਡੀਗੜ੍ਹ ਪੰਜਾਬ

ਫਿਰੋਜਪੁਰ 17 ਅਗਸਤ ,ਬੋਲੇ ਪੰਜਾਬ ਬਿਊਰੋ;

ਸਰਹੱਦੀ ਜ਼ਿਲ੍ਹੇ ਵਿੱਚ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਵਿਭਾਗ ਦੇ ਸੇਵਾ-ਮੁਕਤ ਮੁਲਾਜ਼ਮਾਂ ਨੂੰ “ਮੁੱਖ ਮੰਤਰੀ ਸਿਹਤ ਯੋਜਨਾ” ਦੇ ਲਾਭਪਾਤਰੀਆਂ ਵਜੋਂ ਪੇਸ਼ ਕਰਨ ਨਾਲ ਇੱਕ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਇਸ ਘਟਨਾ ਨੂੰ ਪਵਿੱਤਰ ਮੌਕੇ ’ਤੇ ਡਰਾਮੇਬਾਜ਼ੀ ਕਰਾਰ ਦਿੰਦਿਆਂ ‘ਆਪ’ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਸਿਹਤ ਵਿਭਾਗ ਨੇ ਇੱਕ ਝਾਕੀ ਪੇਸ਼ ਕੀਤੀ ਸੀ ਜਿਸ ਦੌਰਾਨ ਬਜ਼ੁਰਗ ਵਿਅਕਤੀਆਂ ਦਾ ਇੱਕ ਸਮੂਹ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਸਲ ਵਿੱਚ ਸਿਹਤ ਵਿਭਾਗ ਦੇ ਸੇਵਾ-ਮੁਕਤ ਅਧਿਕਾਰੀ ਸਨ, ਪ੍ਰਸਿੱਧ ਪੰਜਾਬੀ ਗੀਤਾਂ ਦੀ ਤਾਲ ’ਤੇ “ਭੰਗੜਾ” ਪਾਉਂਦੇ ਹੋਏ ਨਜ਼ਰ ਆਏ। ਇਸ ਝਾਕੀ ਦਾ ਉਦੇਸ਼ “ਮੁੱਖ ਮੰਤਰੀ ਸਿਹਤ ਯੋਜਨਾ” ਸਮੇਤ ਸੂਬਾ ਸਰਕਾਰ ਦੀਆਂ ਵੱਖ-ਵੱਖ ਸਿਹਤ ਸੰਭਾਲ ਪਹਿਲਕਦਮੀਆਂ ਨੂੰ ਉਜਾਗਰ ਕਰਨਾ ਸੀ।ਇਸ ਝਾਕੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਨੇ ਵਿਰੋਧੀ ਧਿਰ ਦਾ ਤੁਰੰਤ ਧਿਆਨ ਖਿੱਚਿਆ। ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ’ਤੇ ਜ਼ਮੀਨੀ ਪੱਧਰ ’ਤੇ ਕੁਝ ਵੀ ਦੇਣ ਦੀ ਬਜਾਏ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਮਜੀਠੀਆ ਨੇ ਵਿਅੰਗਾਤਮਕ ਤੌਰ ’ਤੇ ਇਸ ਪੇਸ਼ਕਾਰੀ ਨੂੰ 15 ਅਗਸਤ ਦੇ ਜਸ਼ਨਾਂ ਦੇ ਨਾਮ ’ਤੇ ਕੂੜ ਪ੍ਰਚਾਰ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਸਫਲ ਗੋਡੇ ਬਦਲਣ (ਨੀ ਰਿਪਲੇਸਮੈਂਟ) ਦੇ ਸਰਜਰੀ ਦੇ ਲਾਭਪਾਤਰੀਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦਾ ਖ਼ੁਦ ਅਜਿਹਾ ਕੋਈ ਅਪਰੇਸ਼ਨ ਨਹੀਂ ਹੋਇਆ ਹੈ।ਮਜੀਠੀਆ ਨੇ ਹਸਪਤਾਲਾਂ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੀ ਬਜਾਏ ਸਰਕਾਰ ਵੱਲੋਂ ਪ੍ਰਚਾਰ ਅਤੇ ਇਸ਼ਤਿਹਾਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਾਉਂਦਿਆਂ ਸਿਹਤ ਕ੍ਰਾਂਤੀ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਦੇ ਮੰਚ ਦੀ ਵਰਤੋਂ ਆਪਣੀਆਂ ਪ੍ਰਾਪਤੀਆਂ ਨੂੰ ਇੱਕ ਨਕਲੀ ਡਰਾਮੇ ਰਾਹੀਂ ਦਿਖਾਉਣ ਲਈ ਕੀਤੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਲੋਕਾਂ ਵੱਲੋਂ ਪਾਏ ਗਏ ਭੰਗੜੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ‘ਆਪ’ ਸਰਕਾਰ ਦਾ ਡਰਾਮੇਬਾਜ਼ੀ ਅਤੇ ਨਾਟਕ ਰਚ ਕੇ ਲੋਕਾਂ ਨਾਲ ਝੂਠ ਬੋਲਣ ਦਾ ਖ਼ਾਸ ਤਰੀਕਾ ਹੈ। ਵੜਿੰਗ ਨੇ ਕਿਹਾ ਕਿ ਇਹ ਸਮਝਣ ਯੋਗ ਹੈ ਕਿ ਜਿਨ੍ਹਾਂ ਦੇ ਗੋਡੇ ਬਦਲੇ ਗਏ ਹਨ ਉਹ ਇਸ ਤਰ੍ਹਾਂ ਨਹੀਂ ਨੱਚ ਸਕਦੇ ਅਤੇ ਬਾਅਦ ਵਿੱਚ ਇਹ ਵੀ ਸਾਹਮਣੇ ਆ ਗਿਆ ਕਿ ਉਹ ਕਲਾਕਾਰ ਅਸਲ ਵਿੱਚ ਸਿਹਤ ਵਿਭਾਗ ਦੇ ਰਿਟਾਇਰਡ ਮੁਲਾਜ਼ਮ ਸਨ।

ਵੜਿੰਗ ਨੇ ਕਿਹਾ ਕਿ ਉਹ ਸੀ.ਐੱਮ. ਮਾਨ ਨੂੰ ਯਾਦ ਕਰਵਾਉਣਾ ਚਾਹੁਣਗੇ ਕਿ ਉਹ ਹੁਣ ਸਟੇਜ ਆਰਟਿਸਟ ਨਹੀਂ ਸਨ ਸਗੋਂ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਅਜਿਹੀ ਡਰਾਮੇਬਾਜ਼ੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਝੂਠ ਬੋਲਣਾ ‘ਆਪ’ ਦੀ ਬੁਨਿਆਦੀ ਆਦਤ ਰਹੀ ਹੈ, ਆਜ਼ਾਦੀ ਦਿਹਾੜੇ ਵਰਗਾ ਡਰਾਮਾ ਰਚਣਾ ਇਸ ਪਵਿੱਤਰ ਮੌਕੇ ਦਾ ਨਿਰਾਦਰ ਹੈ।

ਸੰਪਰਕ ਕਰਨ ’ਤੇ ਸਿਵਲ ਸਰਜਨ (ਸੀ.ਐੱਮ.ਓ.) ਡਾ. ਮੀਨਾਕਸ਼ੀ ਢਿੰਗਰਾ ਨੇ ਕਿਹਾ ਕਿ ਇਹ ਝਾਕੀ ਸਰਕਾਰ ਦੀਆਂ ਵੱਖ-ਵੱਖ ਸਿਹਤ ਯੋਜਨਾਵਾਂ ਤਹਿਤ ਦਿੱਤੇ ਜਾ ਰਹੇ ਲਾਭਾਂ ਦੀ ਸਿਰਫ਼ ਇੱਕ ਨੁਮਾਇੰਦਗੀ ਸੀ ਅਤੇ ਮਰੀਜ਼ਾਂ ਦੀ ਪਛਾਣ ਕਦੇ ਵੀ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਸ ਝਾਕੀ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਸੀ ਕਿਉਂਕਿ ਇਹ ਸਿਹਤ ਖੇਤਰ ਵਿੱਚ ਸਰਕਾਰ ਦੀਆਂ ਚੰਗੀਆਂ ਪਹਿਲਕਦਮੀਆਂ ਦੀ ਸਿਰਫ਼ ਇੱਕ ਨੁਮਾਇੰਦਗੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।