‘ਵਿਕਸਿਤ ਭਾਰਤ 2047’ ਦੇ ਟੀਚੇ ਵੱਲ ਸਾਂਝਾ ਸੰਕਲਪ ਲਿਆ
ਮੰਡੀ ਗੋਬਿੰਦਗੜ੍ਹ, 17 ਅਗਸਤ ,ਬੋਲੇ ਪੰਜਾਬ ਬਿਊਰੋ:
ਭਾਰਤ ਦੀ ਆਜ਼ਾਦੀ ਦੇ 80ਵੇਂ ਵਰ੍ਹੇ ਦੇ ਮੌਕੇ ’ਤੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਕੈਂਪਸ ਵਿੱਚ ਆਜ਼ਾਦੀ ਦਿਵਸ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਸਾਲ ਦੇ ਸਮਾਗਮ ਦੀ ਥੀਮ ‘ਵਿਕਸਿਤ ਭਾਰਤ 2047’ ਅਤੇ ਪ੍ਰੇਰਕ ਮੰਤਰ ‘ਸੰਕਲਪ ਤੋਂ ਸਿੱਧੀ’ ਰੱਖਿਆ ਗਿਆ।
ਸਮਾਗਮ ਦਾ ਆਯੋਜਨ ਯੂਨੀਵਰਸਿਟੀ ਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰ ਅਤੇ ਸਰਦਾਰ ਲਾਲ ਸਿੰਘ ਯਾਦਗਾਰ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਚਾਂਸਲਰ ਡਾ. ਜ਼ੋਰਾ ਸਿੰਘ, ਵਿਸ਼ੇਸ਼ ਮਹਿਮਾਨ ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ, ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ, ਡਾ. ਰਵੀ ਬੇਦੀ ਸਮੇਤ ਸਮੂਹ ਡੀਨ, ਵਿਭਾਗ ਮੁਖੀ, ਅਧਿਆਪਕ, ਕਰਮਚਾਰੀ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਸਾਰੇ ਮਹਿਮਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦਗਾਰ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਬਹਾਦਰ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸਿਜਦਾ ਕੀਤਾ ਗਿਆ।

ਇਸ ਤੋਂ ਬਾਅਦ ਸਾਰੇ ਸਟਾਫ਼ ਮੈਂਬਰ, ਵਿਦਿਆਰਥੀ ਅਤੇ ਮਹਿਮਾਨ ਸਰਦਾਰ ਲਾਲ ਸਿੰਘ ਜੀ ਦੀ ਯਾਦਗਾਰ ’ਤੇ ਪਹੁੰਚੇ। ਸਰਦਾਰ ਲਾਲ ਸਿੰਘ ਜੀ ਪੰਜਾਬ ਦੇ ਮਹਾਨ ਆਜ਼ਾਦੀ ਘੁਲਾਟੀਏ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਸਨ। ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ, ਕੁਲਪਤੀ ਅਤੇ ਹੋਰ ਮਾਣਯੋਗ ਮਹਿਮਾਨਾਂ ਨੇ ਸਰਦਾਰ ਲਾਲ ਸਿੰਘ ਜੀ ਨੂੰ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਚਾਂਸਲਰ ਡਾ. ਜ਼ੋਰਾ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਜਿਵੇਂ ਹੀ ਤਿਰੰਗਾ ਸ਼ਾਨ ਨਾਲ ਲਹਿਰਾਇਆ, ਸਾਰਾ ਯੂਨੀਵਰਸਿਟੀ ਕੈਂਪਸ “ਭਾਰਤ ਮਾਤਾ ਕੀ ਜੈ” ਅਤੇ “ਵੰਦੇ ਮਾਤਰਮ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਝੰਡਾ ਲਹਿਰਾਉਣ ਉਪਰੰਤ ਸਾਰਿਆਂ ਨੇ ਇੱਕ ਸੁਰ ਵਿੱਚ ਰਾਸ਼ਟਰੀ ਗੀਤ ਗਾਇਆ।
ਇਸ ਮੌਕੇ ਮੰਚ ਸੰਚਾਲਕ ਡਾ. ਅਜੈਪਾਲ ਸਿੰਘ ਨੇ ਕਿਹਾ, “ਤਿਰੰਗੇ ਦਾ ਕੇਸਰੀ ਰੰਗ ਤਿਆਗ ਅਤੇ ਕੁਰਬਾਨੀ ਦਾ ਪ੍ਰਤੀਕ ਹੈ, ਚਿੱਟਾ ਰੰਗ ਸ਼ਾਂਤੀ ਅਤੇ ਸੱਚ ਦਾ ਪ੍ਰਤੀਕ ਹੈ, ਜਦਕਿ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ।”
ਝੰਡਾ ਲਹਿਰਾਉਣ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਹਾਜ਼ਰ ਸਮੂਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, “ਅੱਜ ਅਸੀਂ ਆਜ਼ਾਦੀ ਦਾ ਅੰਮ੍ਰਿਤ ਕਾਲ ਮਨਾ ਰਹੇ ਹਾਂ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਸਿੱਖਿਆ ਸੰਸਥਾਵਾਂ ਦੀ ਸਭ ਤੋਂ ਅਹਿਮ ਭੂਮਿਕਾ ਹੈ।”
ਉਨ੍ਹਾਂ ਅੱਗੇ ਕਿਹਾ, “ਦੇਸ਼ ਭਗਤ ਯੂਨੀਵਰਸਿਟੀ ਦਾ ਵੀ ਇਹੀ ਉਦੇਸ਼ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਹੀ ਨਾ ਦੇਈਏ, ਸਗੋਂ ਉਨ੍ਹਾਂ ਨੂੰ ਚੰਗੇ ਨਾਗਰਿਕ ਅਤੇ ਰਾਸ਼ਟਰ ਨਿਰਮਾਤਾ ਵੀ ਬਣਾਈਏ। ਸਾਡਾ ਮੰਤਰ ਹੈ ‘ਸੰਕਲਪ ਤੋਂ ਸਿੱਧੀ’। ਜੇਕਰ ਅਸੀਂ ਭ੍ਰਿਸ਼ਟਾਚਾਰ ਮੁਕਤ, ਸਾਫ਼-ਸੁਥਰਾ ਅਤੇ ਆਤਮਨਿਰਭਰ ਭਾਰਤ ਬਣਾਉਣ ਦਾ ਪੱਕਾ ਇਰਾਦਾ ਕਰ ਲਈਏ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ। ਅੱਜ ਦੇ ਨੌਜਵਾਨ ਹੀ ਕੱਲ੍ਹ ਦਾ ਭਾਰਤ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ-ਆਪਣੇ ਖੇਤਰ ਵਿੱਚ ਉੱਤਮਤਾ ਹਾਸਲ ਕਰੋ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਓ।”
ਸਮਾਗਮ ਦੌਰਾਨ ਵਿੱਦਿਅਕ ਅਤੇ ਸੱਭਿਆਚਾਰਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਨ੍ਹਾਂ ਵਿੱਚ ਡਾ. ਅਜੈ ਗੁਪਤਾ ਅਤੇ ਡਾ. ਰਜਨੀਸ਼ ਪਰਿਮੂ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਡਾ. ਜ਼ੋਰਾ ਸਿੰਘ ਨੇ ਕਿਹਾ, “ਕਿਸੇ ਵੀ ਸੰਸਥਾ ਦੀ ਸਫਲਤਾ ਪਿੱਛੇ ਉਸ ਦੇ ਮਿਹਨਤੀ ਕਰਮਚਾਰੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ।” ਉਨ੍ਹਾਂ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਜੇਤੂਆਂ ਨੂੰ ਯੂਨੀਵਰਸਿਟੀ ਪਰਿਵਾਰ ਵੱਲੋਂ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ ਜੋਸ਼ ਅਤੇ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਗਿਆ, ਜਿਸ ਵਿੱਚ ਦੇਸ਼ ਭਗਤੀ ਦੇ ਗੀਤ, ਨਾਚ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ।
ਅੰਤ ਵਿੱਚ ਸਾਰਿਆਂ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਅਤੇ ਦੇਸ਼ ਭਗਤ ਯੂਨੀਵਰਸਿਟੀ ਦਾ ਕੁਲਗੀਤ ਗਾਇਆ। ਇਸ ਉਪਰੰਤ ਮਾਣਯੋਗ ਮਹਿਮਾਨਾਂ ਵੱਲੋਂ ਮਿੱਠਾਈ ਵੰਡੀ ਗਈ। ਐਨ.ਐਸ.ਐਸ., ਐਨ.ਸੀ.ਸੀ. ਅਤੇ ਵੱਖ-ਵੱਖ ਕਲੱਬਾਂ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਮਾਗਮ ਦੇ ਅੰਤ ਵਿੱਚ ਮੰਚ ਸੰਚਾਲਨ ਕਰ ਰਹੇ ਪ੍ਰੋ. (ਡਾ.) ਅਜੈਪਾਲ ਸਿੰਘ ਨੇ ਸਾਰੇ ਮਹਿਮਾਨਾਂ, ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਅੱਜ ਦਾ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਾਨੂੰ ਆਸਾਨੀ ਨਾਲ ਪ੍ਰਾਪਤ ਨਹੀਂ ਹੋਈ। ਸਾਨੂੰ ਇਸ ਆਜ਼ਾਦੀ ਦੀ ਰੱਖਿਆ ਕਰਨੀ ਹੈ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਾ ਹੈ।” ਸਮਾਗਮ ਦੀ ਸਮਾਪਤੀ “ਜੈ ਹਿੰਦ! ਭਾਰਤ ਮਾਤਾ ਕੀ ਜੈ! ਵੰਦੇ ਮਾਤਰਮ!” ਦੇ ਜੋਸ਼ੀਲੇ ਜੈਕਾਰਿਆਂ ਨਾਲ ਹੋਈ।
ਕੈਪਸ਼ਨ: ਦੇਸ਼ ਭਗਤ ਯੂਨੀਵਰਸਿਟੀ ਚਾਂਸਲਰ, ਪ੍ਰੋ ਚਾਂਸਲਰ, ਵਾਈਸ ਚਾਂਸਲਰ ਅਤੇ ਹੋਰ ਸਰਦਾਰ ਲਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ।
2) ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰ ‘ਤੇ ਸ਼ਰਧਾ ਦੇ ਫੁਲ ਭੇਟ ਕਰਦੇ ਹੋਏ।












