ਰਾਜਪੁਰਾ, 18 ਅਗਸਤ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਸਰਪ੍ਰਸਤ ਮਥੁਰਾ ਦਾਸ ਸਵਤੰਤਰ ਸੇਵਾ ਮੁਕਤ ਪ੍ਰਿੰਸੀਪਲ ਦੀ ਦੇਖ-ਰੇਖ ਹੇਠ ਚੇਅਰਮੈਨ ਰਾਜ ਕੁਮਾਰ ਜੈਨ ਅਤੇ ਪ੍ਰਧਾਨ ਨਰਿੰਦਰ ਕੁਮਾਰ ਵਧਵਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ, ਅਨੁਸ਼ਾਸਨ ਅਤੇ ਅਧਿਆਪਕਾਂ ਦੇ ਸਤਿਕਾਰ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੇ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਜੀ ਆਇਆ ਆਖਿਆ।
ਇਸ ਮੌਕੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਵਧਵਾ ਅਤੇ ਮੈਂਬਰਾਂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਫ਼ਲ ਜੀਵਨ ਲਈ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵੇਰੇ ਜਲਦੀ ਉੱਠਣ, ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਸਕੂਲ ਪਹੁੰਚ ਕੇ ਅਧਿਆਪਕਾਂ ਦਾ ਆਦਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਦਾ ਘਰ ਦਾ ਕੰਮ ਵੀ ਸਮੇਂ ਸਿਰ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਪ੍ਰੀਸ਼ਦ ਦੇ ਮੈਂਬਰਾਂ ਨੇ ਸਕੂਲ ਦੇ ਮਿਹਨਤੀ ਅਤੇ ਪ੍ਰਗਤੀਸ਼ੀਲ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ ਵਿਦਿਆਰਥੀ ਕਲਿਆਣ ਪਰਿਸ਼ਦ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਅਸ਼ੋਕ ਮਦਾਨ ਸੇਵਾ ਮੁਕਤ ਅਧਿਆਪਕ ਨੇ ਵਿਦਿਆਰਥੀ ਕਲਿਆਣ ਪਰਿਸ਼ਦ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਚੇਅਰਮੈਨ ਰਾਜ ਕੁਮਾਰ ਜੈਨ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਸੰਗੀਤਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਨੂੰ ਤਬਲੇ ਦੀ ਇੱਕ ਜੋੜੀ ਦੇਣ ਦਾ ਐਲਾਨ ਕੀਤਾ।
ਸਕੂਲ ਦੀ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੇ ਵਿਦਿਆਰਥੀ ਕਲਿਆਣ ਪਰਿਸ਼ਦ ਦੇ ਚੇਅਰਮੈਨ ਰਾਜ ਕੁਮਾਰ ਜੈਨ, ਪ੍ਰਧਾਨ ਨਰਿੰਦਰ ਕੁਮਾਰ ਵਧਵਾ ਅਤੇ ਹੋਰ ਮੈਂਬਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਪ੍ਰੀਸ਼ਦ ਵੱਲੋਂ ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਹਰਜੀਤ ਕੌਰ ਮੈਥ ਮਿਸਟ੍ਰੈੱਸ, ਮੀਨਾ ਰਾਣੀ, ਸੁਨੀਤਾ ਰਾਣੀ, ਰੋਜ਼ੀ ਹਿੰਦੀ ਮਿਸਟ੍ਰੈਸ ਨੇ ਮਿਲ ਕੇ ਸਮੂਹ ਮਹਿਮਾਨਾਂ, ਪ੍ਰੀਸ਼ਦ ਦੇ ਮੈਂਬਰਾਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਰਾਜਿੰਦਰ ਸਿੰਘ ਚਾਨੀ ਐੱਸ.ਐੱਸ. ਮਾਸਟਰ ਅਤੇ ਸ਼ਹੀਦ ਭਗਤ ਸਿੰਘ ਹਾਊਸ ਇੰਚਾਰਜ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਅਨਿਲ ਕੁਮਾਰ ਕੈਸ਼ੀਅਰ, ਸ਼ਿਵ ਕੁਮਾਰ ਛਾਬੜਾ, ਵਿਨੋਦ ਕੁਮਾਰ ਸਕੱਤਰ, ਗਣੇਸ਼ ਦਾਸ, ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।












