ਨਵੀਂ ਦਿੱਲੀ 19 ਅਗਸਤ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖਾਲਸਾ):
ਪੰਥਕ ਸੇਵਾਵਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਸਰਦਾਰ ਕਰਤਾਰ ਸ਼ਾਹ ਸਿੰਘ ਜੀ ਦੇ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, 12 ਬਲਾਕ ਤਿਲਕ ਨਗਰ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ, ਪੰਥਕ ਸ਼ਖ਼ਸੀਅਤਾਂ ਅਤੇ ਦਿੱਲੀ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਅਰਦਾਸ ਰਾਹੀਂ ਸ਼ਰਧਾ ਭੇਟ ਕੀਤੀ। ਅੰਤਿਮ ਅਰਦਾਸ ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੀਰਤਨੀ ਹਾਜ਼ਰੀ ਭਰੀ। ਉਨ੍ਹਾਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਅੰਤਿਮ ਅਰਦਾਸ ਗਿਆਨੀ ਰਣਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਰਦਾਰ ਕਰਤਾਰ ਸ਼ਾਹ ਸਿੰਘ ਦੇ ਸਪੁੱਤਰ ਸਰਦਾਰ ਹਰਜੋਤ ਸ਼ਾਹ ਸਿੰਘ ਨੇ ਆਪਣੇ ਪਿਤਾ ਦੀ ਜੀਵਨੀ ਅਤੇ ਪੰਥਕ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜੀਵਨ ਭਰ ਵੱਖ-ਵੱਖ ਸੰਤਾਂ-ਮਹਾਂਪੁਰਸ਼ਾਂ ਦਾ ਸਾਥ ਮਾਣਦਿਆਂ ਸਿੱਖ ਪੰਥ ਦੀਆਂ ਸੇਵਾਵਾਂ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਰਦਾਰ ਕਰਤਾਰ ਸ਼ਾਹ ਸਿੰਘ ਦੀਆਂ ਪੰਥਕ ਸੇਵਾਵਾਂ ਦਾ ਜ਼ਿਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਬਾਬਾ ਗੋਬਿੰਦ ਸ਼ਾਹ ਸਿੰਘ ਦੀ ਇੱਕ ਤਸਵੀਰ ਵਿੱਚ ਵੀ ਦਰਜ ਹੈ, ਜੋ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸਰਦਾਰ ਹਰਜੋਤ ਸ਼ਾਹ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਵਿਸ਼ੇਸ਼ ਇੱਛਾ ਸੀ ਕਿ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਮੌਕੇ ਕਿਸੇ ਕਿਸਮ ਦੀ ਵਿਅਕਤੀਗਤ ਸ਼ਰਧਾਂਜਲੀ ਜਾਂ ਵੱਖਰੇ ਤੌਰ ’ਤੇ ਸੋਗ ਸਮਾਗਮ ਨਾ ਕੀਤਾ ਜਾਵੇ। ਉਨ੍ਹਾਂ ਦੀ ਇੱਛਾ ਸੀ ਕਿ ਸਮੂਹ ਸੰਗਤ ਗੁਰੂ ਸਾਹਿਬ ਅੱਗੇ ਅਰਦਾਸ ਵਿੱਚ ਸ਼ਾਮਲ ਹੋਵੇ ਅਤੇ ਪੰਥਕ ਮਰਿਆਦਾ ਅਨੁਸਾਰ ਪੰਗਤ ਵਿੱਚ ਬੈਠ ਕੇ ਗੁਰੂ ਕੇ ਲੰਗਰ ਦਾ ਪ੍ਰਸਾਦਾ ਛਕੇ। ਸੰਗਤ ਵੱਲੋਂ ਵੀ ਉਨ੍ਹਾਂ ਦੀ ਇਸ ਇੱਛਾ ਦਾ ਸਤਿਕਾਰ ਕਰਦਿਆਂ ਗੁਰਮਤਿ ਮਰਿਆਦਾ ਅਨੁਸਾਰ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਦਿੱਲੀ ਦੇ ਅਕਾਲੀ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਵੀਰਜੀ, ਸਰਦਾਰ ਕਰਤਾਰ ਸਿੰਘ ਚਾਵਲਾ, ਸਰਦਾਰ ਤਜਿੰਦਰ ਸਿੰਘ ਗੋਪਾ, ਸਰਦਾਰ ਪਰਮਜੀਤ ਸਿੰਘ ਖੁਰਾਣਾ, ਸਰਦਾਰ ਗੁਰਮੀਤ ਸਿੰਘ ਸ਼ੰਟੀ, ਰਮਨਦੀਪ ਸਿੰਘ ਸੋਨੂੰ, ਜਤਿੰਦਰ ਸਿੰਘ ਸੋਨੂੰ, ਸਰਦਾਰ ਸੰਤ ਮੀਤ ਸਿੰਘ ਅਤੇ ਸਰਦਾਰ ਇੰਦਰਮੋਹਨ ਸਿੰਘ ਸਮੇਤ ਕਈ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ, ਬੀਬੀ ਰਣਜੀਤ ਕੌਰ ਐਮ ਐਲ ਏ ਜਰਨੈਲ ਸਿੰਘ, ਕੌਸਲਰ ਅਸ਼ੋਕ ਮਾਣੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਗਤ ਨੇ ਸਰਦਾਰ ਕਰਤਾਰ ਸ਼ਾਹ ਸਿੰਘ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਸਮੁੱਚਾ ਮਾਹੌਲ ਗੁਰਬਾਣੀ ਕੀਰਤਨ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਨਾਲ ਆਤਮਿਕਤਾ ਭਰਪੂਰ ਬਣਿਆ ਰਿਹਾ।












