ਨਵੀਂ ਦਿੱਲੀ 22 ਅਗਸਤ ,ਬੋਲੇ ਪੰਜਾਬ ਬਿਊਰੋ;
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਭਾਜਪਾ ਕੋਰ ਕਮੇਟੀ ਦੇ ਮੈਂਬਰ ਆਰ ਪੀ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।ਆਰ ਪੀ ਸਿੰਘ ਨੇ ਸੁਖਬੀਰ ਦੀ ਸਿਹਤ ਦਾ ਹਾਲ ਜਾਣਨ ਲਈ ਸੁਲਤਾਨਪੁਰ ਸਥਿਤ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਸੁਖਬੀਰ ਬਾਦਲ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਹੋਏ ਹਮਲੇ ਤੋਂ ਬਾਅਦ ਆਪਣੇ ਦਿੱਲੀ ਦੇ ਫਾਰਮ ਹਾਊਸ ਵਿਖੇ ਆਰਾਮ ਕਰ ਰਹੇ ਹਨ।ਇਹ ਮੁਲਾਕਾਤ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਹਰਸਿਮਰਤ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਗਠਜੋੜ ਦਾ ਸੰਕੇਤ ਦੇਣ ਤੋਂ ਤੁਰੰਤ ਬਾਅਦ ਹੋਈ ਹੈ। ਮਜੀਠੀਆ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਦੋਵੇਂ ਪਾਰਟੀਆਂ ਮੁੜ ਇੱਕਠੀਆਂ ਹੋ ਜਾਣ।ਆਰ ਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਸਰਹੱਦੀ ਸੂਬੇ ਵਿੱਚ ਮੌਜੂਦਾ ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਪੰਜਾਬ ਦੇ ਵਿਕਾਸ ਲਈ ਮੁੜ ਤੋਂ ਇੱਕਜੁੱਟ ਹੋਣ ਦੀ ਲੋੜ ਬਾਰੇ ਚਿੰਤਾਵਾਂ ਸਾਂਝੀਆਂ ਕੀਤੀਆਂ।ਉਨ੍ਹਾਂ ਕਿਹਾ, “ਪੰਜਾਬ ਵਿੱਚ ਮੌਜੂਦਾ ਸਥਿਤੀ ਬਹੁਤ ਨਾਜ਼ੁਕ ਹੈ। ਸੂਬੇ ਵਿੱਚ 2027 ਦੀਆਂ ਚੋਣਾਂ ਹੁਣ ਇਸ ਬਾਰੇ ਨਹੀਂ ਹਨ ਕਿ ਕੌਣ ਜਿੱਤੇਗਾ ਜਾਂ ਹਾਰੇਗਾ। ਇਹ ਪੰਜਾਬ ਨੂੰ ਬਚਾਉਣ ਬਾਰੇ ਹਨ।”
ਸਤੰਬਰ 2020 ਵਿੱਚ ਵੱਖ ਹੋਈਆਂ ਦੋਵਾਂ ਪਾਰਟੀਆਂ ਵਿਚਕਾਰ ਸੰਭਾਵਿਤ ਗਠਜੋੜ ਬਾਰੇ ਪੁੱਛੇ ਜਾਣ ‘ਤੇ, ਆਰ ਪੀ ਸਿੰਘ ਨੇ ਸਕਾਰਾਤਮਕ ਸੰਕੇਤ ਦਿੱਤੇ।ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਨਾਲ ਮੁਲਾਕਾਤ ਦੌਰਾਨ ਗਠਜੋੜ ਦੇ ਮੁੱਦੇ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗਠਜੋੜ ਲਈ ਅਕਾਲੀ ਦਲ ਨੂੰ ਸਕਾਰਾਤਮਕ ਅਤੇ ਲਚਕਦਾਰ ਰੁਖ਼ ਅਪਣਾਉਣਾ ਪਵੇਗਾ।ਉਨ੍ਹਾਂ ਕਿਹਾ ਕਿ ਗਠਜੋੜ ਉਚਿਤ ਸਮਝੌਤੇ ਨਾਲ ਹੀ ਸਿਰੇ ਚੜ੍ਹ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ-ਭਾਜਪਾ ਗਠਜੋੜ ਬਾਰੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਚਰਚਾ ਕੀਤੀ ਗਈ ਸੀ ਪਰ ਅਕਾਲੀ ਦਲ ਵੱਲੋਂ ਸੀਟਾਂ ਦੀ ਵੰਡ ‘ਤੇ ਜ਼ੋਰ ਦੇਣ ਅਤੇ ਸੂਬੇ ਵਿੱਚ 13 ਵਿੱਚੋਂ ਬਹੁਗਿਣਤੀ ਸੀਟਾਂ ‘ਤੇ ਲੜਨ ਦੀ ਜ਼ਿਦ ਕਰਨ ਤੋਂ ਬਾਅਦ ਇਹ ਸਿਰੇ ਨਹੀਂ ਚੜ੍ਹ ਸਕਿਆ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਜਪਾ ਹੁਣ ਪੰਜਾਬ ਵਿੱਚ “ਛੋਟੇ ਭਰਾ” ਦੀ ਭੂਮਿਕਾ ਨਹੀਂ ਨਿਭਾਏਗੀ।












