ਅਮ੍ਰਿਤਸਰ 23 ਅਗਸਤ ,ਬੋਲੇ ਪੰਜਾਬ ਬਿਊਰੋ;
ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜੀ.ਟੀ.ਸੀ. ਨੈੱਟਵਰਕ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰਤ ਯੂ-ਟਿਊਬ ਚੈਨਲ ਦੇ ਪ੍ਰਸਾਰਨ ਵਿੱਚ ਜਾਣਬੁੱਝ ਕੇ ਕਾਲੀਆਂ ਸਕ੍ਰੀਨਾਂ ਪਾ ਕੇ ਅਤੇ ਆਵਾਜ਼ ਬੰਦ (ਮਿਊਟ) ਕਰਕੇ ਵਿਘਨ ਪਾਇਆ ਜਾ ਰਹਾ ਹੈ, ਜਦੋਂ ਕਿ ਦੂਜੇ ਪਾਸੇ ‘ਪੀ.ਟੀ.ਸੀ. ਨੈੱਟਵਰਕ’ ਉੱਤੇ ਇਹ ਪ੍ਰਸਾਰਨ ਬਿਨਾਂ ਕਿਸੇ ਰੁਕਾਵਟ ਤੋਂ ਬਿਲਕੁਲ ਸਾਫ਼ ਚੱਲ ਰਿਹਾ ਹੈ।
ਜੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਇੱਕ ਸਖ਼ਤ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਐੱਸ.ਜੀ.ਪੀ.ਸੀ. ਦੇ ਯੂ-ਟਿਊਬ ਚੈਨਲ ’ਤੇ ਇਹ ਰੁਕਾਵਟਾਂ 15 ਅਗਸਤ ਤੋਂ ਲਗਾਤਾਰ ਆ ਰਹੀਆਂ ਹਨ। ਉਨ੍ਹਾਂ ਕਿਹਾ, “ਇਹ ਕੋਈ ਆਮ ਤਕਨੀਕੀ ਖਰਾਬੀ ਨਹੀਂ ਹੈ। ਸਾਡੇ ਕੋਲ ਸਬੂਤ ਵਜੋਂ ਵੱਖ-ਵੱਖ ਤਾਰੀਖਾਂ ਦੀਆਂ ਵੀਡੀਓ ਰਿਕਾਰਡਿੰਗਾਂ ਮੌਜੂਦ ਹਨ। ਦੁਨੀਆ ਭਰ ਦੀਆਂ ਸੰਗਤਾਂ ਨੇ ਵੀ ਇਸ ਰੁਕਾਵਟ ਨੂੰ ਨੋਟ ਕੀਤਾ ਹੈ।” ਸ਼ਿਕਾਇਤ ਅਨੁਸਾਰ, ਯੂ-ਟਿਊਬ ’ਤੇ ਗੁਰਬਾਣੀ ਸੁਣਨ ਵਾਲੇ ਦਰਸ਼ਕਾਂ ਨੂੰ ਵਾਰ-ਵਾਰ ਸਕ੍ਰੀਨ ਬਲੈਕ ਹੋਣ ਅਤੇ ਆਵਾਜ਼ ਗਾਇਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰਬਿੰਦਰ ਨਰਾਇਣ ਅਨੁਸਾਰ, ਜੇਕਰ ਇਹ ਸਿਰਫ਼ ਤਕਨੀਕੀ ਖਰਾਬੀ ਹੁੰਦੀ, ਤਾਂ ਇਹ ਇੱਕੋ ਸਰੋਤ (ਸੋਰਸ) ਤੋਂ ਚੱਲਣ ਵਾਲੀਆਂ ਸਾਰੀਆਂ ਫੀਡਾਂ ’ਤੇ ਅਸਰ ਪਾਉਂਦੀ। ਪਰ ਪੀ.ਟੀ.ਸੀ. ਦੇ ਬ੍ਰੌਡਕਾਸਟ ‘ਤੇ ਅਜਿਹੀ ਕੋਈ ਰੁਕਾਵਟ ਨਹੀਂ ਦੇਖੀ ਗਈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਸਮੱਸਿਆ ਕੁਦਰਤੀ ਨਹੀਂ ਬਲਕਿ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਹੈ। ਜੀ.ਟੀ.ਸੀ. ਨੇ ਸ਼੍ਰੋਮਣੀ ਕਮੇਟੀ ਤੋਂ 7 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ ਅਤੇ ਪੂਰੇ ਬ੍ਰੌਡਕਾਸਟ ਸਿਸਟਮ ਦਾ ਸੁਤੰਤਰ ਤਕਨੀਕੀ ਆਡਿਟ (Audit) ਕਰਵਾਉਣ ਅਤੇ ਸਰਵਰ ਲੌਗਸ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ।
ਨੈੱਟਵਰਕ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਪ੍ਰਸਾਰਨ ’ਚ ਇਸ ਤਰ੍ਹਾਂ ਦਾ ਵਿਘਨ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੇ ਉਲਟ ਹੈ, ਕਿਉਂਕਿ ਗੁਰਬਾਣੀ ਪੂਰੀ ਮਾਨਵਤਾ ਦੀ ਆਤਮਿਕ ਪੂੰਜੀ ਹੈ। ਜੀ.ਟੀ.ਸੀ. ਨੇ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਸ ਸਮੱਸਿਆ ਨੂੰ ਹੱਲ ਕਰਨ ’ਚ ਅਸਮਰੱਥ ਹੈ, ਤਾਂ ਉਹ ਆਪਣੇ ਖਰਚੇ ’ਤੇ ਆਧੁਨਿਕ ਤਕਨੀਕੀ ਉਪਕਰਨ ਲਗਾਉਣ ਲਈ ਤਿਆਰ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਜੀ.ਟੀ.ਸੀ. ਵਿਰੁੱਧ ਕਾਪੀਰਾਈਟ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਸੀ, ਪਰ ਦਿੱਲੀ ਹਾਈ ਕੋਰਟ ਨੇ ਜੀ.ਟੀ.ਸੀ. ਦੇ ਪ੍ਰਸਾਰਨ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ 2026 ਨੂੰ ਹੋਣੀ ਹੈ। ਫਿਲਹਾਲ ਇਸ ਪੂਰੇ ਵਿਵਾਦ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।












