ਪੰਜਾਬ ਲਵਾਰਿਸ, ਸਿਆਸੀ ਆਗੂ ਬਣੇ ਵਾਰਸ!
ਇਹਨਾਂ ਦਿਨਾਂ ਵਿੱਚ ਪੰਜਾਬ ਅੰਦਰ ਲਵਾਰਿਸ ਸਿਆਸਤ ਦਾ ਜ਼ੋਰ ਹੈ। ਸਾਰੇ ਸਿਆਸੀ ਆਗੂਆਂ ਦੀ ਅੱਖ ਕੁਰਸੀ ਤੇ ਲੱਗੀ ਹੋਈ ਹੈ। ਉਹਨਾਂ ਨੂੰ ਇਹ ਕੋਈ ਫ਼ਿਕਰ ਨਹੀਂ ਕਿ ਪੰਜਾਬ ਲਵਾਰਿਸ ਪਿਆ ਹੈ ਤੇ ਸਿਆਸੀ ਆਗੂ ਉਸ ਦੇ ਵਾਰਸ ਬਣਨ ਲਈ ਆਪੋ-ਆਪਣੇ ਦਾਅਵੇ ਪੇਸ਼ ਕਰ ਰਹੇ ਹਨ। ਹਾਲਤ ਇਹ ਹੈ ਕਿ ਜਿਹੜੇ ਲੋਕ ਖੁਦ ਆਪਣੀ ਸਿਆਸੀ ਲਾਸ਼ ਨੂੰ ਮੋਢਿਆਂ ਉੱਤੇ ਚੁੱਕ ਕੇ ਪ੍ਰੈੱਸ ਕਾਨਫਰੰਸਾਂ ਕਰਦੇ ਹਨ, ਉਹ ਵੀ ਪੰਜਾਬ ਨੂੰ ਬਚਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਈਡੀ ਤੋਂ ਡਰਦੇ ਭਗਵਿਆਂ ਦੇ ਘੁਰਣਿਆਂ ਵੱਲ ਦੌੜ ਰਹੇ ਹਨ। ਉਹ ਆਪਣੇ ਆਪ ਹੀ ਮੁਰਦਿਆਂ ਨੂੰ ਜਿਉਂਦਾ ਕਰਨ ਦੇ ਦਾਅਵੇ ਤਾਂ ਬਹੁਤ ਹਨ, ਪਰ ਪੰਜਾਬ ਦੇ ਜਿਉਂਦੇ ਲੋਕਾਂ ਦੀ ਜ਼ਿੰਦਗੀ ਵਿੱਚ ਜਾਨ ਪਾਉਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ।
ਬੇਰੁਜ਼ਗਾਰ ਨੌਜਵਾਨ ਪੁੱਛ ਰਿਹਾ ਹੈ ਕਿ ਭਾਈ ਸਾਹਿਬ ਜੀ ਰੁਜ਼ਗਾਰ ਕਿੱਥੇ ਹੈ? ਕਿਸਾਨ ਪੁੱਛ ਰਿਹਾ ਹੈ ਕਿ ਮੇਰੀ ਫ਼ਸਲ ਦੀ ਕਦਰ ਕਿੱਥੇ ਹੈ? ਮਜ਼ਦੂਰ ਪੁੱਛ ਰਿਹਾ ਹੈ ਕਿ ਮੇਰੀ ਮਿਹਨਤ ਦੀ ਕੀਮਤ ਕਿੱਥੇ ਹੈ? ਅਤੇ ਆਮ ਪੰਜਾਬੀ ਪੁੱਛ ਰਿਹਾ ਹੈ ਕਿ ਪੰਜਾਬ ਦਾ ਭਵਿੱਖ ਕਿੱਥੇ ਹੈ?
ਉਹਨਾਂ ਕੋਲ ਪੰਜਾਬ ਦੇ ਭਵਿੱਖ ਦਾ ਕੋਈ ਰੋਡ ਮੈਪ ਨਹੀਂ। ਉਹਨਾਂ ਦਾ ਕੋਈ ਦੀਨ ਈਮਾਨ ਤੇ ਧਰਮ ਨਹੀਂ ਹੈ। ਕੋਈ ਪੰਜਾਬ ਦਾ ਵਾਰਸ ਅਖਵਾਉਂਦਾ ਹੈ, ਕੋਈ ਲੋਕਾਂ ਦਾ ਮਸੀਹਾ ਬਣਿਆ ਫਿਰਦਾ। ਆਪਣੇ ਆਪ ਨੂੰ ਧਰਮੀ ਅਖਵਾਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਹੈ। ਉਂਝ ਉਹ ਧਰਮ ਦੀਆਂ ਧੱਜੀਆਂ ਉਡਾਉਣ ਵਿੱਚ ਦੁਨੀਆਂ ਭਰ ਵਿੱਚ ਪ੍ਰਸਿੱਧ ਹੋਇਆ ਹੈ। ਉਹ ਨਕਲੀ ਛਿੱਤਰ ਪਰੇਡ ਕਰਵਾਉਣ ਲਈ ਡਰਾਮੇ ਰਚਦਾ ਹੈ। ਲੋਕ ਪੁੱਛਦੇ ਹਨ ਕਿ ਉਹ ਐਨੇ ਛਿੱਤਰ ਪਰੇਡ ਕਰਵਾ ਕੇ ਕਿਵੇਂ ਬਚਦਾ ਹੈ। ਮੀਡੀਆ ਵਿੱਚ ਬਿਆਨ ਆਉਂਦਾ ਹੈ, ਤੁਸੀਂ ਜਿੰਨੀ ਮਰਜ਼ੀ ਛਿੱਤਰ ਪਰੇਡ ਕਰ ਲਵੋ, ਗਿਰਝਾਂ ਉਹਨਾਂ ਦੇ ਨਾਲ ਹਨ। ਨਾਗਪੁਰੀ ਸੱਪ ਉਹਨਾਂ ਦੇ ਘਰ ਵਿੱਚ ਹਨ। ਪਿਛਲੇ ਦਿਨੀਂ ਗਿਰਝਾਂ ਨੂੰ ਉਹਨਾਂ ਗੁਰੂ ਦਾ ਬਾਜ਼ ਸਮਝਿਆ ਹੈ।
ਪਰ ਸਿਆਸੀ ਮੰਚਾਂ ਉੱਤੇ ਇਹ ਸਵਾਲ ਗਾਇਬ ਹਨ। ਉੱਥੇ ਸਿਰਫ਼ ਇੱਕੋ ਸਵਾਲ ਹੈ—ਅਗਲਾ ਮੁੱਖ ਮੰਤਰੀ ਕੌਣ? ਸਿਆਣੇ ਆਖਦੇ ਹਨ ਕਿ “ਮੁਰਦਾ ਬੋਲੂ, ਕਫ਼ਨ ਪਾੜੂ।” ਹੁਣ ਸਿਆਸਤ ਦੇ ਮੁਰਦੇ ਇੱਕ-ਦੂਜੇ ਦਾ ਸਿਰ ਤਾਂ ਨਹੀਂ ਪਾੜ ਸਕਦੇ, ਪਰ ਸ਼ਬਦਾਂ ਦੇ ਤੀਰਾਂ ਨਾਲ ਇੱਕ-ਦੂਜੇ ਨੂੰ ਵਿੰਨ੍ਹਣ ਵਿੱਚ ਕੋਈ ਕਸਰ ਨਹੀਂ ਛੱਡਦੇ। ਪ੍ਰੈੱਸ ਕਾਨਫਰੰਸਾਂ ਵਿੱਚ ਬਿਆਨ ਆਉਂਦੇ ਹਨ, ਬਿਆਨਾਂ ਦੇ ਜਵਾਬ ਆਉਂਦੇ ਹਨ, ਫਿਰ ਜਵਾਬ ਦੇ ਜਵਾਬ ਆਉਂਦੇ ਹਨ। ਲੋਕ ਸੋਚਦੇ ਰਹਿ ਜਾਂਦੇ ਹਨ ਕਿ ਪੰਜਾਬ ਕਿੱਥੇ ਹੈ? ਕਿਉਂਕਿ ਪੰਜਾਬ ਤਾਂ ਲਵਾਰਿਸ ਹੈ। ਹਰ ਕੋਈ ਇਧਰ ਓਡਾ ਦੀ ਗਧੀ ਵਾਂਗ ਮੂੰਹ ਚੁੱਕੀ ਆਉਂਦਾ ਹੈ। ਘਰ ਵਜਾਉਂਦਾ ਹੈ, ਛਰਦਾਰ ਜੀ ਵੋਟ ਬਣਾਉਂਦਾ ਹੈ। ਉਹਨਾਂ ਦੀ ਲੋੜ ਪੂਰੀ ਕਰਦਾ ਹੈ। ਛਰਦਾਰ ਜੀ।
“ਕਾਂਗਰਸ ਦਾ ਅੰਦਰਲਾ ਤਮਾਸ਼ਾ!”
ਹੁਣ ਜੇ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਇੱਕ ਪੁਰਾਣੀ ਕਹਾਵਤ ਯਾਦ ਆਉਂਦੀ ਹੈ ਕਿ “ਨੌਂ ਪੂਰਬੀਏ, ਅਠਾਰਾਂ ਚੁੱਲ੍ਹੇ, ਬਲਦਾ ਕੋਈ ਨਹੀਂ।” ਹਰ ਕੋਈ ਆਪਣੀ ਥਾਂ ਅੱਗ ਬਾਲਣ ਦੀ ਕੋਸ਼ਿਸ਼ ਵਿੱਚ ਹੈ, ਪਰ ਘਰ ਦੀ ਸਾਂਝੀ ਰਸੋਈ ਵਿੱਚੋਂ ਰੋਟੀ ਦੀ ਖੁਸ਼ਬੂ ਨਹੀਂ ਆ ਰਹੀ। ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੀ ਕੁਰਸੀ ਲਈ ਇੱਛਾਵਾਂ ਕਈ ਹੋ ਸਕਦੀਆਂ ਹਨ, ਪਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਪੰਜਾਬ ਦੀ ਕੁਰਸੀ ਲਈ ਵੀ ਕੋਈ ਸਾਂਝੀ ਸੋਚ ਹੈ? ਦਰਜਨ ਕੁ ਕਾਂਗਰਸੀ ਆਗੂ ਅਗਲੇ ਮੁੱਖ ਮੰਤਰੀ ਦੀ ਫੀਲਿੰਗ ਮਹਿਸੂਸ ਕਰਦੇ ਹਨ। ਉਹਨਾਂ ਨੇ ਨਵੇਂ ਵਸਤਰ ਸੁਆ ਕੇ ਪ੍ਰੈਸ ਕਰਕੇ ਰੱਖੇ ਹੋਏ ਹਨ।
ਕਈ ਆਗੂਆਂ ਦੇ ਬਿਆਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਚੋਣਾਂ ਅਜੇ ਦੂਰ ਨਹੀਂ, ਸਹੁੰ ਚੁੱਕ ਸਮਾਗਮ ਕੱਲ੍ਹ ਹੀ ਹੋਣਾ ਹੈ। ਕਿਸੇ ਨੇ ਮੰਤਰੀ ਮੰਡਲ ਦੀਆਂ ਕੁਰਸੀਆਂ ਗਿਣ ਲਈਆਂ ਹਨ, ਕਿਸੇ ਨੇ ਆਪਣੇ ਸਮਰਥਕਾਂ ਦੀ ਗਿਣਤੀ ਕਰ ਲਈ ਹੈ ਅਤੇ ਕਿਸੇ ਨੇ ਮਨ ਹੀ ਮਨ ਵਿੱਚ ਮੁੱਖ ਮੰਤਰੀ ਵਾਲੀ ਕੁਰਸੀ ਦਾ ਨਾਪ ਵੀ ਲੈ ਲਿਆ ਹੈ। ਪਰ ਪੰਜਾਬੀ ਲੋਕ ਪੁੱਛਦੇ ਹਨ ਕਿ “ਕੁਰਸੀ ਬਾਅਦ ਵਿੱਚ ਵੰਡ ਲੈਣਾ, ਪਹਿਲਾਂ ਪੰਜਾਬ ਦੀ ਵੰਡ ਹੋ ਰਹੀ ਤਾਕਤ ਨੂੰ ਜੋੜਨ ਦੀ ਕੋਈ ਯੋਜਨਾ ਬਣਾ ਲਵੋ?”
“ਭਗਵੀਂ ਸਿਉਂਕ ਦਾ ਡਰ!₹
ਸਿਆਸਤ ਵਿੱਚ ਵਿਚਾਰਾਂ ਦੀ ਅਸਹਿਮਤੀ ਸੁਭਾਵਿਕ ਹੈ। ਪਰ ਜਦੋਂ ਵਿਚਾਰਾਂ ਦੀ ਥਾਂ ਰੰਗਾਂ ਨਾਲ ਵਫ਼ਾਦਾਰੀ ਅਤੇ ਨਫ਼ਰਤ ਤੈਅ ਹੋਣ ਲੱਗੇ ਤਾਂ ਸਮੱਸਿਆ ਪੈਦਾ ਹੁੰਦੀ ਹੈ। ਜਿਹੜੇ ਆਗੂ ਆਪਣੀ ਪਾਰਟੀ ਦੇ ਅੰਦਰਲੇ ਵਿਰੋਧ ਨੂੰ ਵੀ ਬਾਹਰਲੇ ਦੁਸ਼ਮਣ ਦੇ ਖਾਤੇ ਵਿੱਚ ਪਾਉਣ ਲੱਗ ਪੈਣ, ਉਹ ਲੋਕਤੰਤਰ ਨੂੰ ਨਹੀਂ, ਆਪਣੀ ਕੁਰਸੀ ਨੂੰ ਬਚਾਉਂਦੇ ਹਨ। ਸਿਉਂਕ ਲੱਕੜ ਨੂੰ ਬਾਹਰੋਂ ਨਹੀਂ, ਅੰਦਰੋਂ ਖਾਂਦੀ ਹੈ।
ਸਿਆਸੀ ਪਾਰਟੀਆਂ ਵੀ ਬਾਹਰਲੇ ਵਿਰੋਧ ਨਾਲ ਨਹੀਂ, ਅੰਦਰਲੀ ਖੋਖਲਤਾ ਨਾਲ ਕਮਜ਼ੋਰ ਹੁੰਦੀਆਂ ਹਨ।
ਇਸ ਲਈ ਪੰਜਾਬ ਦੀਆਂ ਪਾਰਟੀਆਂ ਨੂੰ ਕਿਸੇ ਹੋਰ ਦੇ ਰੰਗ ਤੋਂ ਡਰਨ ਦੀ ਬਜਾਏ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
“ਮੁੱਖ ਮੰਤਰੀ ਬਣਨ ਦੀ ਰਹਿਰਸਲ!”
ਸਭ ਤੋਂ ਵੱਡਾ ਮਜ਼ਾਕ ਇਹ ਹੈ ਕਿ ਪੰਜਾਬ ਵਿੱਚ ਅੱਧੀ ਦਰਜਨ ਤੋਂ ਵੱਧ ਆਗੂਆਂ ਨੇ ਆਪਣੇ ਆਪ ਨੂੰ ਭਵਿੱਖ ਦਾ ਮੁੱਖ ਮੰਤਰੀ ਸਮਝਣਾ ਸ਼ੁਰੂ ਕਰ ਦਿੱਤਾ ਹੈ। ਅਜੇ ਲੋਕਾਂ ਨੇ ਵੋਟ ਪਾਉਣੀ ਹੈ, ਅਜੇ ਚੋਣ ਲੜਨੀ ਹੈ, ਅਜੇ ਨਤੀਜੇ ਆਉਣੇ ਹਨ ਪਰ ਕਈਆਂ ਨੇ ਤਾਂ ਮਨ ਵਿੱਚ ਸਹੁੰ ਚੁੱਕਣ ਦੀ ਰਹਿਰਸਲ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਸਿਆਸਤ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਜਿਹੜੇ ਲੋਕ ਪੰਜਾਬ ਦੀ ਚਿੰਤਾ ਕਰਨ ਦਾ ਦਾਅਵਾ ਕਰਦੇ ਹਨ, ਉਹ ਪੰਜਾਬ ਨਾਲੋਂ ਪਹਿਲਾਂ ਆਪਣੀ ਕੁਰਸੀ ਦੀ ਚਿੰਤਾ ਕਰਦੇ ਹਨ। ਪੰਜਾਬ ਨੂੰ ਵਾਰਸਾਂ ਦੀ ਨਹੀਂ, ਜ਼ਿੰਮੇਵਾਰਾਂ ਦੀ ਲੋੜ ਹੈ। ਪੰਜਾਬ ਨੂੰ ਅਜਿਹੇ ਆਗੂ ਨਹੀਂ ਚਾਹੀਦੇ ਜਿਹੜੇ ਚੋਣਾਂ ਵੇਲੇ ਪੰਜਾਬ ਨੂੰ ਆਪਣੀ ਮਾਂ ਅਤੇ ਚੋਣਾਂ ਤੋਂ ਬਾਅਦ ਵੋਟਰਾਂ ਨੂੰ ਆਪਣੀ ਜਾਇਦਾਦ ਸਮਝਣ। ਪੰਜਾਬ ਨੂੰ ਉਹ ਸਿਆਸਤ ਚਾਹੀਦੀ ਹੈ ਜਿਹੜੀ ਕੁਰਸੀ ਤੋਂ ਪਹਿਲਾਂ ਕਿਸਾਨ, ਮਜ਼ਦੂਰ, ਨੌਜਵਾਨ, ਔਰਤ, ਵਪਾਰੀ, ਮੁਲਾਜ਼ਮ ਅਤੇ ਆਮ ਮਨੁੱਖ ਦੀ ਗੱਲ ਕਰੇ। ਨਹੀਂ ਤਾਂ ਇਤਿਹਾਸ ਪੁੱਛੇਗਾ ਕਿ ਪੰਜਾਬ ਲਵਾਰਿਸ ਸੀ ਜਾਂ ਉਸ ਦੇ ਵਾਰਸ ਬਹੁਤ ਜ਼ਿਆਦਾ ਸਨ?
ਅਤੇ ਸ਼ਾਇਦ ਜਵਾਬ ਇਹ ਹੋਵੇ ਕਿ “ਪੰਜਾਬ ਲਵਾਰਿਸ ਨਹੀਂ ਸੀ; ਵਾਰਸਾਂ ਨੇ ਉਸ ਨੂੰ ਲਵਾਰਿਸ ਬਣਾ ਦਿੱਤਾ ਸੀ।”
ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੇ ਆਪ ਨੂੰ ਕੀ ਸਮਝਦੇ ਹਨ ?
ਦੂਰੋਂ ਆਵਾਜ਼ ਆਉਂਦੀ ਹੈ, “ਪੱਕੀਆਂ ਵੋਟਾਂ, ਭੁੱਖੀਆਂ ਵੋਟਾਂ।”
///+/+/
ਬੁੱਧ ਸਿੰਘ ਨੀਲੋਂ
9464370823












