ਨਵੀਂ ਦਿੱਲੀ, 30 ਅਗਸਤ,ਬੋਲੇ ਪੰਜਾਬ ਬਿਊਰੋ;
ਨੇਪਾਲ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹਨ। ਹੜ੍ਹਾਂ ਕਾਰਨ ਹੁਣ ਤੱਕ 675 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਰੀਬ 2400 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਆਪਣੇ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੇ ਲੋਕਾਂ ਦੀਆਂ ਨਜ਼ਰਾਂ ਹੁਣ ਵੀ ਆਪਣੇ ਪਿਆਰਿਆਂ ਦੀ ਭਾਲ ਵਿੱਚ ਹਨ।
ਨੇਪਾਲ ਵਿੱਚ ਹਰ ਗੁਜ਼ਰਦੇ ਘੰਟੇ ਦੇ ਨਾਲ ਨਵੀਂ ਤਬਾਹੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹੁਣ ਤਿੱਬਤ ਵਿੱਚ ਬਣੀਆਂ ਦੋ ਨਵੀਆਂ ਝੀਲਾਂ ਨੇ ਵੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਇੱਕ ਝੀਲ ਵਿੱਚੋਂ ਲਗਾਤਾਰ ਪਾਣੀ ਦਾ ਰਿਸਾਅ ਹੋ ਰਿਹਾ ਹੈ, ਜਦਕਿ ਦੂਜੀ ਝੀਲ ਦਾ ਆਕਾਰ ਲਗਾਤਾਰ ਵਧ ਰਿਹਾ ਹੈ। ਝੀਲਾਂ ਦੇ ਫਟਣ ਦੀ ਸੰਭਾਵਨਾ ਕਾਰਨ ਨੇਪਾਲ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਨਦੀਆਂ ਦਾ ਪਾਣੀ ਵਧਿਆ, ਪਿੰਡ ਕਰਵਾਏ ਖਾਲੀ
ਤ੍ਰਿਸ਼ੂਲੀ ਅਤੇ ਭੋਟੇਕੋਸ਼ੀ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਦੀ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਪਿੰਡਾਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਵੀ ਕੀਤੀ ਗਈ ਹੈ। ਬਾਢ ਕਾਰਨ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ ਅਤੇ ਰਾਹਤ ਤੇ ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਹੁਣ ਤੱਕ ਲਗਭਗ 4500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ।
ਨੇਪਾਲ ’ਚ 108 ਭਾਰਤੀ ਨਾਗਰਿਕਾਂ ਦਾ ਰੈਸਕਿਊ
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਨੇਪਾਲ ਵਿੱਚ ਹੁਣ ਤੱਕ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ। ਇਸ ਦੇ ਨਾਲ ਹੀ 275 ਤੋਂ ਵੱਧ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਭਾਰਤ ਵੱਲੋਂ ਨੇਪਾਲ ਨੂੰ ਰਾਹਤ ਸਮੱਗਰੀ, ਬਚਾਅ ਟੀਮਾਂ ਅਤੇ ਪੁਲ ਬਣਾਉਣ ਲਈ ਲੋੜੀਂਦਾ ਸਾਮਾਨ ਵੀ ਭੇਜਿਆ ਗਿਆ ਹੈ। ਚੀਨ ਵਿੱਚ ਮੌਜੂਦ ਕਰੀਬ 900 ਭਾਰਤੀ ਨਾਗਰਿਕਾਂ ਦੇ ਸੁਰੱਖਿਅਤ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਨੇਪਾਲ ਵਿੱਚ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ, ਜਦਕਿ ਨਵੀਆਂ ਝੀਲਾਂ ਅਤੇ ਵਧਦੇ ਨਦੀ ਦੇ ਪਾਣੀ ਕਾਰਨ ਪ੍ਰਸ਼ਾਸਨ ਦੀ ਚਿੰਤਾ ਲਗਾਤਾਰ ਵਧ ਰਹੀ ਹੈ।












