ਰਾਜਪੁਰਾ, 31 ਅਗਸਤ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਤਹਿਤ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਆਏ ਬਦਲਾਅ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਆਪਣੀ ਟੀਮ ਸਮੇਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ, ਰਾਜਪੁਰਾ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਕੂਲ ਵਿੱਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ, ਪੜ੍ਹਾਈ ਦੇ ਮਾਹੌਲ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸਕੂਲ ਮੁਖੀ ਅਤੇ ਸਮੂਹ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦੇ ਦਿੱਲੀ ਸਿੱਖਿਆ ਮਾਡਲ ਦੇ ਸਫਲ ਤਜਰਬਿਆਂ ਨੂੰ ਪੰਜਾਬ ਵਿੱਚ ਲਾਗੂ ਕਰਨ ਤੇ ਵਧੀਆ ਨਤੀਜੇ ਮਿਲੇ ਹਨ ਅਤੇ ਪੰਜਾਬ ਰਾਜ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਹੈ। ਪੰਜਾਬ ਸਿੱਖਿਆ ਕਰਾਂਤੀ ਤਹਿਤ ਹੋਈਆਂ ਪਹਿਲਕਦਮੀਆਂ ਕਾਰਨ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵੀ ਵਧਿਆ ਹੈ।
ਇਸ ਮੌਕੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਅਤੇ ਮੈਂਬਰ ਡਿਸਟ੍ਰਿਕਟ ਫੀਸ ਰੈਗੂਲੇਟਰੀ ਬਾਡੀ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ ਵਿਜੇ ਮੈਨਰੋ ਨੇ ਵੀ ਸਕੂਲ ਦੀਆਂ ਸਹੂਲਤਾਂ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਦੌਰੇ ਦੌਰਾਨ ਕੰਪਿਊਟਰ ਅਤੇ ਸਾਇੰਸ ਲੈਬਾਂ, ਇੰਟਰੈਕਟਿਵ ਪੈਨਲਾਂ, ਐਲਈਡੀ, ਆਧੁਨਿਕ ਫਰਨੀਚਰ ਅਤੇ ਵਾਧੂ ਕਲਾਸਰੂਮਾਂ, ਪਖਾਨਿਆਂ ਦਾ ਨਿਰੀਖਣ ਕੀਤਾ ਗਿਆ। ਵਿਦਿਆਰਥੀਆਂ ਨੇ ਸਰਕਾਰੀ ਸਕੂਲ ਵਿੱਚ ਮਿਲ ਰਹੀਆਂ ਆਧੁਨਿਕ ਸਹੂਲਤਾਂ ਪ੍ਰਤੀ ਖੁਸ਼ੀ ਪ੍ਰਗਟਾਈ।
ਇਸ ਮੌਕੇ ਸਕੂਲ ਡਿਪਟੀ ਡੀਈਓ ਸੈਕੰਡਰੀ ਪਟਿਆਲਾ ਡਾ. ਰਵਿੰਦਰਪਾਲ ਸਿੰਘ, ਅਮਰਿੰਦਰ ਮੀਰੀ ਪੀ ਏ ਟੂ ਵਿਧਾਇਕਾ ਹਲਕਾ ਰਾਜਪੁਰਾ, ਪ੍ਰਿੰਸੀਪਲ ਜਸਬੀਰ ਕੌਰ, ਰਾਜਿੰਦਰ ਸਿੰਘ ਚਾਨੀ, ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।












