ਚੰਡੀਗੜ੍ਹ 6 ਸਤੰਬਰ,ਬੋਲੇ ਪੰਜਾਬ ਬਿਊਰੋ;
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪਾਕਿਸਤਾਨ ਵੱਲੋਂ ਦਿੱਤੇ ਗਏ 56 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 8.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਛੱਕਾ ਲਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਮਹਿਜ਼ 55 ਦੌੜਾਂ ਬਣਾਈਆਂ ਸਨ ਜੋ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਪਾਕਿਸਤਾਨੀ ਪੂਰੀ ਟੀਮ ਬਹੁਤ ਹੀ ਘੱਟ ਸਕੋਰ ’ਤੇ ਆਲ ਆਊਟ ਹੋ ਗਈ ਸੀਦੁਬਈ ਵਿੱਚ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ ਮੁਕਾਬਲੇ ਵਿੱਚ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਭਾਰਤ ਖ਼ਿਲਾਫ਼ ਆਪਣੇ ਟੀ-20 ਇਤਿਹਾਸ ਦੇ ਸਭ ਤੋਂ ਘੱਟ ਸਕੋਰ ’ਤੇ ਆਊਟ ਹੋ ਗਈ ਹੈ। ਪਾਕਿਸਤਾਨੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਿਜ਼ 55 ਦੌੜਾਂ ’ਤੇ ਹੀ ਆਊਟ ਹੋ ਗਈ। ਇਸ ਤੋਂ ਪਹਿਲਾਂ ਟੀ-20 ਵਿੱਚ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ 56 ਦੌੜਾਂ ਸੀ, ਜੋ ਉਨ੍ਹਾਂ ਨੇ 2024 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਬਣਾਇਆ ਸੀ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਓਪਨਰਾਂ ਨੇ 27 ਦੌੜਾਂ ਦੀ ਸ਼ੁਰੂਆਤ ਵੀ ਦਿੱਤੀ ਪਰ ਇਸ ਤੋਂ ਬਾਅਦ ਪਾਕਿਸਤਾਨੀ ਬੱਲੇਬਾਜ਼ ਇਕ ਤੋਂ ਬਾਅਦ ਆਊਟ ਹੁੰਦੇ ਗਏ ਤੇ ਪੂਰੀ ਟੀਮ 18.1 ਓਵਰਾਂ ਵਿੱਚ ਮਹਿਜ਼ 55 ਦੌੜਾਂ ’ਤੇ ਆਊਟ ਹੋ ਗਈ।
ਪਾਕਿਸਤਾਨ ਵੱਲੋਂ ਮੁਨੀਬਾ ਅਲੀ ਨੇ 13 ਅਤੇ ਸ਼ਵਾਲ ਜ਼ੁਲਫ਼ਕਾਰ ਨੇ 14 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਮੈਦਾਨ ਵਿੱਚ ਟਿਕ ਨਾ ਸਕਿਆ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸ੍ਰੀ ਚਰਨੀ ਨੇ ਸਭ ਤੋਂ ਵੱਧ 3 ਵਿਕਟਾਂ (ਸਿਰਫ਼ 7 ਦੌੜਾਂ ਦੇ ਕੇ) ਅਤੇ ਪ੍ਰੇਮਾ ਰਾਵਤ ਨੇ ਵੀ 3 ਵਿਕਟਾਂ (9 ਦੌੜਾਂ ਦੇ ਕੇ) ਹਾਸਲ ਕੀਤੀਆਂ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ 2 ਅਤੇ ਸ਼ੈਫਾਲੀ ਵਰਮਾ ਨੇ ਇਕ ਵਿਕਟ ਆਪਣੇ ਨਾਂ ਕੀਤੀ।
ਇਸ ਤੋਂ ਪਹਿਲਾਂ ਦੁਬਈ ਵਿੱਚ ਸ਼ਨਿਚਰਵਾਰ ਨੂੰ ਮਹਿਲਾ ਏਸ਼ੀਆ ਕੱਪ 2026 ਦੇ ਅਹਿਮ ਮੁਕਾਬਲੇ ਵਿੱਚ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮੈਚ ਦੌਰਾਨ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨਾਲ ਟਾਸ ਸਮੇਂ ਹੱਥ ਨਹੀਂ ਮਿਲਾਇਆ ਤੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਹੱਥ ਨਾ ਮਿਲਾਉਣ ਦੀ ਰਵਾਇਤ ਕਾਇਮ ਰੱਖੀ।
ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨੇ ਕਿਹਾ ਸੀ ਕਿ ਉਹ ਪਹਿਲਾਂ ਬੱਲੇਬਾਜ਼ੀ ਕਰਕੇ ਵੱਡਾ ਸਕੋਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦੀ ਮਜ਼ਬੂਤ ਗੇਂਦਬਾਜ਼ੀ ਵਿਰੋਧੀ ਟੀਮ ਨੂੰ ਰੋਕ ਸਕੇ। ਉੱਥੇ ਹੀ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲਾਂ ਗੇਂਦਬਾਜ਼ੀ ਕਰਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਟੀਮ ਦੇ ਗੇਂਦਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਪਾਕਿਸਤਾਨ ਨੂੰ ਘੱਟ ਸਕੋਰ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨਗੇ।
ਭਾਰਤੀ ਪਲੇਇੰਗ 11 ਵਿੱਚ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪ੍ਰਤਿਕਾ ਰਾਵਲ, ਹਰਮਨਪ੍ਰੀਤ ਕੌਰ (ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼, ਦੀਪਤੀ ਸ਼ਰਮਾ, ਪ੍ਰੇਮਾ ਰਾਵਤ, ਨੰਦਨੀ ਸ਼ਰਮਾ, ਸ੍ਰੀ ਚਰਨੀ ਅਤੇ ਕ੍ਰਾਂਤੀ ਗੌੜ ਸ਼ਾਮਲ ਹਨ। ਜਦਕਿ ਪਾਕਿਸਤਾਨ ਵੱਲੋਂ ਮੁਨੀਬਾ ਅਲੀ, ਸ਼ਵਾਲ ਜ਼ੁਲਫ਼ਕਾਰ, ਗੁੱਲ ਫ਼ਿਰੋਜ਼ਾ, ਆਇਸ਼ਾ ਜ਼ਫ਼ਰ, ਸਦਫ਼ ਸ਼ਮਾਸ, ਫਾਤਿਮਾ ਸਨਾ (ਕਪਤਾਨ), ਹਾਨੀ, ਈਮਨ ਫਾਤਿਮਾ, ਟੂਬਾ ਹਸਨ, ਨਾਸ਼ਰਾ ਸੰਧੂ ਅਤੇ ਸਾਦੀਆ ਇਕਬਾਲ ਹਨ।












