ਨਵੀਂ ਦਿੱਲੀ6 ਸਤੰਬਰ ,ਬੋਲੇ ਪੰਜਾਬ ਬਿਊਰੋ;
ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ) ਨੇ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਖ਼ਿਲਾਫ਼ ਕਥਿਤ ਤੌਰ ’ਤੇ ਜਾਇਦਾਦ ਵਧਾ-ਚੜ੍ਹਾ ਕੇ ਦਿਖਾਉਣ ਮਗਰੋਂ ਲਾਈਫ ਇੰਸੋਰੈਂਸ਼ ਕਾਰਪੋਰੇਸ਼ਨ ਹਾਊਸਿੰਗ ਫਾਇਨਾਂਸ ਲਿਮਟਿਡ (ਐੱਲ ਆਈ ਸੀ ਐੱਚ ਐੱਫ ਐੱਲ) ਤੋਂ ਕਰਜ਼ਾ ਲੈਣ ਦੇ ਮਾਮਲੇ ’ਚ ਐੱਫ ਆਈ ਆਰ ਦਰਜ ਕੀਤੀ ਹੈ। ਅਧਿਕਾਰੀਆਂ ਮੁਤਾਬਕ ਕਰਜ਼ਾ ਨਾ ਮੋੜਨ ਕਾਰਨ ਕੰਪਨੀ ਨੂੰ 1322 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਐੱਲ ਆਈ ਸੀ ਐੱਚ ਐੱਫ ਐੱਲ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ, ਜੋ ਹੁਣ ਐੱਫ ਆਈ ਆਰ ਦਾ ਹਿੱਸਾ ਹੈ, ਕਿ ਚੰਦਰਾ ਨੇ ਆਪਣੀ ਕੁੱਲ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ ਪੇਸ਼ ਕੀਤੇ ਸੀ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ 980 ਕਰੋੜ ਰੁਪਏ ਦੇ ਦੋ ਕਰਜ਼ਿਆਂ ਨੂੰ ਮਨਜ਼ੂਰੀ ਦਿੰਦਿਆਂ ਰਕਮ ਜਾਰੀ ਕੀਤੀ ਗਈ ਸੀ। ਐੱਫ ਆਈ ਆਰ ਵਿੱਚ ਨਾਮਜ਼ਦ ਦੋਸ਼ੀ ਤਰਫ਼ੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਐੱਫ ਆਈ ਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹ ਸ਼ਿਕਾਇਤ ਵਸੰਤ ਸਾਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਗਈ 500 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਨਾਲ ਜੁੜੀ ਹੈ, ਜਿਸ ਵਿੱਚ ਪੈਨ ਇੰਡੀਆ ਇਨਫਰਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸਨ। ਇਸ ਤੋਂ ਇਲਾਵਾ 480 ਕਰੋੜ ਰੁਪਏ ਦਾ ਕਰਜ਼ਾ ਡਿਜੀਟਲ ਸਬਸਕਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਸਪ੍ਰਿਟ ਇਨਫਰਾ ਪਾਵਰ ਐਂਡ ਮਲਟੀ ਵੈਂਚਰਜ਼ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸਨ।ਕਰਜ਼ਦਾਤਾ ਮੁਤਾਬਕ ਚੰਦਰਾ ਵੱਲੋਂ ਜਮ੍ਹਾਂ ਕੀਤਾ ਗਿਆ ਨੈੱਟ ਵਰਥ ਸਰਟੀਫਿਕੇਟ 28 ਮਾਰਚ, 2018 ਨੂੰ ਡੀ ਆਈ ਐੱਮ ਐਂਡ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਦੀ ਕੁੱਲ ਜਾਇਦਾਦ ਲਗਭਗ 59,000 ਕਰੋੜ ਦੱਸੀ ਗਈ ਸੀ ਪਰ ਬਾਅਦ ਵਿੱਚ ਇਹ ਦਾਅਵਾ ਫ਼ਰਜ਼ੀ ਨਿਕਲਿਆ।












