ਸਟਾਫ ਦੇ ਡੀ.ਏ. ਵਿੱਚ 15 ਫੀਸਦੀ ਵਾਧਾ, ਮੈਡੀਕਲ ਤੇ ਜੀਵਨ ਬੀਮੇ ਦੀ ਸਹੂਲਤ; ਕੀਮੋਥੈਰੇਪੀ ਅੱਧੀਆਂ ਦਰਾਂ ’ਤੇ ਜਲਦ ਸ਼ੁਰੂ
ਨਵੀਂ ਦਿੱਲੀ, 12 ਸਤੰਬਰ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹੋਇਆ, ਜਿੱਥੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ, ਜਦਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨਤਾ ਬਖ਼ਸ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੰਥ ਦਾ ਸਦੀਵੀ ਗੁਰੂ ਸਥਾਪਿਤ ਕੀਤਾ। ਇਸ ਮੌਕੇ ਭਾਈ ਪ੍ਰੇਮ ਸਿੰਘ ਬੰਧੂ ਦੇ ਕੀਰਤਨੀ ਜਥੇ ਨੂੰ ‘ਸਾਲ ਦੇ ਸਰਵੋਤਮ ਕੀਰਤਨੀਏ’ ਦਾ ਐਵਾਰਡ ਦੇ ਕੇ 1.25 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵੱਲੋਂ ਸਟਾਫ ਅਤੇ ਸੰਗਤ ਲਈ ਕਈ ਅਹਿਮ ਐਲਾਨ ਵੀ ਕੀਤੇ ਗਏ। ਮੁਲਾਜ਼ਮਾਂ ਦੇ ਡੀ.ਏ. ਵਿੱਚ 15 ਫੀਸਦੀ ਵਾਧਾ ਕਰਨ ਦੇ ਨਾਲ ਮੁਫ਼ਤ ਜੀਵਨ ਬੀਮਾ ਅਤੇ ਮੈਡੀਕਲ ਬੀਮੇ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ। ਬਾਲਾ ਸਾਹਿਬ ਹਸਪਤਾਲ ਵਿੱਚ ਐੱਮ.ਆਰ.ਆਈ. ਅਤੇ ਸੀ.ਟੀ. ਸਕੈਨ 50 ਰੁਪਏ ਵਿੱਚ, ਡਾਇਲਸਿਸ ਮੁਫ਼ਤ ਅਤੇ ਪੈਟ ਸਕੈਨ ਸਾਢੇ 7 ਹਜ਼ਾਰ ਰੁਪਏ ਵਿੱਚ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹਸਪਤਾਲ ਵਿੱਚ ਜਲਦ ਕੀਮੋਥੈਰੇਪੀ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਲਾਗਤ ਬਾਜ਼ਾਰ ਨਾਲੋਂ ਲਗਭਗ ਅੱਧੀ ਹੋਵੇਗੀ। ਇਸ ਤੋਂ ਇਲਾਵਾ ਮਾਤਾ ਸੁੰਦਰੀ ਜੀ ਕੰਪਲੈਕਸ ਵਿੱਚ ਸਟਾਫ ਲਈ ਕਰੀਬ 90 ਕੁਆਰਟਰ ਤਿਆਰ ਕੀਤੇ ਜਾ ਰਹੇ ਹਨ ਅਤੇ ਪੂਰਨ ਗੁਰਸਿੱਖ ਪਰਿਵਾਰਾਂ ਦੇ ਯੋਗ ਬੱਚਿਆਂ ਦੀ ਸਕੂਲ ਫੀਸ ਕਮੇਟੀ ਵੱਲੋਂ ਅਦਾ ਕਰਨ ਦੇ ਫੈਸਲੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।












