ਮੰਡੀ ਗੋਬਿੰਦਗੜ੍ਹ, 14 ਸਤੰਬਰ ,ਬੋਲੇ ਪੰਜਾਬ ਬਿਊਰੋ:
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਸੀਨੀਅਰ ਜਰਨਲਿਸਟਸ ਫੋਰਮ ਚੰਡੀਗੜ੍ਹ (ਐੱਸ.ਜੇ.ਐੱਫ.), ਦੇ ਪਹਿਲੇ ਸਾਲਾਨਾ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਅਤੇ ਅਕਾਦਮਿਕ ਅਗਵਾਈ ਲਈ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਦੇਸ਼ ਭਗਤ ਯੂਨੀਵਰਸਿਟੀ ਅਮੈਰਿਕਾਜ਼ ਦੇ ਪ੍ਰੈਜ਼ੀਡੈਂਟ ਪ੍ਰੋ. (ਡਾ.) ਸੰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਚੰਡੀਗੜ੍ਹ ਦੇ ਸੈਕਟਰ 37 ਸਥਿਤ ਲਾਅ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਜਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਜ਼ੋਰਾ ਸਿੰਘ ਅਤੇ ਪ੍ਰੋ. (ਡਾ.) ਸੰਦੀਪ ਸਿੰਘ ਦੀ ਵਿਲੱਖਣ ਅਗਵਾਈ, ਸਿੱਖਿਆ ਦੇ ਉੱਚ ਮਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਅਕਾਦਮਿਕ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੱਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਚੰਡੀਗੜ੍ਹ ਪੁਲਿਸ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ 30 ਸਤੰਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਵਪਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਪਸ਼ਟ ਮਿਆਦ ਦਿੱਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਧਾਰਤ ਮਿਤੀ ਤੋਂ ਬਾਅਦ ਵੀ ਜੇਕਰ ਸਬੰਧਤ ਖੇਤਰਾਂ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਰੀ ਰਹੀ ਤਾਂ ਥਾਣਾ ਮੁਖੀਆਂ (ਐੱਸ.ਐੱਚ.ਓਜ਼) ਅਤੇ ਖੇਤਰੀ ਅਮਲੇ ਵਿਰੁੱਧ ਸਿੱਧੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਸਾਂਝੀ ਸਮਾਜਿਕ ਜ਼ਿੰਮੇਵਾਰੀ ’ਤੇ ਜ਼ੋਰ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਪੂਰੇ ਸਮਾਜ ਦੀ ਸਰਗਰਮ ਸ਼ਮੂਲੀਅਤ ਨਾਲ ਹੀ ਸੰਭਵ ਹੈ। ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਅਤੇ ਹਾਲੀਆ ਹੜ੍ਹਾਂ ਦੌਰਾਨ ਭਾਈਚਾਰਿਆਂ ਵੱਲੋਂ ਦਿਖਾਈ ਗਈ ਏਕਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਪ੍ਰਭਾਵਿਤ ਨੌਜਵਾਨਾਂ ਦੇ ਮੁੜ ਵਸੇਬੇ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ, ਹੁਨਰ ਵਿਕਾਸ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਮੁੜ ਸੰਵਾਰਨ ਅਤੇ ਸਮਾਜ ਵਿੱਚ ਉਸਾਰੂ ਯੋਗਦਾਨ ਪਾਉਣ ਦੇ ਯੋਗ ਬਣਾਇਆ ਜਾਣਾ ਚਾਹੀਦਾ ਹੈ।
ਰਾਜਪਾਲ ਕਟਾਰੀਆ ਨੇ ਪੱਤਰਕਾਰੀ ਨੂੰ ਖੁਸ਼ਹਾਲ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਲਈ ਅਤਿ-ਜ਼ਰੂਰੀ ਦੱਸਿਆ। ਉਨ੍ਹਾਂ ਮੀਡੀਆ ਕਰਮੀਆਂ ਨੂੰ ਨਿਰਪੱਖ ਰਹਿਣ, ਉਸਾਰੂ ਮਨੋਰਥ ਨਾਲ ਕੰਮ ਕਰਨ ਅਤੇ ਪ੍ਰਸ਼ਾਸਨਿਕ ਤੇ ਸਿਆਸੀ ਕਮੀਆਂ ਨੂੰ ਨਿਡਰਤਾ ਨਾਲ ਉਜਾਗਰ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹਿੰਦੁਸਤਾਨ ਟਾਈਮਜ਼ ਦੇ ਕਾਰਜਕਾਰੀ ਸੰਪਾਦਕ ਰਮੇਸ਼ ਵਿਨਾਇਕ ਨੇ ਕਿਹਾ ਕਿ ਬਦਲਦੇ ਮੀਡੀਆ ਰੁਝਾਨਾਂ ਅਤੇ ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ’ਤੇ ਵਧ ਰਹੀ ਨਿਰਭਰਤਾ ਦੇ ਬਾਵਜੂਦ ਪ੍ਰਿੰਟ ਪੱਤਰਕਾਰੀ ਨੂੰ ਅੱਜ ਵੀ ਲੋਕਾਂ ਦਾ ਬੇਮਿਸਾਲ ਭਰੋਸਾ ਅਤੇ ਵਿਸ਼ਵਾਸਯੋਗਤਾ ਹਾਸਲ ਹੈ। ਉਨ੍ਹਾਂ ਮੀਡੀਆ ਅਦਾਰਿਆਂ ’ਤੇ ਵਧ ਰਹੇ ਦਬਾਅ ਨੂੰ ਵੀ ਉਜਾਗਰ ਕੀਤਾ ਅਤੇ ਪੱਤਰਕਾਰਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਇਕਜੁੱਟ ਰਹਿੰਦਿਆਂ ਆਪਣੀਆਂ ਸਾਂਝੀਆਂ ਚਿੰਤਾਵਾਂ ਨੂੰ ਉਠਾਉਣ ਦਾ ਸੱਦਾ ਦਿੱਤਾ। ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਹਰੀਸ਼ ਮਾਨਵ ਅਤੇ ਹੋਰ ਤਜਰਬੇਕਾਰ ਮੀਡੀਆ ਕਰਮੀਆਂ ਨੇ ਵੀ ਬਦਲਦੇ ਮੀਡੀਆ ਦ੍ਰਿਸ਼ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸੀਨੀਅਰ ਜਰਨਲਿਸਟਸ ਫੋਰਮ ਵੱਲੋਂ ਉਠਾਈਆਂ ਗਈਆਂ ਮੰਗਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਜਪਾਲ ਕਟਾਰੀਆ ਨੇ ਕੌਮੀ ਸਿਹਤ ਯੋਜਨਾਵਾਂ ਦੀ ਉਪਲਬਧਤਾ ਦਾ ਜ਼ਿਕਰ ਕੀਤਾ ਅਤੇ ਪੱਤਰਕਾਰਾਂ ਵੱਲੋਂ ਵਿਅਕਤੀਗਤ ਤੌਰ ’ਤੇ ਪੇਸ਼ ਕੀਤੇ ਜਾਣ ਵਾਲੇ ਵਿਸ਼ੇਸ਼ ਐਮਰਜੈਂਸੀ ਮਾਮਲਿਆਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਸੀਨੀਅਰ ਜਰਨਲਿਸਟਸ ਫੋਰਮ ਲਈ ਇੱਕ ਸਮਰਪਿਤ ਇਮਾਰਤ ਦੀ ਮੰਗ ਸਬੰਧੀ ਉਨ੍ਹਾਂ ਸਪਸ਼ਟ ਕੀਤਾ ਕਿ ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦੇ ਦਿਸ਼ਾ-ਨਿਰਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਜ਼ਮੀਨ ਦੀ ਸਿੱਧੀ ਵੰਡ ’ਤੇ ਰੋਕ ਲਗਾਉਂਦੇ ਹਨ। ਹਾਲਾਂਕਿ, ਉਨ੍ਹਾਂ ਸੁਝਾਅ ਦਿੱਤਾ ਕਿ ਮੰਚ ਕਿਸੇ ਮੌਜੂਦਾ ਖਾਲੀ ਇਮਾਰਤ ਦੀ ਸੰਭਾਵਿਤ ਵਰਤੋਂ ਲਈ ਪ੍ਰਸਤਾਵ ਪੇਸ਼ ਕਰ ਸਕਦਾ ਹੈ।
ਰਾਜਪਾਲ ਨੇ ਹਰ ਬੁੱਧਵਾਰ ਲਗਾਏ ਜਾਂਦੇ ਆਪਣੇ ਹਫ਼ਤਾਵਾਰੀ ਜਨਤਾ ਦਰਬਾਰਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਨਾਗਰਿਕਾਂ ਨੂੰ ਆਪਣੀਆਂ ਸ਼ਿਕਾਇਤਾਂ ਸਿੱਧੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦਾ ਮੌਕਾ ਪ੍ਰਦਾਨ ਕਰਦੇ ਹਨ।
ਸਮਾਗਮ ਦੌਰਾਨ ਸਿਹਤ, ਸਿੱਖਿਆ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਸਮਾਜ ਪ੍ਰਤੀ ਪਾਏ ਯੋਗਦਾਨ ਲਈ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪ੍ਰੋ. (ਡਾ.) ਰਵਨੀਤ ਕੌਰ, ਡਾਇਰੈਕਟਰ-ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.), ਚੰਡੀਗੜ੍ਹ। ਪ੍ਰੋ. (ਡਾ.) ਯਸ਼ ਪਾਲ ਸ਼ਰਮਾ, ਦਿਲ ਦੇ ਰੋਗਾਂ ਦਾ ਵਿਭਾਗ, ਪੀ.ਜੀ.ਆਈ.ਐੱਮ.ਈ.ਆਰ., ਚੰਡੀਗੜ੍ਹ। ਡਾ. ਰਵੀ ਗੁਪਤਾ, ਚੇਅਰਮੈਨ ਅਤੇ ਹੱਡੀਆਂ ਦੇ ਰੋਗਾਂ ਦੇ ਵਿਭਾਗ ਦੇ ਮੁਖੀ, ਪਾਰਸ ਹਸਪਤਾਲ, ਪੰਚਕੂਲਾ।ਪ੍ਰੋ. (ਡਾ.) ਹਰਸ਼ਿੰਦਰ ਕੌਰ, ਬਾਲ ਸਰਜਰੀ ਵਿਭਾਗ ਦੀ ਪ੍ਰੋਫੈਸਰ, ਰਜਿੰਦਰਾ ਹਸਪਤਾਲ, ਪਟਿਆਲਾ ਅਤੇ ਪ੍ਰਸਿੱਧ ਲੇਖਿਕਾ ਤੇ ਸਮਾਜ ਸੇਵਿਕਾ। ਪ੍ਰੋ. (ਡਾ.) ਸੰਜੇ ਕੁਮਾਰ, ਵਾਈਸ-ਚਾਂਸਲਰ, ਰਯਾਤ ਬਾਹਰਾ ਯੂਨੀਵਰਸਿਟੀ ਸ਼ਾਮਲ ਸਨ।
ਸਮਾਗਮ ਵਿੱਚ ਫੋਰਮ ਦੇ ਸਰਪ੍ਰਸਤ ਸੁਖਦੇਵ ਸਿੰਘ, ਪ੍ਰਧਾਨ ਜਗਤਾਰ ਸਿੰਘ ਸਿੱਧੂ, ਚੇਅਰਮੈਨ ਏ.ਐੱਸ. ਪ੍ਰਾਸ਼ਰ, ਜਨਰਲ ਸਕੱਤਰ ਕੇਵਲ ਭਾਰਤੀ, ਖ਼ਜ਼ਾਨਚੀ ਸੁਰਿੰਦਰ ਸਿੰਘ ਗਰੋਆ, ਮੀਤ ਪ੍ਰਧਾਨ ਪੀ.ਜੇ.ਐੱਸ. ਤ੍ਰੇਹਨ, ਸੀਨੀਅਰ ਪੱਤਰਕਾਰ ਨਿਤਿਨ ਜੈਨ ਅਤੇ ਹੋਰ ਪ੍ਰਮੁੱਖ ਮੀਡੀਆ ਕਰਮੀ ਹਾਜ਼ਰ ਸਨ।
ਸਮਾਗਮ ਦੀ ਸਮਾਪਤੀ ਕੇਕ ਕੱਟਣ ਦੀ ਰਸਮ ਨਾਲ ਹੋਈ। ਇਸ ਤੋਂ ਬਾਅਦ ਪ੍ਰੀਤਮ ਰੁਪਲ ਦੀ ਅਗਵਾਈ ਹੇਠ ਬਾਬਿਆਂ ਵੱਲੋਂ ਜੋਸ਼ ਭਰਪੂਰ ਮਲਵਈ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।












