ਅਕਾਲੀ ਦਲ ਦੇ ਆਗੂ ਅਤੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 16 ਸਤੰਬਰ ,ਬੋਲੇ ਪੰਜਾਬ ਬਿਊਰੋ;

ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਇਹ ਕੇਸ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਔਰਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਇਨ੍ਹਾਂ ਦੋਸ਼ਾਂ ਸੰਬੰਧੀ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਆਪਣੇ ਬਿਆਨ ਵੀ ਦਰਜ ਕਰਵਾਏ ਹਨ। ਚਾਵਲਾ ਵਿਰੁੱਧ ਬੀ ਐੱਨ ਐੱਸ ਦੀਆਂ ਧਾਰਾਵਾਂ 63, 64, 127(2), ਅਤੇ 351(2) ਤਹਿਤ ਕੇਸ ਦਰਜ ਕੀਤਾ ਗਿਆ ਹੈ।ਅੱਜ ਸ਼ਾਮ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ, ਚਾਵਲਾ ਨੇ ਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਨੂੰ ਝੂਠੇ ਅਤੇ ਮਨਘੜਤ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ ਅਤੇ ਕਿਹਾ ਕਿ ਉਹ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨਗੇਵੀਡੀਓ ਵਿੱਚ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੋਵਾਂ ਤੋਂ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਕੇਸ ਕਾਰਨ ਉਨ੍ਹਾਂ ਦੀ ਪਾਰਟੀ ਲਈ ਕੋਈ ਮੁਸ਼ਕਲ ਖੜ੍ਹੀ ਹੋਵੇ।

ਚਾਵਲਾ ਨੇ ਕਿਹਾ, “ਮੈਂ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ ਹੈ।”

ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ, ਉਦੋਂ ਤੱਕ ਉਹ ਕਿਸੇ ਵੀ ਅਹੁਦੇ ‘ਤੇ ਵਾਪਸ ਨਹੀਂ ਆਉਣਗੇ।

ਇਸ ਮਾਮਲੇ ਵਿੱਚ ਰੋਪੜ ਪੁਲੀਸ ਵੱਲੋਂ ਅਧਿਕਾਰਤ ਜਾਣਕਾਰੀ ਨਾ ਮਿਲਣਾ ਹੈਰਾਨੀ ਦੀ ਗੱਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਤੱਥਾਂ ਨੂੰ ਗੁਪਤ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹੇਠਲੇ ਪੱਧਰ ਦੇ ਪੁਲੀਸ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐੱਫ ਆਈ ਆਰ (FIR) ਦਰਜ ਕਰ ਲਈ ਗਈ ਹੈ, ਪਰ ਸੀਨੀਅਰ ਅਧਿਕਾਰੀ ਵੇਰਵੇ ਸਾਂਝੇ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਰੋਪੜ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਕੇਸ ਦੀ ਪੁਸ਼ਟੀ ਅਤੇ ਵੇਰਵਿਆਂ ਲਈ ਕੀਤੇ ਫੋਨ ਕਾਲਾਂ ਜਾਂ ਵਟਸਐਪ ਸੰਦੇਸ਼ਾਂ ਦਾ ਜਵਾਬ ਨਹੀਂ ਦਿੱਤਾ। ਜਦੋਂ ਰੋਪੜ ਰੇਂਜ ਦੇ ਡੀ ਆਈ ਜੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਇਸ ਮਾਮਲੇ ਬਾਰੇ ਅਣਜਾਣ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਮਾਮਲੇ ਦੇ ਤੱਥਾਂ ਦੀ ਜਾਂਚ ਕਰਨਗੇ।

ਉੱਥੇ ਹੀ ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਕੇਸ ‘ਤੇ ਕੋਈ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਐੱਫ ਆਈ ਆਰ ਦਰਜ ਕਰਨ ਦੇ ਹਾਲਾਤ, ਜਿਨ੍ਹਾਂ ਵਿੱਚ ਲਗਾਈਆਂ ਗਈਆਂ ਧਾਰਾਵਾਂ, ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਅਤੇ ਪੁਲੀਸ ਜਾਂਚ ਦੇ ਪੜਾਅ ਸ਼ਾਮਲ ਹਨ, ਦੀ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।