ਪਟਿਆਲਾ, 22 ਸਤੰਬਰ, ਬੋਲੇ ਪੰਜਾਬ ਬਿਊਰੋ :
ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਵਿਦੇਸ਼ੀ ਕੋਚ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਰਾਸ਼ਟਰੀ ਪੱਧਰ ਦੀ ਇੱਕ 16 ਸਾਲਾ ਖਿਡਾਰਨ ਨੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਿਖਲਾਈ ਦੌਰਾਨ ਕੋਚ ਨੇ ਉਸ ਨਾਲ ਅਣਉਚਿਤ ਵਿਵਹਾਰ ਕੀਤਾ।
ਖਿਡਾਰਨ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 18 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਵਿਦੇਸ਼ੀ ਕੋਚ ਖ਼ਿਲਾਫ਼ POCSO ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ, ਖਿਡਾਰਨ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਸਿਖਲਾਈ ਲੈ ਰਹੀ ਸੀ ਜਦੋਂ ਇਹ ਕਥਿਤ ਦੁਰਵਿਵਹਾਰ ਹੋਇਆ। ਰਿਪੋਰਟਾਂ ਦੱਸਦੀਆਂ ਹਨ ਕਿ ਜਿਨਸੀ ਸ਼ੋਸ਼ਣ ਦੀ ਘਟਨਾ FIR ਦਰਜ ਹੋਣ ਤੋਂ ਸੱਤ ਦਿਨ ਪਹਿਲਾਂ ਵਾਪਰੀ ਸੀ।
ਇਹ ਘਟਨਾ NIS ਕੈਂਪਸ ਦੇ ਅੰਦਰ ਵਾਪਰੀ, ਜਿਸ ਤੋਂ ਬਾਅਦ ਖਿਡਾਰਨ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਉਸਦੇ ਪਿਤਾ ਦੇ ਪਟਿਆਲਾ ਪਹੁੰਚਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਹਾਲਾਂਕਿ ਇਸ ਤੋਂ ਪਹਿਲਾਂ ਖੇਡ ਸੰਸਥਾ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ।
ਕੋਚ ਨੇ ਟੀਮ ਦੇ ਨਾਲ ਵਿਦੇਸ਼ ਦੌਰੇ ‘ਤੇ ਜਾਣਾ ਸੀ। ਮਾਮਲਾ ਦਰਜ ਕਰਨ ਦੇ ਨਾਲ-ਨਾਲ ਪੁਲਿਸ ਨੇ ਕੋਚ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ। ਉਹ ਕੁਝ ਮਹੀਨੇ ਪਹਿਲਾਂ ਪਟਿਆਲਾ ਪਹੁੰਚਿਆ ਸੀ ਅਤੇ NIS ਕੈਂਪਸ ਵਿੱਚ ਸਟਾਫ ਕੁਆਰਟਰਾਂ ਵਿੱਚ ਰਹਿ ਰਿਹਾ ਸੀ।












