ਮੋਗਾ 22 ਸਤੰਬਰ ,ਬੋਲੇ ਪੰਜਾਬ ਬਿਊਰੋ;
ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਥੇ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਥਾਣਾ ਮਹਿਣਾ ਵਿਖੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟਾਂ ਪਾਉਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੈ। ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਪੁਲੀਸ ਨੇ ਅੱਜ ਉਸ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ।ਦੂਜੇ ਪਾਸੇ, ਮਹਿਰੋਂ ਦੇ ਵਕੀਲ ਨੇ ਦੱਸਿਆ ਕਿ ਤੱਥਾਂ ਨੂੰ ਤੋੜ-ਮਰੋੜ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸੀ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਕੋਈ ਸਚਾਈ ਨਹੀਂ ਹੈ। ਵਕੀਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਿਦਾਇਤਾਂ ਹਨ ਕਿ ਇੱਕ ਵਾਰ ਬਰੀ ਕੀਤੇ ਮੁਕੱਦਮੇ ਨੂੰ ਅਦਾਲਤ ਵਿੱਚ ਦੁਬਾਰਾ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਕੇਸ ਦੀ ਪੈਰਵੀ ਅਤੇ ਘੋਖ ਕਰ ਰਹੇ ਹਨ।












