ਪਰਮਜੀਤ ਸਿੰਘ ਵੀਰਜੀ ਦੇ ਉਪਰਾਲਿਆਂ ਸਦਕਾ ਸੰਗਤ ਨੇ ਕੀਤੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ

ਨੈਸ਼ਨਲ ਪੰਜਾਬ

ਗਵਾਲੀਅਰ ਦੇ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਤੋਂ ਆਗਰਾ ਦੇ ਗੁਰਦੁਆਰਾ ਗੁਰੂ ਕੇ ਤਾਲ ਤੱਕ ਸੰਗਤ ਨੂੰ ਜੋੜਿਆ ਸਿਖ ਇਤਿਹਾਸ ਨਾਲ

ਨਵੀਂ ਦਿੱਲੀ, 25 ਸਤੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਧਰਮ ਪ੍ਰਚਾਰ ਨੂੰ ਸਿਰਫ਼ ਮੰਚਾਂ, ਭਾਸ਼ਣਾਂ ਅਤੇ ਐਲਾਨਾਂ ਤੱਕ ਸੀਮਤ ਰੱਖਣ ਦੀ ਬਜਾਏ ਸੰਗਤ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸੇਵਾ ਨਾਲ ਅਮਲੀ ਤੌਰ ’ਤੇ ਜੋੜਨ ਲਈ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਜੀਤ ਸਿੰਘ ਵੀਰਜੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣ ਰਹੇ ਹਨ। ਇਸੇ ਲੜੀ ਤਹਿਤ ਸੰਗਤ ਨੂੰ ਗਵਾਲੀਅਰ ਦੇ ਇਤਿਹਾਸਿਕ ਗੁਰਦੁਆਰਾ ਦਾਤਾ ਬੰਦੀ ਛੋੜ ਦੇ ਦਰਸ਼ਨ ਕਰਵਾਏ ਗਏ। ਇਸ ਤੋਂ ਬਾਅਦ ਵਾਪਸੀ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਗੁਰੂ ਕੇ ਤਾਲ, ਆਗਰਾ ਵਿਖੇ ਵੀ ਸੰਗਤ ਨੇ ਨਤਮਸਤਕ ਹੋ ਕੇ ਦਰਸ਼ਨ-ਦੀਦਾਰੇ ਕੀਤੇ। ਇਸ ਮੌਕੇ ਸੰਗਤ ਨੂੰ ਇਨ੍ਹਾਂ ਇਤਿਹਾਸਿਕ ਅਸਥਾਨਾਂ ਨਾਲ ਜੁੜੇ ਸਿੱਖ ਇਤਿਹਾਸ ਨੂੰ ਨੇੜਿਓਂ ਜਾਣਨ ਅਤੇ ਗੁਰਬਾਣੀ ਨਾਲ ਜੁੜਨ ਦਾ ਮੌਕਾ ਮਿਲਿਆ। ਪਰਮਜੀਤ ਸਿੰਘ ਵੀਰਜੀ ਵੱਲੋਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਆਪਣੇ ਧਾਰਮਿਕ ਵਿਰਸੇ ਨਾਲ ਜੋੜਨਾ ਦੱਸਿਆ ਜਾ ਰਿਹਾ ਹੈ। ਗੁਰਧਾਮਾਂ ਦੇ ਦਰਸ਼ਨਾਂ ਰਾਹੀਂ ਸੰਗਤ ਨੂੰ ਇਤਿਹਾਸਿਕ ਅਸਥਾਨਾਂ ਨਾਲ ਜੋੜਨ ਦੀ ਇਹ ਪਹੁੰਚ ਧਰਮ ਪ੍ਰਚਾਰ ਨੂੰ ਸਿਰਫ਼ ਸੁਣਨ ਤੱਕ ਨਹੀਂ, ਸਗੋਂ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਉਸ ਨਾਲ ਭਾਵਨਾਤਮਕ ਤੌਰ ’ਤੇ ਜੁੜਨ ਦਾ ਮੌਕਾ ਦਿੰਦੀ ਹੈ। ਪਰਮਜੀਤ ਸਿੰਘ ਵੀਰਜੀ ਦੇ ਉਪਰਾਲਿਆਂ ਦੀ ਇੱਕ ਹੋਰ ਅਹਿਮ ਵਿਸ਼ੇਸ਼ਤਾ ਧਰਮ ਪ੍ਰਚਾਰ ਦੇ ਨਾਲ ਸੇਵਾ ਕਾਰਜਾਂ ਨੂੰ ਤਰਜੀਹ ਦੇਣਾ ਹੈ। ਗੁਰਬਾਣੀ ਕੰਠ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ, ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ, ਜ਼ਰੂਰਤਮੰਦਾਂ ਦੇ ਇਲਾਜ ਵਿੱਚ ਸਹਾਇਤਾ ਕਰਨ ਅਤੇ ਬੱਚਿਆਂ ਦੀਆਂ ਫੀਸਾਂ ਵਿੱਚ ਮਦਦ ਕਰਨ ਵਰਗੇ ਕਾਰਜਾਂ ਰਾਹੀਂ ਧਾਰਮਿਕ ਸਰਗਰਮੀ ਨੂੰ ਮਨੁੱਖੀ ਸੇਵਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਰਕੇ ਸੰਗਤ ਦਾ ਇੱਕ ਹਿੱਸਾ ਇਨ੍ਹਾਂ ਜ਼ਮੀਨੀ ਉਪਰਾਲਿਆਂ ਨਾਲ ਆਪਣੇ ਆਪ ਨੂੰ ਜੋੜਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਸੰਗਤ ਵੱਲੋਂ ਮਿਲ ਰਹੇ ਉਤਸ਼ਾਹ ਨੂੰ ਦੇਖਦਿਆਂ ਜਲਦ ਹੀ ਵੱਡੀ ਗਿਣਤੀ ਵਿੱਚ ਬੱਸਾਂ ਰਾਹੀਂ ਸੰਗਤ ਨੂੰ ਹੋਰ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸੰਗਤ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸਿਕ ਅਸਥਾਨਾਂ ਨਾਲ ਜੋੜਿਆ ਜਾਵੇ ਅਤੇ ਗੁਰਬਾਣੀ, ਇਤਿਹਾਸ ਤੇ ਸੇਵਾ ਦੇ ਸੁਨੇਹੇ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇ। ਜਿਕਰਯੋਗ ਹੈ ਕਿ ਇਨ੍ਹਾਂ ਉਪਰਾਲਿਆਂ ਦੇ ਸੰਦਰਭ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠਣੇ ਸੁਭਾਵਿਕ ਹਨ। ਕਮੇਟੀ ਕੋਲ ਵੱਡਾ ਸੰਸਥਾਗਤ ਢਾਂਚਾ, ਸਾਧਨ ਅਤੇ ਧਰਮ ਪ੍ਰਚਾਰ ਲਈ ਸਰੋਤ ਮੌਜੂਦ ਹੋਣ ਦੇ ਬਾਵਜੂਦ ਜੇ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨਾਂ, ਗੁਰਬਾਣੀ ਨਾਲ ਜੋੜਨ ਅਤੇ ਸੇਵਾ ਕਾਰਜਾਂ ਲਈ ਨਿੱਜੀ ਪੱਧਰ ’ਤੇ ਹੋ ਰਹੇ ਉਪਰਾਲਿਆਂ ਵੱਲ ਵੱਧ ਉਤਸ਼ਾਹ ਨਾਲ ਖਿੱਚ ਮਹਿਸੂਸ ਹੋ ਰਹੀ ਹੈ ਤਾਂ ਇਹ ਕਮੇਟੀ ਦੇ ਧਰਮ ਪ੍ਰਚਾਰ ਦੇ ਢੰਗ ਅਤੇ ਉਸ ਦੀ ਜ਼ਮੀਨੀ ਪਹੁੰਚ ਬਾਰੇ ਗੰਭੀਰ ਆਤਮ-ਮੰਥਨ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ। ਸਿਰਫ਼ ਪ੍ਰੋਗਰਾਮਾਂ ਦੇ ਐਲਾਨ ਜਾਂ ਕਾਗਜ਼ੀ ਸਰਗਰਮੀਆਂ ਸੰਗਤ ਨੂੰ ਲੰਮੇ ਸਮੇਂ ਲਈ ਗੁਰਬਾਣੀ ਅਤੇ ਇਤਿਹਾਸ ਨਾਲ ਨਹੀਂ ਜੋੜ ਸਕਦੀਆਂ—ਇਸ ਲਈ ਲਗਾਤਾਰ ਜ਼ਮੀਨੀ ਸੰਪਰਕ, ਸੰਗਤ ਦੀ ਸ਼ਮੂਲੀਅਤ ਅਤੇ ਅਮਲੀ ਕਾਰਜ ਜ਼ਰੂਰੀ ਹਨ। ਜੇਕਰ ਸੰਗਤ ਦੇ ਪੱਧਰ ’ਤੇ ਇਹ ਮਹਿਸੂਸ ਹੋਣ ਲੱਗੇ ਕਿ ਧਰਮ ਪ੍ਰਚਾਰ ਦੇ ਅਸਲ ਕਾਰਜ ਨਿੱਜੀ ਉਪਰਾਲਿਆਂ ਰਾਹੀਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਹੋ ਰਹੇ ਹਨ, ਤਾਂ ਇਸਨੂੰ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਲਈ ਇੱਕ ਗੰਭੀਰ ਸੰਕੇਤ ਅਤੇ ਆਪਣੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦਾ ਮੌਕਾ ਮੰਨਿਆ ਜਾਣਾ ਚਾਹੀਦਾ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।