ਚੰਡੀਗੜ੍ਹ 27 ਸਤੰਬਰ ,ਬੋਲੇ ਪੰਜਾਬ ਬਿਊਰੋ;
ਪਿਛਲੇ ਦਿਨੀਂ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਤੋਂ ਪਰਤਦਿਆਂ ਪਿੰਡ ਕੋਟ ਧਰਮੂ ਨੇੜੇ ਕਾਰ ਇੱਕ ਟਰੱਕ ਨਾਲ ਵੱਜਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਡੀ.ਐੱਮ.ਸੀ. ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ, ਜਿੱਥੇ ਐਤਵਾਰ ਦੀ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਸ ਸੜਕ ਦੁਰਘਟਨਾ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ ਅਤੇ ਨੌਜਵਾਨ ਅਰਸ਼ਦੀਪ ਸਿੰਘ ਵਾਸੀ ਰਮਦਿੱਤੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਵਿਨੋਦ ਕਾਲੀ ਨੂੰ ਗੰਭੀਰ ਹਾਲਤ ਵਿੱਚ ਡੀ.ਐੱਮ.ਸੀ. ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਵਿਨੋਦ ਕਾਲੀ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮਾਰਕੀਟ ਕਮੇਟੀ ਮਾਨਸਾ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਸਨ।ਲੰਘੀ 23 ਸਤੰਬਰ ਨੂੰ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਤਹਿਤ ਝੁਨੀਰ ਵਿਖੇ ਰੈਲੀ ਤੋਂ ਪਰਤਦਿਆਂ ਉਨ੍ਹਾਂ ਦੀ ਸਵਿਫ਼ਟ ਗੱਡੀ ਇੱਕ ਟਰੱਕ ਨਾਲ ਟਕਰਾ ਗਈ ਸੀ, ਜਿਸ ਦੌਰਾਨ ਚਾਲਕ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਅਰਸ਼ਦੀਪ ਸਿੰਘ ਦੇ ਭਰਾ ਨਵਦੀਪ ਸਿੰਘ ਅਤੇ ਵਿਨੋਦ ਕਾਲੀ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਉਪਰੰਤ ਉਨ੍ਹਾਂ ਨੂੰ ਡੀ.ਐੱਮ.ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ ਅਤੇ ਐਤਵਾਰ ਨੂੰ ਵਿਨੋਦ ਕਾਲੀ ਦੀ ਉੱਥੇ ਮੌਤ ਹੋ ਗਈ।ਇਸ ਦੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਨੇ ਦੱਸਿਆ ਕਿ ਭਾਜਪਾ ਆਗੂ ਵਿਨੋਦ ਕਾਲੀ ਦਾ ਜ਼ੇਰੇ ਇਲਾਜ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਹੈ, ਜਿਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਮਾਨਸਾ ਦੇ ਰਾਮ ਬਾਗ ਵਿਖੇ ਕੀਤਾ ਜਾਵੇਗਾ।
ਉਨ੍ਹਾਂ ਦੇ ਦਿਹਾਂਤ ’ਤੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ, ਰੋਹਿਤ ਕੁਮਾਰ, ਮੰਜੂ ਮਿੱਤਲ, ਮੰਗਤ ਰਾਏ ਬਾਂਸਲ ਆਦਿ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਇਸ ਨੂੰ ਪਰਿਵਾਰ ਤੇ ਪਾਰਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।












