ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਚਾਰ ਕਾਰਪੋਰੇਟਰ ਪੱਖੀ ਕੋਡਾ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ
ਸ੍ਰੀ ਚਮਕੌਰ ਸਾਹਿਬ,28, ਸਤੰਬਰ ,ਬੋਲੇ ਪੰਜਾਬ ਬਿਊਰੋ;
ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਅੰਗਰੇਜ਼, ਪ੍ਰਵਾਸੀ ਮਜ਼ਦੂਰ ਵਿੰਗ ਦੇ ਪ੍ਰਧਾਨ ਹਨੂਮਾਨ ਯਾਦਵ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ119ਵਾ ਜਨਮ ਦਿਹਾੜਾ, ਸੰਘਰਸ਼ ਜਾਰੀ ਰੱਖਣ ਦੇ ਅਹਿਦ ਵਜੋਂ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਜਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋਂ , ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੇ ਸਕੱਤਰ ਕਸ਼ਮੀਰ ਸਿੰਘ ਰੱਤੋਂ, ਠੇਕਾ ਮੁਲਾਜ਼ਮਾਂ ਦੇ ਆਗੂ ਜਗਤਾਰ ਸਿੰਘ ਰੱਤੋ, ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ, ਮਜ਼ਦੂਰਾਂ ਵੱਲੋਂ ਵੱਡੀਆਂ ਕੁਰਬਾਨੀਆ ਕਰਕੇ ਮਜ਼ਦੂਰ ਜਮਾਤ ਦੀ ਭਲਾਈ ਲਈ ਬਣਾਏ 37 ਕਾਨੂੰਨਾਂ ਨੂੰ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਕਾਰਪੋਰੇਟ ਪੱਖੀ ਕਿਰਤ ਕੋਡਾ ਵਿਚ ਤਬਦੀਲ ਕਰ ਦਿੱਤਾ ਗਿਆ ਜਿਨਾਂ ਤਹਿਤ ਅੱਠ ਘੰਟੇ ਦੀ ਦਿਹਾੜੀ ਦਾ ਹੱਕ ਖੋਇਆ ਜਾਵੇਗਾ ,ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਮਿਲ਼ੇ ਕਾਨੂੰਨੀ ਹੱਕਾਂ ਤੋਂ ਵਾਂਝੇ ਕੀਤਾ ਜਾਵੇਗਾ, ਮੁਲਕ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕੀਤਾ ਜਾਵੇਗਾ ਇਸ ਲਈ ਅੱਜ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ , ਜੀਵਨ ਵਿੱਚ ਲਾਗੂ ਕਰਨ ਦੀ ਬੇਹੱਦ ਲੋੜ ਹੈ ਕਿਉਂਕਿ ਭਗਤ ਸਿੰਘ ਨੇ ਕੌਮੀ ਮੁਕਤੀ ਸੰਗਰਾਮ ਦੌਰਾਨ ਆਪਣੀਆਂ ਲਿਖਤਾਂ ਵਿੱਚ ਮੌਜੂਦਾ ਹਾਕਮਾਂ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਸਨ ਉਹ ਅੱਜ ਸਹੀ ਸਾਬਿਤ ਹੋ ਰਹੀਆਂ ਹਨ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਜੋ ਭਗਤ ਸਿੰਘ ਤੇ ਡਾਕਟਰ ਬੀ ਆਰ ਅੰਬੇਦਕਰ ਦੇ ਵਿਚਾਰਾਂ ਤੇ ਚੱਲਣ ਦੇ ਦਾਅਵੇ ਕਰਦੀ ਸੀ ਅੱਜ ਉਹ ਵੀ ਕਾਰਪੋਰੇਟ ਪੱਖੀ ਸਾਬਤ ਹੋ ਰਹੀ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਕੋਡਾਂ ਨੂੰ ਪੰਜਾਬ ਸਰਕਾਰ ਨੇ ਅਪ੍ਰੈਲ 2026 ਤੋਂ ਲਾਗੂ ਕਰ ਦਿੱਤਾ ਹੈ। ਇਥੋਂ ਤੱਕ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਦੀ ਭਲਾਈ ਹਿੱਤ ਸਕੀਮਾਂ ਬਣਾਈਆਂ ਗਈਆਂ ਹਨ ਉਹ ਵੀ ਕਾਗਜ਼ਾਂ ਦਾ ਸ਼ਿੰਗਾਰ ਹੀ ਸਾਬਤ ਹੋ ਰਹੀਆਂ ਹਨ।ਇੱਥੋਂ ਤੱਕ ਪੰਜਾਬ ਸਰਕਾਰ ਵੱਲੋਂ ਲੇਬਰ ਸੁਵਿਧਾ ਕੈਂਪ ਵੀ ਬੰਦ ਕਰਕੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਲੱਡੂਆਂ ਰਾਹੀਂ ਮਜ਼ਦੂਰਾਂ ਦੇ ਮੂੰਹ ਮਿੱਠੇ ਕਰਵਾਏ ਗਏ ।ਇਸ ਮੌਕੇ ਅਜੈਬ ਸਿੰਘ ਸਮਾਣਾ, ਗੁਰਮੇਲ ਸਿੰਘ ਨਿਰਮਲ ਸਿੰਘ ਰਤੋਂ, ਮਿਸਤਰੀ ਭੂਸ਼ਾ ਯਾਦਵ ,ਓੰਕਾਰ ਸਿੰਘ, ਸੁੱਖ ਰਾਮ ਕਾਲੇਵਾਲ ਆਗੂ ਡੀਐਮਐਫ, ਪ੍ਰੀਤਮ ਸਿੰਘ, ਗੁਲਾਬ ਚੰਦ ਚੌਹਾਨ, ਜਸਵੰਤ ਸਿੰਘ ਆਦਿ ਹਾਜ਼ਰ ਸਨ।












