ਨਵੀ ਦਿੱਲੀ, 28 ਸਤੰਬਰ ,ਬੋਲੇ ਪੰਜਾਬ ਬਿਊਰੋ;
ਦਿੱਲੀ ‘ਚ ਸਰਦੀਆਂ ਦੇ ਨਾਲ ਹੀ ਵਧਣ ਵਾਲੀ ਪ੍ਰਦੂਸ਼ਣ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਦਿੱਲੀ ਸਰਕਾਰ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਹਨ ਤਾਂ ਜੋ ਸਰਦੀਆਂ ਦੇ ਮੌਸਮ ਦੌਰਾਨ ਹਵਾ ਨੂੰ ਜ਼ਹਿਰੀਲੀ ਹੋਣ ਤੋਂ ਰੋਕਿਆ ਜਾ ਸਕੇ।।
ਸਰਕਾਰ ਨੇ 1 ਨਵੰਬਰ 2026 ਤੋਂ 31 ਜਨਵਰੀ 2027 ਤੱਕ ਹਰ ਤਰ੍ਹਾਂ ਦੀਆਂ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।। ਉੱਥੇ ਹੀ, 10 ਦਸੰਬਰ 2026 ਤੋਂ 20 ਜਨਵਰੀ 2027 ਤੱਕ ਉਸਾਰੀ ਅਤੇ ਤੋੜ-ਫੋੜ ਦੀਆਂ ਗਤੀਵਿਧੀਆਂ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ।
ਸਰਕਾਰ ਦੇ ਹੁਕਮਾਂ ਅਨੁਸਾਰ, 1 ਨਵੰਬਰ ਤੋਂ ਦਿੱਲੀ ਵਿੱਚ ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ‘ਵਰਕ ਫ੍ਰੌਮ ਹੋਮ’ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 50% ਘੱਟ ਕੀਤੀ ਜਾਵੇਗੀ। 1 ਨਵੰਬਰ ਤੋਂ 28 ਫ਼ਰਵਰੀ ਤੱਕ 50% ਕਰਮਚਾਰੀ ਘਰ ਤੋਂ ਕੰਮ ਕਰਨਗੇ ਅਤੇ 50% ਦਫ਼ਤਰ ਤੋਂ ਕੰਮ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਨੇ 1 ਨਵੰਬਰ ਤੋਂ 28 ਫ਼ਰਵਰੀ ਤੱਕ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਦਾ ਵੀ ਫ਼ੈਸਲਾ ਕੀਤਾ ਹੈ। ਐੱਮ.ਸੀ.ਡੀ. ਦੇ ਅਧੀਨ ਆਉਣ ਵਾਲੇ ਦਫ਼ਤਰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ, ਜਦਕਿ ਜੀ.ਐੱਨ.ਸੀ.ਟੀ.ਡੀ. (GNCTD) ਦੇ ਅਧੀਨ ਆਉਣ ਵਾਲੇ ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਖੁੱਲ੍ਹਣਗੇ।ਇਸ ਦੇ ਨਾਲ ਹੀ 1 ਨਵੰਬਰ 2026 ਤੋਂ 28 ਫ਼ਰਵਰੀ 2027 ਤੱਕ ਨਿੱਜੀ ਵਾਹਨਾਂ ਦੀ ਵਰਤੋਂ ਨੂੰ ਘਟਾਉਣ ਲਈ ਮਾਨਤਾ ਪ੍ਰਾਪਤ ਪਾਰਕਿੰਗ ਥਾਵਾਂ ‘ਤੇ ਪਾਰਕਿੰਗ ਫ਼ੀਸ ਦੁੱਗਣੀ ਕੀਤੀ ਜਾਵੇਗੀ।












