ਨੇਹਾ ਬੋਰਾ: ਇੱਕ ਅਵਾਜ਼, ਜਿਸ ਵਿੱਚ ਅੱਜ ਦਾ ਨੌਜਵਾਨ ਆਪਣਾ ਚਿਹਰਾ ਦੇਖ ਰਿਹਾ ਹੈ— ਪ੍ਰਣਵ ਕੁਮਾਰ ਚੌਧਰੀ

ਸਾਹਿਤ ਪੰਜਾਬ

ਨੇਹਾ ਬੋਰਾ: ਇੱਕ ਅਵਾਜ਼, ਜਿਸ ਵਿੱਚ ਅੱਜ ਦਾ ਨੌਜਵਾਨ ਆਪਣਾ ਚਿਹਰਾ ਦੇਖ ਰਿਹਾ ਹੈ
— ਪ੍ਰਣਵ ਕੁਮਾਰ ਚੌਧਰੀ

ਨੇਹਾ – ਜੰਤਰ ਮੰਤਰ ਦੇ ਹਾਲੀਆ ਅੰਦੋਲਨ ਅਤੇ ਨੌਜਵਾਨ ਵਰਗ ਦੀ ਬੈਚੈਨੀ ‘ਚੋਂ ਉਭਰਦਾ ਇੱਕ ਲੜਕੀ ਦਾ ਨਵਾਂ ਚਿਹਰਾ।

ਨਾਅਰੇ ਲਗਾਉਂਦੀਆਂ ਲੜਕੀਆਂ ਦੀ ਭੀੜ ਵਿੱਚ ਇੱਕ ਅਵਾਜ਼ ਬਾਰ-ਬਾਰ ਵੱਖਰੀ ਸੁਣਾਈ ਦਿੰਦੀ ਹੈ। ਅਵਾਜ਼ ਵਿੱਚ ਗੁੱਸਾ ਹੈ, ਪਰ ਸਿਰਫ਼ ਗੁੱਸਾ ਹੀ ਨਹੀਂ। ਉਸ ਵਿੱਚ ਸਵਾਲ ਹਨ, ਅਸਹਿਮਤੀ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਬੇਚੈਨੀ ਵੀ ਹੈ। ਇਹ ਅਵਾਜ਼ ਹੈ ਨੇਹਾ ਬੋਰਾ ਦੀ।

29 ਸਾਲਾ ਨੇਹਾ ਅੱਜ ਭਾਰਤ ਦੀ ਵਿਦਿਆਰਥੀ ਰਾਜਨੀਤੀ ਵਿੱਚ ਤੇਜ਼ੀ ਨਾਲ ਉਭਰ ਰਹੇ ਨੌਜਵਾਨ ਚਿਹਰਿਆਂ ਵਿੱਚੋਂ ਇੱਕ ਹੈ। ਉਹ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੌਮੀ ਪ੍ਰਧਾਨ ਹੈ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀਐਚਡੀ ਕਰ ਰਹੀ ਹੈ। ਵਿਦਿਆਰਥੀ ਅੰਦੋਲਨਾਂ ਦੇ ਮੰਚ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਵਿਰੋਧ-ਪ੍ਰਦਰਸ਼ਨਾਂ ਤੱਕ ਉਸਦੀ ਸਰਗਰਮ ਮੌਜੂਦਗੀ ਨੇ ਉਸਨੂੰ ਯੂਨੀਵਰਸਿਟੀ ਕੰਪਲੈਕਸ ਦੀਆਂ ਹੱਦਾਂ ਤੋਂ ਬਾਹਰ ਇੱਕ ਵਿਸ਼ੇਸ਼ ਪਛਾਣ ਦਿੱਤੀ ਹੈ।

ਪਰ ਨੇਹਾ ਦੀ ਕਹਾਣੀ ਸਿਰਫ਼ ਇੱਕ ਵਿਦਿਆਰਥੀ ਨੇਤਾ ਦੇ ਉਭਾਰ ਦੀ ਕਹਾਣੀ ਨਹੀਂ ਹੈ। ਇਸ ਵਿੱਚ ਇੱਕ ਦਿਲਚਸਪ ਵਿਰੋਧਾਭਾਸ ਵੀ ਹੈ – ਭਾਰਤੀ ਫੌਜ ਵਿੱਚ ਰਹੇ ਉਸਦੇ ਪਿਤਾ ਸੱਜੇਪੱਖੀ ਰੁਝਾਨ ਰੱਖਦੇ
ਹਨ, ਜਦਕਿ ਨੇਹਾ ਨੇ ਆਪਣੇ ਲਈ ਇੱਕ ਸਪੱਸ਼ਟ ਖੱਬੇਪੱਖੀ ਵਿਦਿਆਰਥੀ ਸਿਆਸਤ ਦਾ ਰਾਹ ਚੁਣਿਆ ਹੈ। ਉਹ ਖੁਦ ਮੰਨਦੀ ਹੈ ਕਿ ਉਸਦੀ ਸਿਆਸੀ ਸੋਚ ਅਤੇ ਪਰਿਵਾਰ ਦੀ ਸਿਆਸੀ ਸਮਝ ਵਿੱਚ ਵੱਡਾ ਅੰਤਰ ਹੈ। ਇਹੀ ਵਿਰੋਧਾਭਾਸ ਉਸ ਦੀ ਸ਼ਖ਼ਸੀਅਤ ਨੂੰ ਸਮਝਣ ਦੀ ਪਹਿਲੀ ਕੁੰਜੀ ਹੈ।

ਖਟੀਮਾ ਤੋਂ ਦਿੱਲੀ ਤੱਕ
ਨੇਹਾ ਮੂਲ ਰੂਪ ਵਿੱਚ ਉੱਤਰਾਖੰਡ ਦੇ ਖਟੀਮਾ ਦੀ ਰਹਿਣ ਵਾਲੀ ਹੈ। ਇਕ ਫੌਜੀ ਪਿਤਾ ਦੇ ਟੱਬਰ ਵਿੱਚ ਜਨਮ ਲੈਣ ਕਰਕੇ ਉਸ ਦੇ ਬਚਪਨ ਦਾ ਇੱਕ ਹਿੱਸਾ ਵੱਖ-ਵੱਖ ਥਾਵਾਂ ’ਤੇ ਬੀਤਿਆ।

ਪਰ ਉਸ ਦੀ ਅਗਲੇਰੀ ਪੜ੍ਹਾਈ ਦਿੱਲੀ ਨਾਲ ਜੁੜੀ ਰਹੀ। ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਡਾ. ਬੀਆਰ ਅੰਬੇਡਕਰ ਯੂਨੀਵਰਸਿਟੀ, ਦਿੱਲੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸਦਾ ਅਕਾਦਮਿਕ ਸਫ਼ਰ ਉਸਨੂੰ ਜੇਐਨਯੂ ਤੱਕ ਲੈ ਆਇਆ, ਜਿੱਥੇ ਉਹ ਸਕੂਲ ਆਫ਼ ਆਰਟਸ ਐਂਡ ਐਸਥੈਟਿਕਸ ਵਿੱਚ ਪੀਐਚਡੀ ਕਰ ਰਹੀ ਹੈ। ਇੰਝ ਅਕਾਦਮਿਕ ਤੌਰ ‘ਤੇ ਉਹ ਥੀਏਟਰ ਅਤੇ ਪਰਫਾਰਮੈਂਸ ਸਟੱਡੀਜ਼ ਨਾਲ ਨੇੜਿਓਂ ਜੁੜੀ ਹੋਈ ਹੈ।

ਇਹ ਥੀਏਟਰ ਹੀ ਉਸਦੇ ਰਾਜਨੀਤਕ ਜੀਵਨ ਦਾ ਸ਼ੁਰੂਆਤੀ ਵਸੀਲਾ ਬਣਿਆ। ਯੂਨੀਵਰਸਿਟੀ ਵਿੱਚ ਸਮਾਜਿਕ ਮੁੱਦਿਆਂ ’ਤੇ ਥੀਏਟਰ ਕਰਦਿਆਂ ਉਸਨੇ ਇਹ ਮਹਿਸੂਸ ਕੀਤਾ ਕਿ ਮੰਚ ਉਤੇ ਕਿਸੇ ਸਮਾਜਿਕ ਸਵਾਲ ਨੂੰ ਉਠਾਉਣਾ ਅਤੇ ਸੜਕ ’ਤੇ ਉਸੇ ਸਵਾਲ ਲਈ ਸੰਘਰਸ਼ ਕਰਨਾ ਦੋ ਵੱਖਰੀਆਂ ਚੀਜ਼ਾਂ ਨਹੀਂ ਹਨ।

ਥੀਏਟਰ ਤੋਂ ਅੰਦੋਲਨ ਤੱਕ
ਨੇਹਾ ਦੀ ਰਾਜਨੀਤਕ ਯਾਤਰਾ ਅਚਾਨਕ ਆਰੰਭ ਨਹੀਂ ਹੋਈ। ਸਮਾਜਿਕ ਮੁੱਦਿਆਂ ’ਤੇ ਥੀਏਟਰ ਕਰਦਿਆਂ ਉਸਨੇ ਯੂਨੀਵਰਸਿਟੀ ਦੇ ਅੰਦਰ ਹੋਣ ਵਾਲੀਆਂ ਬਹਿਸਾਂ ਅਤੇ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਵਿਦਿਆਰਥੀ ਰਾਜਨੀਤੀ ਨਾਲ ਉਸਦਾ ਵਾਸਤਾ ਵਧਿਆ ਅਤੇ ਉਹ ਆਇਸਾ ਨਾਲ ਜੁੜ ਗਈ। ਉਸਦੇ ਸਿਆਸੀ ਜੀਵਨ ਵਿੱਚ 2019 ਦੇ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ ਵਿਰੁੱਧ ਹੋਇਆ ਅੰਦੋਲਨ ਇਕ ਮਹੱਤਵਪੂਰਨ ਮੋੜ ਸੀ। ਇੱਥੋਂ ਹੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਹੌਲੀ-ਹੌਲੀ ਇਕ ਕੁੱਲਵਕਤੀ ਵਿਦਿਆਰਥੀ ਕਾਰਕੁਨ ਦੀ ਭੂਮਿਕਾ ਵਿੱਚ ਦਿਖਾਈ ਦੇਣ ਲੱਗੀ।

ਉਸਦੀ ਰਾਜਨੀਤੀ ਵਿਦਿਆ, ਵਿਦਿਆਰਥੀ ਅਧਿਕਾਰ, ਪ੍ਰੀਖਿਆ ਵਿਵਸਥਾ, ਰੁਜ਼ਗਾਰ, ਲੋਕਤੰਤਰੀ ਅਧਿਕਾਰ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ਦੇ ਆਲੇ-ਦੁਆਲੇ ਵਿਕਸਿਤ ਹੋਈ। ਆਇਸਾ ਵਿੱਚ ਜਥੇਬੰਦਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਜਥੇਬੰਦੀ ਦੀ ਕੇਂਦਰੀ ਲੀਡਰਸ਼ਿਪ ਤੱਕ ਪਹੁੰਚੀ। ਅੱਜ ਉਹ ਅਪਣੇ ਸੰਗਠਨ ਦੀ ਕੌਮੀ ਪ੍ਰਧਾਨ ਹੈ।

ਇਸ ਲਈ ਉਸਨੂੰ ਸਿਰਫ਼ ਕਿਸੇ ਇੱਕ ਅੰਦੋਲਨ ਤੋਂ ਅਚਾਨਕ ਉਭਰੀ ਜਾਂ “ਵਾਇਰਲ” ਹੋਈ ਵਿਦਿਆਰਥੀ ਨੇਤਾ ਵਜੋਂ ਦੇਖਣਾ, ਉਸ ਦੀ ਵਿਕਾਸ ਯਾਤਰਾ ਪ੍ਰਤੀ ਅਧੂਰੀ ਸਮਝ ਹੋਵੇਗੀ। ਉਸ ਦੇ ਉਭਰਨ ਪਿੱਛੇ ਸਾਲਾਂ ਦੀ ਵਿਦਿਆਰਥੀ ਰਾਜਨੀਤੀ ਅਤੇ ਜਥੇਬੰਦਕ ਕੰਮ ਦਾ ਤਜਰਬਾ ਹੈ।

ਪਰਿਵਾਰ ਦੀ ਰਾਹ ਤੋਂ ਵੱਖਰੀ ਆਪਣੀ ਰਾਹ
ਨੇਹਾ ਦੀ ਸ਼ਖ਼ਸੀਅਤ ਦਾ ਸਭ ਤੋਂ ਦਿਲਚਸਪ ਪਹਿਲੂ ਸ਼ਾਇਦ ਇਹੀ ਹੈ ਕਿ ਉਹ ਜਿਸ ਪਰਿਵਾਰ ਵਿੱਚ ਜਨਮੀ ਹੈ, ਉਸ ਦਾ ਸਿਆਸੀ ਪਿਛੋਕੜ ਅਤੇ ਨੇਹਾ ਦੀ ਰਾਜਨੀਤੀ ਇੱਕੋ ਜਿਹੀ ਨਹੀਂ ਹੈ। ਇੱਕ ਪਾਸੇ ਭਾਰਤੀ ਫੌਜ ਵਿੱਚ ਰਹੇ ਉਸ ਦੇ ਪਿਤਾ ਅਨੇਕਾਂ ਹੋਰ ਭਾਰਤੀਆਂ ਵਾਂਗ ਬੀਜੇਪੀ ਪੱਖੀ ਹਨ। ਦੂਜੇ ਪਾਸੇ ਧੀ ਦੇਸ਼ ਦੇ ਪ੍ਰਮੁੱਖ ਖੱਬੇਪੱਖੀ ਵਿਦਿਆਰਥੀ ਸੰਗਠਨਾਂ ਵਿੱਚੋਂ ਇੱਕ ਦੀ ਕੌਮੀ ਪ੍ਰਧਾਨ ਹੈ।

ਨੇਹਾ ਖੁਦ ਵੀ ਇਸ ਅੰਤਰ ਨੂੰ ਲੁਕਾਉਂਦੀ ਨਹੀਂ ਹੈ। ਉਸਦਾ ਕਹਿਣਾ ਹੈ ਕਿ ਪਰਿਵਾਰ ਦੀ ਸੋਚ ਨਾਲੋਂ ਉਸਦੀ ਆਪਣੀ ਰਾਜਨੀਤਕ ਸਮਝ ਵੱਖਰੀ ਹੈ। ਉਸਨੇ ਆਪਣੇ ਵਿਸ਼ਵਾਸਾਂ ਦੇ ਆਧਾਰ ’ਤੇ ਅਪਣਾ ਰਾਹ ਚੁਣਿਆ। ਇਹੀ ਆਜ਼ਾਦੀ-ਬੋਧ ਉਸ ਦੀ ਸ਼ਖ਼ਸੀਅਤ ਦਾ ਇੱਕ ਮਹੱਤਵਪੂਰਨ ਪੱਖ ਹੈ।
ਉਸ ਦੇ ਭਾਸ਼ਨਾਂ ਵਿੱਚ ਇੱਕ ਸਵਾਲ ਬਾਰ-ਬਾਰ ਉਭਰਦਾ ਹੈ – ਕੀ ਕਿਸੇ ਨੌਜਵਾਨ ਨੂੰ ਆਪਣੇ ਜੀਵਨ ਅਤੇ ਭਵਿੱਖ ਨਾਲ ਜੁੜੇ ਅਹਿਮ ਫੈਸਲਿਆਂ ਵਿੱਚ ਆਪਣੀ ਰਾਏ ਰੱਖਣ ਦਾ ਅਧਿਕਾਰ ਹੈ? ਨੇਹਾ ਲਈ ਇਹ ਸਵਾਲ ਨਿੱਜੀ ਵੀ ਹੈ ਅਤੇ ਸਿਆਸੀ ਵੀ।

23 ਦਿਨ ਦੀ ਭੁੱਖ ਹੜਤਾਲ
ਨੇਹਾ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਪਛਾਣ ਜਿਸ ਅੰਦੋਲਨ ਤੋਂ ਮਿਲੀ, ਉਹ ਹੈ ਦਿੱਲੀ ਦੇ ਜੰਤਰ-ਮੰਤਰ ’ਤੇ ਹੋਇਆ ਹਾਲੀਆ ਵਿਦਿਆਰਥੀ ਅੰਦੋਲਨ। ਪ੍ਰੀਖਿਆ ਵਿਵਸਥਾ, ਪੇਪਰ ਲੀਕ ਅਤੇ ਵਿਦਿਆਰਥੀਆਂ ਨਾਲ ਜੁੜੇ ਹੋਰ ਅਹਿਮ ਸਵਾਲਾਂ ਨੂੰ ਲੈ ਕੇ ਚੱਲੇ ਅੰਦੋਲਨ ਵਿੱਚ ਉਸ ਨੇ ਅਪਣੇ ਸੰਗਠਨ ਦੇ ਦੋ ਹੋਰ ਵਿਦਿਆਰਥੀ ਆਗੂਆਂ ਸਮੇਤ 23 ਦਿਨ ਦੀ ਭੁੱਖ ਹੜਤਾਲ ਕੀਤੀ। ਇਹ ਭੁੱਖ ਹੜਤਾਲ ਕੋਈ ਸਿਆਸੀ ਸਟੰਟ ਨਹੀਂ ਸੀ। 23 ਦਿਨਾਂ ਤੱਕ ਭੁੱਖੇ ਰਹਿਣਾ ਕਿਸੇ ਵੀ ਉਮਰ ਵਿੱਚ ਇਨਸਾਨ ਲਈ ਬੜੀ ਗੰਭੀਰ ਸਰੀਰਕ ਚੁਣੌਤੀ ਹੈ।
ਇਸ ਦੌਰਾਨ ਨੇਹਾ ਦੀਆਂ ਤਸਵੀਰਾਂ ਅਤੇ ਵੀਡੀਓ ਵਿਆਪਕ ਤੌਰ ’ਤੇ ਪ੍ਰਸਾਰਿਤ ਹੋਈਆਂ। ਕਮਜ਼ੋਰ ਹੁੰਦਾ ਸਰੀਰ ਪਰ ਸੱਤਾ ਦਾ ਲਗਾਤਾਰ ਜਾਰੀ ਵਿਰੋਧ ਉਸਦੀ ਜਨਤਕ ਪਛਾਣ ਦਾ ਹਿੱਸਾ ਬਣ ਗਿਆ।

ਉਸ ਲਈ ਇਹ ਅੰਦੋਲਨ ਸਿਰਫ਼ ਉਸ ਦੇ ਸੰਗਠਨ ਦਾ ਕੋਈ ਐਕਸ਼ਨ ਨਹੀਂ ਸੀ। ਉਹ ਇਸ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਅੰਦਰਲੀ ਵਿਆਪਕ ਬੈਚੈਨੀ ਨਾਲ ਜੋੜਦੀ ਹੈ।
ਉਸਦਾ ਤਰਕ ਹੈ ਕਿ ਪ੍ਰੀਖਿਆ ਵਿਵਸਥਾ ’ਤੇ ਉੱਠ ਰਹੇ ਸਵਾਲ ਸਿਰਫ਼ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਕੋਈ ਫੌਰੀ ਮਾਮਲਾ ਨਹੀਂ ਹੈ, ਬਲਕਿ ਇਹ ਉਨ੍ਹਾਂ ਦੇ ਭਵਿੱਖ, ਰੁਜ਼ਗਾਰ ਅਤੇ ਜੀਵਨ ਦੀ ਦਿਸ਼ਾ ਨਾਲ ਜੁੜਿਆ ਪ੍ਰਸ਼ਨ ਹੈ।
ਇਹੀ ਉਹ ਬਿੰਦੂ ਸੀ ਜਿੱਥੇ ਨੇਹਾ ਦਾ ਚਿਹਰਾ ਸੰਗਠਨ ਦੀ ਹੱਦ ਤੋਂ ਬਾਹਰ ਦਿਖਾਈ ਦੇਣ ਲੱਗਾ।

ਦਾਅ ’ਤੇ ਲਾਈ ਆਪਣੀ ਜ਼ਿੰਦਗੀ
ਨੇਹਾ ਨੇ ਅੰਦੋਲਨ ਦੌਰਾਨ ਆਪਣੇ ਆਪ ਨੂੰ ਸਿਰਫ਼ ਭਾਸ਼ਣ ਦੇਣ ਅਤੇ ਨਾਅਰਿਆਂ ਲਾਉਣ ਤੱਕ ਸੀਮਿਤ ਨਹੀਂ ਰੱਖਿਆ। ਸਗੋਂ 23 ਦਿਨ ਦੀ ਭੁੱਖ ਹੜਤਾਲ ਕਰਕੇ ਉਸ ਨੇ ਆਪਣੇ ਜੀਵਨ ਲਈ ਵੱਡਾ ਖ਼ਤਰਾ ਵੀ ਮੁੱਲ ਲਿਆ।

ਉਹ ਮੰਨਦੀ ਹੈ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਖ਼ਿਲਾਫ਼ ਇਸ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਨੇ ‘ਆਪਣੀ ਜ਼ਿੰਦਗੀ ਦਾਅ ’ਤੇ ਲਾਈ’। ਇਹ ਵਾਕ ਉਸਦੇ ਸ਼ਖ਼ਸੀਅਤ ਨੂੰ ਸਮਝਣ ਲਈ ਬੜਾ ਮਹੱਤਵਪੂਰਨ ਹੈ। ਅੰਦੋਲਨ ਵਿੱਚ ਉਸ ਦੀ ਹਿੱਸੇਦਾਰੀ ਸਿਰਫ਼ ਮੰਚ ’ਤੇ ਭਾਸ਼ਣ ਦੇਣ ਤੱਕ ਸੀਮਿਤ ਨਹੀਂ ਹੈ। ਉਹ ਖੁਦ ਸਿੱਧੇ ਤੌਰ ‘ਤੇ ਉਸ ਸੰਘਰਸ਼ ਵਿੱਚ ਨਿੱਤਰਦੀ ਹੈ। ਇਹੀ ਕਾਰਨ ਹੈ ਕਿ ਸਮਰਥਕਾਂ ਵਿਚਾਲੇ ਉਸਦੀ ਦਿੱਖ ਇੱਕ ਅਜਿਹੀ ਨੇਤਾ ਦੀ ਬਣੀ ਹੈ ਜੋ ‘ਦੂਜਿਆਂ ਨੂੰ ਸੰਘਰਸ਼ ਕਰਨ ਲਈ ਕਹਿਣ’ ਦੀ ਬਜਾਏ ਖੁਦ ਸੰਘਰਸ਼ ਵਿੱਚ ਉਤਰਦੀ’ ਹੈ।

‘ਸਿਆਹੀ’ ਤੋਂ ਬਣਿਆ ਨਵਾਂ ਪ੍ਰਤੀਕ
ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਅੰਦੋਲਨਕਾਰੀ ਵਿਦਿਆਰਥੀਆਂ ਦੇ ਇਕ ਵਿਖਾਵੇ ਦੀ ਅਗਵਾਈ ਕਰਨ
ਦੌਰਾਨ ਨੇਹਾ ਉਤੇ ਸੱਤਾ ਦੇ ਪਿੱਠੂ ਇਕ ਹਮਲਾਵਰ ਵਲੋਂ ਕਾਲੀ ਸਿਆਹੀ ਸੁੱਟੇ ਜਾਣ ਦੀ ਘਟਨਾ ਨੇ, ਉਸਦੀ ਜਨਤਕ ਦਿੱਖ ਨੂੰ ਸਗੋਂ ਹੋਰ ਮਜ਼ਬੂਤ ਕਰ ਦਿੱਤਾ।
ਚਿਹਰੇ ’ਤੇ ਸਿਆਹੀ ਪੈਣ ਤੋਂ ਬਾਅਦ ਵੀ ਉਸ ਨੇ ਪ੍ਰੇਸ਼ਾਨ ਹੋਣ ਤੇ ਅੰਦੋਲਨ ਤੋਂ ਪਿੱਛੇ ਹਟਣ ਦੀ ਬਜਾਏ ਉਸ ਸਿਆਹੀ ਨੂੰ ਵਿਰੋਧ ਦੇ ਪ੍ਰਤੀਕ ਵਜੋਂ ਪੇਸ਼ ਕੀਤਾ। ਉਸ ਨੇ ਕਿਹਾ ਕਿ ਇਸ ‘ਸਿਆਹੀ’ ਨੂੰ ਉਹ ਮਾਣ ਨਾਲ ਕਬੂਲ ਕਰਦੀ ਹੈ ਅਤੇ ਇਸੇ ‘ਸਿਆਹੀ’ ਨਾਲ ਅਸੀਂ ਨੌਜਵਾਨਾਂ ਦਾ ਅਤੇ ਦੇਸ਼ ਦਾ ਭਵਿੱਖ ਲਿਖਾਂਗੇ।

ਰਾਜਨੀਤਕ ਅੰਦੋਲਨਾਂ ਵਿੱਚ ਪ੍ਰਤੀਕ ਬੜੇ ਮਹੱਤਵਪੂਰਨ ਹੁੰਦੇ ਹਨ। ਨੇਹਾ ਦੇ ਮਾਮਲੇ ਵਿੱਚ 23 ਦਿਨ ਦੀ ਭੁੱਖ ਹੜਤਾਲ ਅਤੇ ਚਿਹਰੇ ’ਤੇ ਪਈ ‘ਸਿਆਹੀ’ – ਦੋਵੇਂ ਤਸਵੀਰਾਂ ਇਕ ਅੰਦੋਲਨਕਾਰੀ ਵਜੋਂ ਨੇਹਾ ਦੀ ਸ਼ਖ਼ਸੀਅਤ ਦੀ ਪਛਾਣ ਬਣ ਗਈਆਂ ਹਨ।

ਇੱਕ ਆਮ ਲੜਕੀ ਦਾ ਚਿਹਰਾ
ਨੇਹਾ ਦੀ ਹਰਮਨ ਪਿਆਰਤਾ ਨੂੰ ਸਿਰਫ਼ ਉਸ ਦੇ ਅਪਣੀ ਜਥੇਬੰਦੀ ਵਿਚ ਇਕ ਪ੍ਰਮੁੱਖ ਅਹੁਦੇ ‘ਤੇ ਹੋਣ ਦੇ ਅਧਾਰ ਤੋਂ ਸਮਝਣਾ ਮੁਸ਼ਕਿਲ ਹੈ। ਉਸਦੀ ਸਭ ਤੋਂ ਵੱਡੀ ਤਾਕਤ ਸ਼ਾਇਦ ਇਹ ਹੈ ਕਿ ਉਹ ਬਹੁਤ ਸਾਰੇ ਨੌਜਵਾਨਾਂ ਨੂੰ ‘ਆਪਣੇ ਵਰਗੀ’ ਲੱਗਦੀ ਹੈ।

ਉਹ ਕਿਸੇ ਵੱਡੇ ਸੱਤਾਧਾਰੀ ਪਰਿਵਾਰ ਤੋਂ ਨਹੀਂ, ਉਸ ਦੀ ਪਛਾਣ ਸੰਸਦ ਮੈਂਬਰ, ਮੰਤਰੀ ਜਾਂ ਵਿਧਾਇਕ ਵਰਗੇ ਕਿਸੇ ਚੁਣੇ ਹੋਏ ਸਿਆਸੀ ਅਹੁਦੇ ਕਾਰਨ ਨਹੀਂ ਬਣੀ। ਉਸਦੀ ਪਛਾਣ ਇੱਕ ਵਿਦਿਆਰਥਣ, ਇਕ ਖੋਜਾਰਥੀ ਅਤੇ ਇਕ ਅੰਦੋਲਨਕਾਰੀ ਵਿਦਿਆਰਥੀ ਆਗੂ ਵਜੋਂ ਹੀ ਬਣੀ। ਉਂਝ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਇਕ ਮੁਟਿਆਰ ਲੜਕੀ ਦਾ ਇਕ ਵਿਦਿਆਰਥੀ ਜਥੇਬੰਦੀ ਦੀ ਕੌਮੀ ਪੱਧਰ ‘ਤੇ ਅਗਵਾਈ ਕਰਨਾ ਆਪਣੇ ਆਪ ਵਿੱਚ ਵੀ ਬੜਾ ਮਹੱਤਵਪੂਰਨ ਹੈ।
ਉਹ ਮੰਚ ਉਤੇ ਹਮਲਾਵਰ ਹੋ ਸਕਦੀ ਹੈ, ਨਾਅਰੇ ਲਾ ਸਕਦੀ ਹੈ, ਸਰਕਾਰ ਅਤੇ ਨਿਜ਼ਾਮ ਉਤੇ ਤਿੱਖੇ ਸਵਾਲ ਉਠਾ ਸਕਦੀ ਹੈ, ਪੁਲਿਸ ਕਾਰਵਾਈ ਦੀ ਆਲੋਚਨਾ ਕਰ ਸਕਦੀ ਹੈ, ਪਰ ਨਾਲ ਹੀ ਉਹ ਕੋਈ ਪੇਸ਼ਾਵਰ ਲੱਠਮਾਰ ਨੇਤਾ ਹੋਣ ਦੀ ਬਜਾਏ, ਬਾਕਾਇਦਾ ਅਪਣੀ ਅਕਾਦਮਿਕ ਦੁਨੀਆ ਨਾਲ ਵੀ ਜੁੜੀ ਹੋਈ ਹੈ।
ਇਹੀ ਦੋਹਰੀ ਪਛਾਣ – ਇਕ ਖੋਜਾਰਥੀ ਅਤੇ ਇਕ ਅੰਦੋਲਨਕਾਰੀ – ਉਸ ਨੂੰ ਅਨੇਕਾਂ ਹੋਰ ਤੋਂ ਵੱਖਰਾ ਬਣਾਉਂਦੀ ਹੈ।

ਇਕ ਜਵਾਨ ਲੜਕੀ ਅਤੇ ਇੱਕ ਧੜੱਲੇਦਾਰ ਸਿਆਸੀ ਕਾਰਕੁਨ ਦਾ ਸੁਮੇਲ
ਭਾਰਤ ਦੀ ਵਿਦਿਆਰਥੀ ਰਾਜਨੀਤੀ ਵਿੱਚ ਲੜਕੀਆਂ ਦਾ ਲੀਡਰਸ਼ਿਪ ਵਿੱਚ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਕੌਮੀ ਪੱਧਰ ’ਤੇ ਲਗਾਤਾਰ ਸੜਕਾਂ ਅਤੇ ਅੰਦੋਲਨਾਂ ਵਿੱਚ ਸਰਗਰਮ ਰਹਿਣ ਵਾਲੀਆਂ ਜਵਾਨ ਆਗੂ ਕੁੜੀਆਂ ਦੀ ਗਿਣਤੀ ਬੜੀ ਸੀਮਿਤ ਰਹੀ ਹੈ।

ਨੇਹਾ ਇਸ ਸੀਨ ਵਿੱਚ ਇੱਕ ਬੇਹੱਦ ਅਹਿਮ ਚਿਹਰਾ ਬਣ ਕੇ ਸਾਹਮਣੇ ਆਈ ਹੈ। ਉਸਦੀ ਸਰਗਰਮੀ ਵਿੱਚ ਲੜਕੀ ਹੋਣ ਨੂੰ ਲੈ ਕੇ ਕੋਈ ਸੰਕੋਚ ਨਹੀਂ ਹੈ। ਉਹ ਮੰਚਾਂ ਉਤੇ ਅਪਣੇ ਸਹਿਕਰਮੀ ਲੜਕਿਆਂ ਨਾਲੋਂ ਵੀ ਮੁਖਰ ਦਿਖਾਈ ਦਿੰਦੀ ਹੈ।

ਉਸਦਾ ਮੰਨਣਾ ਹੈ ਕਿ ਔਰਤਾਂ ਨੂੰ ਅਕਸਰ ਸ਼ਾਂਤ, ਸੰਕੋਚੀ ਅਤੇ ਪਿੱਛੇ ਰਹਿਣ ਵਾਲੀਆਂ ਕਾਰਕੂੰਨਾਂ ਵਜੋਂ ਹੀ ਦੇਖਿਆ ਜਾਂਦਾ ਹੈ। ਉਹ ਇਸ ਧਾਰਨਾ ਨੂੰ ਚੁਣੌਤੀ ਦਿੰਦੀ ਹੈ। ਇਹੀ ਕਾਰਨ ਹੈ ਕਿ ਵਿਦਿਆਰਥੀ ਅੰਦੋਲਨਾਂ ਵਿੱਚ ਉਸਦੀ ਮੌਜੂਦਗੀ ਸਿਰਫ਼ ਆਇਸਾ ਦੀ ਕੌਮੀ ਪ੍ਰਧਾਨ ਵਜੋਂ ਨਹੀਂ, ਬਲਕਿ ਉਹ ਇੱਕ ਅਜਿਹੀ ਜਵਾਨ ਲੜਕੀ ਵਜੋਂ ਵੀ ਸਾਹਮਣੇ ਆਉਂਦੀ ਹੈ, ਜੋ ਸਿਆਸੀ ਅਸਹਿਮਤੀ ਨੂੰ ਜਨਤਕ ਤੌਰ ’ਤੇ ਪ੍ਰਗਟ ਕਰਨ ਤੋਂ ਬਿਲਕੁਲ ਨਹੀਂ ਝਿਜਕਦੀ।

‘ਅੰਦੋਲਨ’ ਅਤੇ ‘ਰਾਜਨੀਤੀ’ ਵਿਚਾਲੇ ਨੇਹਾ ਦੀ ਸਮਝਦਾਰੀ ਸਪੱਸ਼ਟ ਤੌਰ ’ਤੇ ਵਿਚਾਰਧਾਰਕ ਹੈ। ਉਹ ਆਇਸਾ ਨਾਲ ਜੁੜੀ ਹੈ, ਜੋ ਦੇਸ਼ ਦੀ ਇਕ ਪ੍ਰਮੁੱਖ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਹੈ।ਇਸ ਲਈ ਉਸਦੀ ਰਾਜਨੀਤੀ ਨੂੰ ਗੈਰ-ਰਾਜਨੀਤਕ ਵਿਦਿਆਰਥੀ ਬੈਚੈਨੀ ਵਜੋਂ ਪੇਸ਼ ਕਰਨਾ ਸਹੀ ਨਹੀਂ ਹੋਵੇਗਾ। ਉਸਦੀ ਆਪਣੀ ਵਿਚਾਰਧਾਰਾ ਹੈ ਅਤੇ ਉਹ ਉਸਨੂੰ ਖੁੱਲ੍ਹੇ ਤੌਰ ’ਤੇ ਦੇਸ਼ ਦੇ ਸਾਹਮਣੇ ਰੱਖਦੀ ਹੈ।

ਉਸਦੇ ਆਲੋਚਕ ਉਸਦੀ ਰਾਜਨੀਤੀ ਅਤੇ ਉਸਦੇ ਸੰਗਠਨ ਦੇ ਰੁਖ ਉਤੇ ਸਵਾਲ ਉਠਾਉਂਦੇ ਹਨ, ਜਦੋਂ ਕਿ ਸਮਰਥਕ ਇਸ ਨੂੰ ਲੋਕਤੰਤਰੀ ਵਿਦਿਆਰਥੀ ਰਾਜਨੀਤੀ ਅਤੇ ਅਸਹਿਮਤੀ ਦੀ ਆਵਾਜ਼ ਮੰਨਦੇ ਹਨ।

ਕੁਝ ਟੀਵੀ ਚੈਨਲਾਂ ਉੱਤੇ ਹੁੰਦੀਆਂ ਬਹਿਸਾਂ ਵਿੱਚ ਉਸ ਲਈ ‘ਉਗਰ’, ‘ਕੱਟੜ’ ਜਾਂ ਅਜਿਹੇ ਹੋਰ ਰਾਜਨੀਤਕ ਵਿਸ਼ੇਸ਼ਣਾਂ ਦੀ ਵਰਤੋਂ ਵੀ ਕੀਤੀ ਗਈ ਹੈ। ਅਜਿਹੇ ਸ਼ਬਦਾਂ ਨੂੰ ਤੱਥ ਵਜੋਂ ਕਬੂਲ ਕਰਨ ਦੀ ਬਜਾਏ ਉਨ੍ਹਾਂ ਨੂੰ ਰਾਜਨੀਤਕ ਇਲਜ਼ਾਮਾਂ ਜਾਂ ਆਲੋਚਨਾ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਨੇਹਾ ਖੁਦ ਆਪਣੇ ਰਾਜਨੀਤਕ ਰੁਖ ਨੂੰ ਲੋਕਤੰਤਰੀ ਅਧਿਕਾਰਾਂ, ਵਿਦਿਆ ਅਤੇ ਨੌਜਵਾਨਾਂ ਦੇ ਸਵਾਲਾਂ ਨਾਲ ਜੋੜਦੀ ਹੈ।

ਪਟਨਾ ਤੋਂ ਰਾਂਚੀ ਤੇ ਉਸ ਤੋਂ ਅੱਗੇ ਤੱਕ
ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਹੋਈ ਅਤੇ ਕੌਮੀ ਪੱਧਰ ‘ਤੇ ਬਣੀ ਉਸ ਦੀ ਪਛਾਣ ਹੁਣ ਕਈ ਰਾਜਾਂ ਤੱਕ ਪਹੁੰਚ ਚੁੱਕੀ ਹੈ। ਬਿਹਾਰ ਵਿੱਚ ਵਿਦਿਆਰਥੀ ਅੰਦੋਲਨਾਂ ਦੌਰਾਨ ਉਸਦੀ ਸਰਗਰਮੀ ਦਿਖਾਈ ਦਿੱਤੀ। ਪਟਨਾ ਵਿੱਚ ਵਿਦਿਆਰਥੀ ਸੰਗਠਨਾਂ ਦੇ ਪ੍ਰੋਗਰਾਮਾਂ ਵਿੱਚ ਉਸਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਝਾਰਖੰਡ ਵਿੱਚ ਪ੍ਰੀਖਿਆ ਅਤੇ ਭਰਤੀ ਨਾਲ ਜੁੜੇ ਮੁੱਦਿਆਂ ’ਤੇ ਵਿਦਿਆਰਥੀ ਅੰਦੋਲਨ ਵਿੱਚ ਵੀ ਉਸ ਨੇ ਹਿੱਸੇਦਾਰੀ ਕੀਤੀ। ਉੱਤਰ ਪ੍ਰਦੇਸ਼ ਸਮੇਤ ਦੱਖਣੀ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਨੌਜਵਾਨ ਅਤੇ ਵਿਦਿਆਰਥੀ ਅੰਦੋਲਨਾਂ ਵਿੱਚ ਉਸਦੀ ਮੌਜੂਦਗੀ ਰਹੀ ਹੈ। ਇਹ ਯਾਤਰਾ ਦੱਸਦੀ ਹੈ ਕਿ ਉਸਦਾ ਟੀਚਾ ਸਿਰਫ਼ ਜੇਐਨਯੂ ਜਾਂ ਦਿੱਲੀ ਤੱਕ ਸੀਮਿਤ ਨਹੀਂ ਹੈ। ਉਹ ਵਿਦਿਆਰਥੀ ਮੁੱਦਿਆਂ ਨੂੰ ਕੌਮੀ ਪੱਧਰ ’ਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਆਖ਼ਿਰ ਨੇਹਾ ਵਿੱਚ ਅਜਿਹਾ ਕੀ ਹੈ?
ਇਹ ਸਵਾਲ ਮਹੱਤਵਪੂਰਨ ਹੈ। ਭਾਰਤ ਵਿੱਚ ਹਰ ਸਾਲ ਹਜ਼ਾਰਾਂ ਵਿਦਿਆਰਥੀ ਅੰਦੋਲਨ ਕਰਦੇ ਹਨ। ਸੈਂਕੜੇ ਵਿਦਿਆਰਥੀ ਨੇਤਾ ਭਾਸ਼ਣ ਦਿੰਦੇ ਹਨ। ਸੋਸ਼ਲ ਮੀਡੀਆ ’ਤੇ ਹਰ ਰੋਜ਼ ਨਵੇਂ ਚਿਹਰੇ ਸਾਹਮਣੇ ਆਉਂਦੇ ਹਨ। ਫਿਰ ਨੇਹਾ ਬੋਰਾ ਦਾ ਚਿਹਰਾ ਹੀ ਲੋਕਾਂ ਦੇ ਜ਼ਿਹਨ ਵਿੱਚ ਕਿਵੇਂ ਤੇ ਕਿਉਂ ਟਿਕ ਗਿਆ?

ਸ਼ਾਇਦ ਇਸਦਾ ਉੱਤਰ ਉਸਦੇ ਸ਼ਖ਼ਸੀਅਤ ਦੇ ਕਈ ਪਹਿਲੂਆਂ ਦੇ ਮੇਲ ਵਿੱਚ ਹੈ। ਇੱਕ ਪਾਸੇ ਉਹ ਜੇਐਨਯੂ ਦੀ ਖੋਜਾਰਥੀ ਹੈ, ਦੂਜੇ ਪਾਸੇ ਸੜਕ ’ਤੇ ਅੰਦੋਲਨ ਕਰਦੀ ਹੈ। ਇੱਕ ਪਾਸੇ ਉਹ ਥੀਏਟਰ ਦੀ ਦੁਨੀਆਂ ਤੋਂ ਆਉਂਦੀ ਹੈ, ਦੂਜੇ ਪਾਸੇ ਇਕ ਇਨਕਲਾਬੀ ਸੰਗਠਨ ਦੀ ਅਗਵਾਈ ਕਰਦੀ ਹੈ। ਇੱਕ ਪਾਸੇ ਉਹ ਇਕ ਫ਼ੌਜੀ ਪਰਿਵਾਰ ਤੋਂ ਆਉਂਦੀ ਹੈ, ਦੂਜੇ ਪਾਸੇ ਉਸਦੀ ਰਾਜਨੀਤੀ ਪਰਿਵਾਰ ਦੀ ਸੋਚ ਤੋਂ ਬਿਲਕੁਲ ਵੱਖਰੀ ਹੈ। ਇੱਕ ਪਾਸੇ ਉਹ ਇਕ ਜਵਾਨ ਲੜਕੀ ਹੈ, ਦੂਜੇ ਪਾਸੇ ਉਹ ਇਕ ਵਿਦਿਆਰਥੀ ਸੰਗਠਨ ਦੀ ਕੌਮੀ ਪ੍ਰਧਾਨ ਹੈ। ਅਤੇ ਸਭ ਤੋਂ ਮਹੱਤਵਪੂਰਨ – ਉਸਨੇ ਸਿਰਫ਼ ਵਿਦਿਆਰਥੀ ਅੰਦੋਲਨ ਦੀ ਅਗਵਾਈ ਹੀ ਨਹੀਂ ਕੀਤੀ, ਬਲਕਿ ਉਸ ਵਿੱਚ ਨਿੱਜੀ ਤੌਰ ‘ਤੇ ਅਪਣੇ ਜੀਵਨ ਦਾ ਖ਼ਤਰਾ ਵੀ ਉਠਾਇਆ।

23 ਦਿਨ ਦੀ ਭੁੱਖ ਹੜਤਾਲ ਨੇ ਉਸਨੂੰ ਇੱਕ ਤਸਵੀਰ ਦਿੱਤੀ। ਚਿਹਰੇ ’ਤੇ ਪਈ ‘ਸਿਆਹੀ’ ਨੇ ਦੂਜੀ। ਪਰ ਇਨ੍ਹਾਂ ਤਸਵੀਰਾਂ ਦੇ ਪਿੱਛੇ ਉਸ ਦਾ ਸਾਲਾਂ ਦਾ ਜਥੇਬੰਦਕ ਕੰਮ ਵੀ ਅਹਿਮ ਤੱਥ ਹੈ।

‘ਆਮ ਨੌਜਵਾਨ’ ਤੋਂ ਅੰਦੋਲਨ ਦੇ ਚਿਹਰੇ ਤੱਕ
ਨੇਹਾ ਦੀ ਕਹਾਣੀ ਨੂੰ ਸਿਰਫ਼ ਇੱਕ ਵਿਅਕਤੀ ਦੀ ਸਫਲਤਾ ਦੀ ਕਹਾਣੀ ਵਜੋਂ ਦੇਖਣਾ ਵੀ ਸ਼ਾਇਦ ਉਚਿਤ ਨਹੀਂ ਹੋਵੇਗਾ। ਉਹ ਜਿਸ ਸਮੇਂ ਉਭਰੀ ਹੈ, ਉਸ ਸਮੇਂ ਦੇਸ਼ ਦੇ ਵਿਦਿਆਰਥੀਆਂ ਨੌਜਵਾਨਾਂ ਦੇ ਸਾਹਮਣੇ ਵਿਦਿਆ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਰੁਜ਼ਗਾਰ ਅਤੇ ਭਵਿੱਖ ਦੀ ਸੁਰੱਖਿਆ ਨਾਲ ਜੁੜੇ ਕਿੰਨੇ ਹੀ ਅਹਿਮ ਸਵਾਲ ਹਨ।

ਉਸਦੇ ਭਾਸ਼ਣਾਂ ਵਿੱਚ ਇਹੀ ਸਵਾਲ ਬਾਰ-ਬਾਰ ਵਾਪਸ ਆਉਂਦੇ ਹਨ। ਇਸੇ ਲਈ ਨਾਅਰੇ ਲਗਾਉਂਦੀਆਂ ਲੜਕੀਆਂ ਦੀ ਭੀੜ ਵਿੱਚ ਜਦੋਂ ਨੇਹਾ ਦੀ ਅਵਾਜ਼ ਸੁਣਾਈ ਦਿੰਦੀ ਹੈ ਤਾਂ ਉਸ ਵਿੱਚ ਸਿਰਫ਼ ਇੱਕ ਵਿਦਿਆਰਥੀ ਸੰਗਠਨ ਦਾ ਸੁਰ ਨਹੀਂ ਸੁਣਾਈ ਦਿੰਦਾ, ਉਸ ਵਿੱਚ ਇੱਕ ਆਮ ਜਵਾਨ ਲੜਕੀ ਦੀ ਬੇਚੈਨੀ ਵੀ ਸੁਣਾਈ ਦਿੰਦੀ ਹੈ। ਸ਼ਾਇਦ ਇਹੀ ਉਸਦੀ ਸਭ ਤੋਂ ਵੱਡੀ ਰਾਜਨੀਤਕ ਪੂੰਜੀ ਹੈ।
ਉਹ ਆਪਣੇ ਸਮਰਥਕਾਂ ਲਈ ਸੰਘਰਸ਼ ਦਾ ਪ੍ਰਤੀਕ ਬਣ ਰਹੀ ਹੈ ਕਿਉਂਕਿ ਉਹ ਖੁਦ ਨੂੰ ਉਨ੍ਹਾਂ ਤੋਂ ਵੱਖਰੇ ਕਿਸੇ ਵਿਸ਼ੇਸ਼ ਵਰਗ ਵਿੱਚ ਖੜ੍ਹਾ ਨਹੀਂ ਕਰਦੀ। ਉਹ ਉਸੇ ਯੂਨੀਵਰਸਿਟੀ ਵਿਵਸਥਾ ਦਾ ਹਿੱਸਾ ਹੈ, ਜਿਸ ਦੇ ਵਿਰੁੱਧ ਬੋਲਦੀ ਹੈ। ਪ੍ਰੀਖਿਆ ਅਤੇ ਰੁਜ਼ਗਾਰ ਦੀ ਉਸੇ ਚਿੰਤਾ ਨੂੰ ਸਮਝਦੀ ਹੈ, ਜਿਸ ਨੂੰ ਲੈ ਕੇ ਵਿਦਿਆਰਥੀ ਸੜਕ ’ਤੇ ਉਤਰਦੇ ਹਨ। ——– ਅਤੇ ਜਦੋਂ ਉਹ ਮੰਚ ਤੋਂ ਕਹਿੰਦੀ ਹੈ ਕਿ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਫੈਸਲੇ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦੇ, ਤਾਂ ਉਹ ਗੱਲ ਸਿਰਫ਼ ਇੱਕ ਰਾਜਨੀਤਕ ਨਾਅਰਾ ਨਹੀਂ ਰਹਿ ਜਾਂਦੀ, ਬਲਕਿ ਇੱਕ ਪੀੜ੍ਹੀ ਦੀ ਮੰਗ ਬਣ ਜਾਂਦੀ ਹੈ।

ਅੱਗੇ ਦੀ ਰਾਹ
ਨੇਹਾ ਬੋਰਾ ਦਾ ਸਫ਼ਰ ਅਜੇ ਲੰਮਾ ਹੈ। ਉਸਦੀ ਉਮਰ 30 ਸਾਲ ਵੀ ਨਹੀਂ ਹੋਈ। ਉਸਦੇ ਸਾਹਮਣੇ ਅਕਾਦਮਿਕ ਜੀਵਨ ਹੈ, ਵਿਦਿਆਰਥੀ ਸੰਗਠਨ ਦੀ ਅਗਵਾਈ ਹੈ ਅਤੇ ਦੇਸ਼ ਭਰ ਵਿੱਚ ਵਧਦੀ ਰਾਜਨੀਤਕ ਪਛਾਣ ਹੈ। ਪਰ ਇਸ ਦੇ ਨਾਲ ਵੱਡੀਆਂ ਚੁਣੌਤੀਆਂ ਵੀ ਹਨ।

ਕੌਮੀ ਪੱਧਰ ਦੀ ਇਕ ਵਿਦਿਆਰਥੀ ਆਗੂ ਵਜੋਂ ਅਪਣੀ ਹਰਮਨ ਪਿਆਰਤਾ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਣਾ ਆਸਾਨ ਨਹੀਂ ਹੁੰਦਾ। ਅੰਦੋਲਨ ਦੀ ਊਰਜਾ ਨੂੰ ਸੰਗਠਨ ਵਿੱਚ ਬਦਲਣਾ ਇਕ ਵੱਖਰੀ ਚੁਣੌਤੀ ਹੈ ਅਤੇ ਸੜਕ ਦੇ ਸੰਘਰਸ਼ ਨੂੰ ਨੀਤੀਗਤ ਬਹਿਸ ਵਿੱਚ ਬਦਲਣਾ ਉਸ ਤੋਂ ਵੀ ਵੱਡੀ ਚੁਣੌਤੀ।

ਨੇਹਾ ਲਈ ਸਭ ਤੋਂ ਵੱਡਾ ਸਵਾਲ ਇਹੀ ਹੋਵੇਗਾ ਕਿ ਕੀ ਉਹ ਅੰਦੋਲਨ ਦੇ ਪ੍ਰਤੀਕ ਤੋਂ ਅੱਗੇ ਵਧ ਕੇ ਇੱਕ ਵਿਆਪਕ ਰਾਜਨੀਤਕ ਤੇ ਬੌਧਿਕ ਅਵਾਜ਼ ਬਣ ਪਾਉਂਦੀ ਹੈ।

ਫਿਲਹਾਲ ਇੰਨਾ ਸਪੱਸ਼ਟ ਹੈ ਕਿ ਉਹ ਭਾਰਤੀ ਵਿਦਿਆਰਥੀ ਰਾਜਨੀਤੀ ਦੇ ਪੁਰਾਣੇ ਚਿਹਰਿਆਂ ਵਿਚਾਲੇ ਇੱਕ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਦਿਖਾਈ ਦੇ ਰਹੀ ਹੈ। ਉਸਦੀ ਕਹਾਣੀ ਵਿੱਚ ਕੋਈ ਫਿਲਮੀ ਨਾਟਕੀਅਤਾ ਨਹੀਂ ਹੈ।

ਇੱਕ ਫੌਜੀ ਪਰਿਵਾਰ ਦੀ ਧੀ। ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ। ਥੀਏਟਰ ਤੋਂ ਪ੍ਰਭਾਵਿਤ ਨੌਜਵਾਨ। ਜੇਐਨਯੂ ਦੀ ਖੋਜਾਰਥੀ। ਆਇਸਾ ਦੀ ਕੌਮੀ ਪ੍ਰਧਾਨ। 23 ਦਿਨ ਦੀ ਭੁੱਖ ਹੜਤਾਲ ਕਰਨ ਵਾਲੀ ਕਾਰਕੁਨ। ਚਿਹਰੇ ’ਤੇ ‘ਸਿਆਹੀ’ ਲੈ ਕੇ ਵੀ ਮੰਚ ’ਤੇ ਵਾਪਸ ਆਉਣ ਵਾਲੀ ਅੰਦੋਲਨਕਾਰੀ। ਅਤੇ ਹਜ਼ਾਰਾਂ ਵਿਦਿਆਰਥੀਆਂ ਵਿਚਾਲੇ ਆਪਣੀ ਅਵਾਜ਼ ਬੁਲੰਦ ਕਰਦੀ ਇੱਕ ਨੌਜਵਾਨ ਲੜਕੀ।

ਨੇਹਾ ਬੋਰਾ ਦੀ ਅਸਲੀ ਕਹਾਣੀ ਸ਼ਾਇਦ ਇਹੀ ਹੈ – ਉਸਨੇ ਅਜੇ ਕੋਈ ਚੋਣ ਨਹੀਂ ਜਿੱਤੀ ਹੈ, ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਹੈ ਅਤੇ ਸੱਤਾ ਦੇ ਕਿਸੇ ਗਲਿਆਰੇ ਵਿੱਚ ਨਹੀਂ ਪਹੁੰਚੀ ਹੈ। ਫਿਰ ਵੀ ਉਹ ਨੌਜਵਾਨਾਂ ਵਿਚਾਲੇ ਇੱਕ ਰਾਜਨੀਤਕ ਪਛਾਣ ਬਣਾ ਚੁੱਕੀ ਹੈ।

——- ਅਤੇ ਭਾਰਤੀ ਲੋਕਤੰਤਰ ਵਿੱਚ ਕਦੇ-ਕਦੇ ਸੱਤਾ ਤੋਂ ਬਾਹਰ ਖੜ੍ਹਾ ਕੋਈ ਜਵਾਨ ਚਿਹਰਾ ਆਉਣ ਵਾਲੇ ਸਮੇਂ ਦੀ ਰਾਜਨੀਤੀ ਦਾ ਸੰਕੇਤ ਦੇ ਦਿੰਦਾ ਹੈ।
*
( ਪ੍ਰਣਵ ਕੁਮਾਰ ਚੌਧਰੀ ਜੇਐਨਯੂ ਦੇ ਵਿਦਿਆਰਥੀ ਅਤੇ ‘ਟਾਈਮਜ਼ ਆਫ਼ ਇੰਡੀਆ’ ਦੇ ਸੰਵਾਦਦਾਤਾ ਰਹਿ ਚੁੱਕੇ ਹਨ।) ਪੰਜਾਬੀ ਅਨੁਵਾਦ ਤੇ ਪੇਸ਼ਕਸ਼ – ਸੁਖਦਰਸ਼ਨ ਸਿੰਘ ਨੱਤ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।