ਪੇਅ ਪੈਰਿਟੀ ਬਹਾਲੀ ਅਤੇ ਅਸਾਮੀ ਦਾ ਨਾਮ ਬਦਲਣ ਦੀਆਂ ਫਾਈਲਾਂ ਤੁਰੰਤ ਪੁੱਟਅਪ ਕਰਨ ਦੀ ਮੰਗ
ਚੰਡੀਗੜ੍ਹ , 18 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਸਰਕਾਰੀ ਸਕੂਲ ਲੈਬੋਰਟਰੀ ਸਟਾਫ ਯੂਨੀਅਨ ਪੰਜਾਬ ਦੀ ਅੱਜ ਹੋਈ ਆਨਲਾਈਨ ਮੀਟਿੰਗ ਵਿੱਚ ਪੇਅ ਪੈਰਿਟੀ ਬਹਾਲੀ ਅਤੇ ਅਸਾਮੀ ਦਾ ਨਾਮ ਬਦਲਣ ਸਬੰਧੀ ਲੰਬੇ ਸਮੇਂ ਤੋਂ ਲਟਕ ਰਹੀਆਂ ਫਾਈਲਾਂ ਪੁੱਟਅਪ ਨਾ ਹੋਣ ’ਤੇ ਗੰਭੀਰ ਰੋਸ ਪ੍ਰਗਟਾਇਆ ਗਿਆ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਡੀ.ਪੀ.ਆਈ. ਦਫ਼ਤਰ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਫਾਈਲਾਂ ਪੁੱਟਅਪ ਕਰਨ ਦੇ ਭਰੋਸੇ ਦਿੱਤੇ ਜਾਂਦੇ ਰਹੇ ਹਨ, ਪਰ ਅਮਲੀ ਕਾਰਵਾਈ ਨਾ ਹੋਣ ਕਾਰਨ ਐੱਸ.ਐੱਲ.ਏ. ਕਰਮਚਾਰੀਆਂ ਵਿੱਚ ਨਿਰਾਸ਼ਾ ਵਧ ਰਹੀ ਹੈ। ਵਾਰ-ਵਾਰ ਭਰੋਸੇ ਦੇ ਕੇ ਕਾਰਵਾਈ ਨਾ ਕਰਨਾ ਕਰਮਚਾਰੀਆਂ ਦੇ ਕੀਮਤੀ ਸਮੇਂ ਦੀ ਬਰਬਾਦੀ ਹੈ ਅਤੇ ਜੱਥੇਬੰਦੀ ਇਸ ਟਾਲਮਟੋਲ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰੇਗੀ।
ਇਸ ਦੇ ਰੋਸ ਵਜੋਂ ਜੱਥੇਬੰਦੀ ਵੱਲੋਂ ਮੰਗਲਵਾਰ, 27 ਅਕਤੂਬਰ ਨੂੰ ਡੀ.ਪੀ.ਆਈ. ਦਫ਼ਤਰ ਵਿਖੇ ਸਮੂਹ ਐੱਸ.ਐੱਲ.ਏ. ਕਰਮਚਾਰੀਆਂ ਵੱਲੋਂ ਸੰਕੇਤਕ ਧਰਨਾ ਦਿੱਤਾ ਜਾਵੇਗਾ। ਜੱਥੇਬੰਦੀ ਦੀ ਮੰਗ ਹੈ ਕਿ ਦੋਵੇਂ ਫਾਈਲਾਂ ਤੁਰੰਤ ਪੁੱਟਅਪ ਕਰਕੇ ਅਗਲੀ ਕਾਰਵਾਈ ਲਈ ਭੇਜੀਆਂ ਜਾਣ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ।
ਜੱਥੇਬੰਦੀ ਨੇ ਸਪੱਸ਼ਟ ਕੀਤਾ ਕਿ ਕਰਮਚਾਰੀ ਕੋਈ ਖੈਰਾਤ ਨਹੀਂ, ਸਗੋਂ ਆਪਣੇ ਜਾਇਜ਼ ਹੱਕਾਂ ਸਬੰਧੀ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਹਨ। ਵਿਭਾਗ ਨੂੰ ਚਾਹੀਦਾ ਹੈ ਕਿ ਧਰਨੇ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਫਾਈਲਾਂ ਪੁੱਟਅਪ ਕਰਕੇ ਠੋਸ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਪਤਵੰਤ ਸਿੰਘ ਤਿਮੋਵਾਲ, ਸੂਬਾ ਸਰਪ੍ਰਸਤ ਜਸਵੰਤ ਰਾਏ, ਸੂਬਾ ਜਨਰਲ ਸਕੱਤਰ ਪੰਕਜ ਕੁਮਾਰ ਸਪਰਾ, ਸੂਬਾ ਵਿੱਤ ਸਕੱਤਰ ਸੁਖਮੰਦਰ ਸਿੰਘ ਮੋਗਾ, ਸੀਨੀਅਰ ਮੀਤ ਪ੍ਰਧਾਨ ਦਿਲਪ੍ਰੀਤ ਸਿੰਘ ਭਿੰਡਰ, ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਮੀਤ ਪ੍ਰਧਾਨ ਜੁਗੇਸ਼ ਕੁਮਾਰ ਕੌੜਾ, ਜੱਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਮੁੱਖ ਬੁਲਾਰਾ ਹਰਜੀਤ ਸਿੰਘ ਬਰਾੜ, ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਮੋਹਾਲੀ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਕਰਨ ਕੁਮਾਰ ਜਲੰਧਰ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਅਰੋੜਾ ਕਪੂਰਥਲਾ , ਜ਼ਿਲ੍ਹਾ ਪ੍ਰਧਾਨ ਵਿਕਾਸ ਅਗਰਵਾਲ ਲੁਧਿਆਣਾ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।* ਜੱਥੇਬੰਦੀ ਦਾ ਕਹਿਣਾ ਹੈ ਕਿ ਹੁਣ ਸਿਰਫ਼ ਭਰੋਸੇ ਨਹੀਂ, ਅਮਲੀ ਕਾਰਵਾਈ ਚਾਹੀਦੀ ਹੈ!* ਇਸ ਮੌਕੇ ਸੂਬਾ ਪ੍ਰਧਾਨ ਵੱਲੋਂ ਸਮੂਹ ਐੱਸ.ਐੱਲ.ਏ. ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ 27 ਅਕਤੂਬਰ ਦੇ ਸੰਕੇਤਕ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਏਕਤਾ ਦਾ ਸਬੂਤ ਦੇਣ।












