ਚੰਡੀਗੜ੍ਹ 25 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ‘ਫਲਿੱਪਕਾਰਟ’ ਕੰਪਨੀ ਦੇ ਗੁਦਾਮ ਵਿੱਚੋਂ ਚੋਰ ਸ਼ਟਰ ਦਾ ਤਾਲਾ ਤੋੜ ਕੇ ਲਗਪਗ 4 ਕਰੋੜ 57 ਲੱਖ ਰੁਪਏ ਦੇ ਸੈਮਸੰਗ ਦੇ ਤਕਰੀਬਨ 980 ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ। ਚੋਰ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਆਪਣੇ ਨਾਲ ਲੈ ਗਏ।
ਚੋਰੀ ਦੀ ਇਸ ਵੱਡੀ ਘਟਨਾ ਦੀ ਜਾਂਚ ਲਈ ਸਾਈਬਰ ਕ੍ਰਾਈਮ ਵਿਭਾਗ ਦੇ ਡੀ ਐੱਸ ਪੀ ਸਰਬਜੀਤ ਸਿੰਘ, ਡੀ ਐਸ ਪੀ (ਡੀ) ਸੰਦੀਪ ਸਿੰਘ ਭਾਟੀ, ਸੀ ਆਈ ਏ ਟੀਮ ਅਤੇ ਮੋਬਾਈਲ ਫੌਰੈਂਸਿਕ ਲੈਬ ਦੇ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਕੰਪਨੀ ਦੇ ਮੁਲਾਜ਼ਮਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਲੀਗਲ ਅਧਿਕਾਰੀਆਂ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।ਗੁਦਾਮ ਦੇ ਇੰਚਾਰਜ ਪ੍ਰਕਾਸ਼ ਚੰਦ ਤੋਂ ਕੀਤੀ ਗਈ ਪੁੱਛ-ਪੜਤਾਲ ਅਨੁਸਾਰ ਕੰਪਨੀ ਨੇ ਇਹ ਗੁਦਾਮ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਮੁਲਾਜ਼ਮ ਸ਼ੁੱਕਰਵਾਰ ਰਾਤ ਗੁਦਾਮ ਵਿੱਚ ਨਵਾਂ ਆਇਆ ਮਾਲ ਉਤਾਰ ਕੇ ਰਾਤ ਨੂੰ ਗੁਦਾਮ ਬੰਦ ਕਰ ਕੇ ਗਏ ਸਨ ਅਤੇ ਤਿੰਨ ਕੁ ਘੰਟਿਆਂ ਬਾਅਦ ਸਵੇਰੇ ਜਦੋਂ ਗੁਦਾਮ ਖੋਲ੍ਹਣ ਲਈ ਆਏ, ਤਾਂ ਤਾਲਾ ਟੁੱਟਿਆ ਹੋਇਆ ਸੀ ਅਤੇ ਸ਼ਟਰ ਅੱਧਾ ਉੱਪਰ ਚੁੱਕਿਆ ਹੋਇਆ ਸੀ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਚੋਰੀ ਇਸੇ ਦੌਰਾਨ ਹੋਈ। ਪੁਲੀਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਵਿੱਚ ਜੁਟੀ ਹੋਈ ਸੀ।












