ਨਵੀਂ ਦਿੱਲੀ 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾ ਕੇ ਇੱਕ ਜ਼ਬਰਦਸਤ ਧਮਾਕਾ ਕੀਤਾ ਗਿਆ। ਇਸ ਖ਼ੌਫ਼ਨਾਕ ਹਮਲੇ ਦੇ ਫਲਸਰੂਪ ਗੱਡੀ ਦੇ ਪਰਖਚੇ ਉੱਡ ਗਏ ਅਤੇ ਕਾਰ ਦੀ ਅਗਲੀ ਵਿੰਡਸ਼ੀਲਡ ਸਮੇਤ ਸਨਰੂਫ਼ ਲਗਭਗ ਪੱਚੀ ਫੁੱਟ ਉੱਚੇ ਦਰੱਖਤ ਉੱਤੇ ਜਾ ਟੰਗੇ ਗਏ। ਇਸ ਤੋਂ ਇਲਾਵਾ ਸ਼ਹੀਦ ਨਿੱਝਰ ਟੀਮ ਦੀ ਬੱਸ ਉੱਤੇ ਬਣੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਉੱਪਰ ਚਿੱਟਾ ਰੰਗ ਮਲ ਕੇ ਉਸ ਨੂੰ ਖ਼ਰਾਬ ਕਰਨ ਦੀ ਸ਼ਰਾਰਤ ਵੀ ਕੀਤੀ ਗਈ। ਅੱਧੀ ਰਾਤ ਦੇ ਵਕਤ ਅੰਜਾਮ ਦਿੱਤੀ ਗਈ ਇਸ ਘਿਨੌਣੀ ਹਰਕਤ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਹਮਲਾ ਭਾਰਤੀ ਏਜੰਸੀਆਂ ਦੇ ਸ਼ਾਰਪਸ਼ੂਟਰਾਂ ਅਤੇ ਗੈਂਗਸਟਰਾਂ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸਮੂਹ ਸੇਵਾਦਾਰਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਖਿਆ ਕਿ ਸਾਰੀ ਸੰਗਤ ਭਾਈ ਰੰਧਾਵਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਭਾਈ ਗੁਰਮੀਤ ਸਿੰਘ ਤੂਰ ਅਤੇ ਹਮਖਿਆਲ ਸਿੱਖ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਸਾਜ਼ਿਸ਼ਾਂ ਸਿੱਖ ਕੌਮ ਨੂੰ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਰੈਫ਼ਰੈਂਡਮ ਤੋਂ ਕਦਾਚਿਤ ਪਿੱਛੇ ਨਹੀਂ ਹਟਾ ਸਕਦੀਆਂ। ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਉੱਤੇ ਪਹਿਰਾ ਦਿੰਦਿਆਂ ਕੌਮੀ ਆਜ਼ਾਦੀ ਦੇ ਇਸ ਸੰਘਰਸ਼ ਵਿੱਚ ਨਿਰੰਤਰ ਯੋਗਦਾਨ ਪਾਇਆ ਜਾਂਦਾ ਰਹੇਗਾ।












