ਲੁਧਿਆਣਾ 3 ਨਵੰਬਰ ,ਬੋਲੇ ਪੰਜਾਬ ਬਿਊਰੋ;
ਲੁਧਿਆਣਾ ਵਿੱਚ ਜਨਮ ਦਿਨ ਮਨਾਉਣ ਆਏ ਇੱਕ ਨੌਜਵਾਨ ’ਤੇ ਗੋਲੀਆਂ ਚਲਾਉਣ ਤੋਂ ਪ੍ਰੇਸ਼ਾਨ ਲੜਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸ਼ਹਿਰ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਵਿੱਚ ਸੋਮਵਾਰ ਦੇਰ ਰਾਤ ਨੂੰ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਦੇ ਇਲਾਕੇ ਵਿੱਚ ਜਨਮ ਦਿਨ ਮਨਾਉਣ ਆਇਆ ਸੀ, ਦੇਰ ਰਾਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਦੀ ਥਾਰ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਗੁੱਸੇ ਵਿੱਚ ਆਈ 23 ਸਾਲਾ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਲੜਕੇ ਦਵਿਆਂਸ਼ੂ ਬੱਗਾ ਦਾ ਦਾਅਵਾ ਹੈ ਕਿ ਉਸ ਦੇ ਰੈਨਾ ਧੀਰ ਨਾਲ ਪ੍ਰੇਮ ਸਬੰਧ ਸਨ। ਉਸ ਨੇ 2 ਨਵੰਬਰ ਦੀ ਦੇਰ ਰਾਤ ਉਸ ਨੂੰ ਜਨਮਦਿਨ ਦਾ ਕੇਕ ਕੱਟਣ ਲਈ ਆਪਣੇ ਘਰ ਬੁਲਾਇਆ ਸੀ। ਜਿਵੇਂ ਹੀ ਉਹ ਰਾਤ ਕਰੀਬ 12:30 ਵਜੇ ਆਪਣੀ ਥਾਰ ਗੱਡੀ ਰਾਹੀਂ ਉੱਥੇ ਪਹੁੰਚਿਆ ਤਾਂ ਕਈ ਜਣਿਆਂ ਨੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਲੜਕੀ ਦੀ ਮਾਂ ਦੇ ਉਕਸਾਉਣ ’ਤੇ ਉਸ ਦੇ ਭਰਾ ਰੋਹਨ ਧੀਰ ਅਤੇ 25-30 ਅਣਪਛਾਤੇ ਵਿਅਕਤੀਆਂ ਨੇ 15 ਤੋਂ 20 ਰਾਊਂਡ ਫਾਇਰ ਕੀਤੇ ਅਤੇ ਗੱਡੀ ’ਤੇ ਪਥਰਾਅ ਕਰ ਦਿੱਤਾ। ਗੋਲੀਆਂ ਲੱਗਣ ਕਾਰਨ ਗੱਡੀ ਦੇ ਟਾਇਰ ਫਟ ਗਏ ਪਰ ਦਿਵਿਆਂਸ਼ੂ ਕਿਸੇ ਤਰ੍ਹਾਂ ਨੁਕਸਾਨੀ ਗਈ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।ਉਧਰ, ਪ੍ਰੇਮੀ ’ਤੇ ਗੋਲੀਆਂ ਚਲਾਉਣ ਦੀ ਘਟਨਾ ਤੋਂ ਦੁਖੀ ਹੋ ਕੇ ਲੜਕੀ ਨੇ ਇਹ ਕਦਮ ਚੁੱਕਿਆ। ਦਿਵਿਆਂਸ਼ੂ ਅਨੁਸਾਰ ਦੋਵਾਂ ਪਰਿਵਾਰਾਂ ਦੀ ਪੁਰਾਣੀ ਜਾਣ-ਪਛਾਣ ਸੀ ਅਤੇ ਖਾਟੂ ਸ਼ਿਆਮ ਯਾਤਰਾ ਦੌਰਾਨ ਹੀ ਦੋਵਾਂ ਵਿਚਕਾਰ ਨੇੜਤਾ ਵਧੀ ਸੀ।ਦੂਜੇ ਪਾਸੇ, ਹਸਪਤਾਲ ਪਹੁੰਚੇ ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੂਰੀ ਘਟਨਾ ਬਾਰੇ ਵੱਖਰਾ ਪੱਖ ਪੇਸ਼ ਕੀਤਾ ਹੈ। ਰੋਹਨ ਦਾ ਦੋਸ਼ ਹੈ ਕਿ ਦਿਵਿਆਂਸ਼ੂ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਭੈਣ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਗਲੀ ਵਿੱਚ ਉਸ ਨਾਲ ਛੇੜਛਾੜ ਕਰਦਾ ਸੀ। ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਘਟਨਾ ਵਾਲੀ ਰਾਤ ਉਹ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਸ਼ਰਾਬ ਪੀ ਰਿਹਾ ਸੀ, ਉੱਚੀ ਆਵਾਜ਼ ਵਿੱਚ ਗਾਣੇ ਵਜਾ ਰਿਹਾ ਸੀ ਅਤੇ ਪਰਿਵਾਰਕ ਮੈਂਬਰਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਭਰਾ ਦਾ ਇਹ ਵੀ ਦਾਅਵਾ ਹੈ ਕਿ ਉਸ ਨੇ ਹੈਬੋਵਾਲ ਤੋਂ ਕਈ ਜਣੇ ਬੁਲਾ ਕੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਵਾਈਆਂ ਸਨ। ਉਸ ਦਾ ਕਹਿਣਾ ਹੈ ਕਿ ਇਸੇ ਮਾਨਸਿਕ ਪ੍ਰੇਸ਼ਾਨੀ ਅਤੇ ਦਬਾਅ ਕਾਰਨ ਉਸ ਦੀ ਭੈਣ ਨੇ ਆਪਣੀ ਜਾਨ ਦਿੱਤੀ ਹੈ। ਪਰਿਵਾਰ ਕੋਲ ਇਸ ਸਬੰਧੀ ਲੋੜੀਂਦੇ ਸਬੂਤ ਅਤੇ ਕਾਲ ਰਿਕਾਰਡਿੰਗਾਂ ਮੌਜੂਦ ਹਨ।
ਉਧਰ, ਥਾਣਾ ਡਿਵੀਜ਼ਨ ਨੰਬਰ-3 ਦੇ ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੱਥਾਂ ਦੀ ਪੁਸ਼ਟੀ ਕਰਦਿਆਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।












