ਪੰਜ ਸਾਲ ਪਹਿਲਾਂ ਆਈ ਦੇਵ ਖਰੋੜ ਦੀ ਸੁਪਰਹਿੱਟ ਫ਼ਿਲਮ ‘ਬਲੈਕੀਆ’ ਦੀ ਕਾਮਯਾਬੀ ਨੂੰ ਵੇਖਦਿਆਂ ਨਿਰਮਾਤਾ ਵਿਵੇਕ ਓਹਰੀ ਦੀ ਸਮੁੱਚੀ ਟੀਮ ਨੇ ਇਸ ਵਾਰ ‘ਬਲੈਕੀਆ 2’ ਦਾ ਨਿਰਮਾਣ ਕੀਤਾ ਹੈ। ਜਿਸਦੇ ਰਿਲੀਜ਼ ਹੋਏ ਟਰੇਲਰ ਨੇ ਦੇਵ ਖਰੋੜ ਦੇ ਪ੍ਰਸ਼ੰਸਕਾ ਵਿੱਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਦੇਵ ਖਰੋੜ ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਉਹ ਸਿਤਾਰਾ ਹੈ ਜੋ ਹਰ ਤਰ੍ਹਾਂ ਦੇ ਕਿਰਦਾਰ ਵਿੱਚ ਆਪਣੇ ਆਪ ਨੂੰ ਢਾਲਣ ਦੇ ਸਮਰੱਥ ਹੈ। ‘ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਡੀ.ਐੱਸ.ਪੀ. ਦੇਵ’ ਅਤੇ ‘ਬਲੈਕੀਆ’ ਵਰਗੀਆਂ ਫ਼ਿਲਮਾਂ ਨੇ ਉਸਦੇ ਕਿਰਦਾਰ ਨੂੰ ਇੱਕ ਖ਼ਾਸ ਪਹਿਚਾਣ ਦਿੱਤੀ ਜਿਸ ਕਰਕੇ ਉਹ ਅੱਜ ਦੇ ਸਿਨੇਮੇ ਦਾ ਐਕਸ਼ਨ ਹੀਰੋ ਵਜੋਂ ਜਾਣਿਆ ਜਾਂਦਾ ਹੈ। ‘ਬਲੈਕੀਆ’ ਫ਼ਿਲਮ ਦਾ ਨਾਮੀਂ ਸਮਗਲਰ ‘ਗਾਮਾ’ ਹੁਣ ਆ ਰਹੀ ਨਵੀਂ ਫ਼ਿਲਮ ‘ਬਲੈਕੀਆ 2’ ਵਿੱਚ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਸਮਗਲਿੰਗ ਦੀ ਦੁਨੀਆਂ ਵਿੱਚ ਆਪਣੇ ਰਾਜ ਨੂੰ ਕਾਇਮ ਕਰਨ ਵਾਲਾ ਇੱਕ ਸਫ਼ਲ ਨਾਇਕ ਬਣ ਕੇ ਉਭਰੇਗਾ। ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਹੱਟਕੇ ਐਕਸ਼ਨ ਅਤੇ ਇਮੋਸ਼ਨਲ ਡਰਾਮੇ ਦਾ ਸੋਹਣਾ ਸੁਮੇਲ ਹੋਵੇਗੀ। ਇਹ ਕਹਾਣੀ ਉਨ੍ਹਾਂ ਲੋਕਾਂ ਦੀ ਹੈ ਜੋ 47 ਦੀ ਵੰਡ ਵੇਲੇ ਉਜੱੜ ਕੇ ਪੰਜਾਬ ਦੇ ਬਾਡਰਾਂ ‘ਤੇ ਆ ਵਸੇ। ਵੰਡ ਤੋਂ ਪਹਿਲਾਂ ਮੁਰੱਬਿਆਂ ਦੇ ਮਾਲਕ ਅਖਵਾਉਣ ਵਾਲੇ ਇਨ੍ਹਾਂ ਲੋਕਾਂ ਦੀ ਜਦ ਸਮੇਂ ਦੇ ਹਾਕਮਾਂ ਨੇ ਕੋਈ ਪੁੱਛਗਿੱਛ ਨਾ ਕੀਤੀ ਤਾਂ ਦੋ ਵਕਤ ਦੇ ਗੁਜ਼ਾਰੇ ਲਈ ਤਾਂ ਭੁੱਖਮਰੀ ਦੇ ਸ਼ਿਕਾਰ ਇਹ ਲੋਕ ਹੌਲੀ-ਹੌਲੀ ਜਿੰਦਗੀ ਜਿਊਣ ਦੀ ਉਮੀਦ ਛੱਡਣ ਲੱਗੇ। ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਦੀ ਹਿੰਮਤ ਦਾ ਸਹਾਰਾ ਇੱਕ ਗਾਮਾ ਬਲੈਕੀਆ ਹੀ ਬਣਿਆ ਜਿਸਨੇ ਇਹ ਕਿਹਾ, “ ਗ਼ਰੀਬ ਜੰਮਣਾ ਮਨਜੂਰ ਸੀ ਪਰ ਮਰਨਾ ਨਹੀਂ”। ਆਪਣੇ ਸ਼ੁਰੂ ਕੀਤੇ ਸਮਗਲਿੰਗ ਦੇ ਵਪਾਰ ਨਾਲ ਆਪਣੀ ਜਿੰਦਗੀ ਸਵਾਰਦਿਆਂ ਉਸਨੇ ਇਨ੍ਹਾਂ ਦੱਬੇ-ਕੁੱਚਲੇ ਲੋਕਾਂ ਦਾ ਵੀ ਜੀਵਨ ਸੌਖਾ ਕੀਤਾ।
ਸਿਆਸੀ ਅਤੇ ਰਾਜਨੀਤਿਕ ਸਹਿ ਨਾਲ ਉਸਦਾ ਦਾ ਇਹ ਕਾਰੋਬਾਰ ਹੋਰ ਵਧਣ ਫੁੱਲ੍ਹਣ ਲੱਗਿਆ। ‘ਗਾਮਾ ਬਲੈਕੀਆ’ ਇਨ੍ਹਾਂ ਲੋਕਾਂ ਦੀ ਬਾਂਹ ਫੜ੍ਹਣ ਵਾਲਾ ਇੱਕ ਫਰਿਸ਼ਤਾ ਬਣਦਾ ਹੈ। ਫ਼ਿਲਮ ਦੇ ਟਰੇਲਰ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਇਹ ਫ਼ਿਲਮ ਜਿੱਥੇ ਐਕਸ਼ਨ ਦੀ ਦੁਨੀਆਂ ਵਿੱਚ ਕਮਾਲ ਕਰੇਗੀ ਉੱਥੇ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਨੂੰ ਵੀ ਸੋਹਣੀ ਰੰਗਤ ਦਿੱਤੀ ਗਈ ਹੈ। ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ, ਮੋਨਾ ਓਹਰੀ ਅਤੇ ਸੰਦੀਪ ਬਾਂਸਲ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਨੇ ਕੀਤਾ ਹੈ। ਫਿਲਮ ਦੇ ਸਹਿ ਨਿਰਮਾਤਾ ਪ੍ਰਣਵ ਕਪੂਰ ਅਤੇ ਸੰਚਿਤ ਓਹਰੀ ਹਨ। ਐਸੋਸੀਏਟ ਨਿਰਮਾਤਾ ਮੇਹਰ ਢਿੱਲੋ ਹਨ।
ਫ਼ਿਲਮ ਦੀ ਕਹਾਣੀ ਨੂੰ ਦੇਵ ਖਰੋੜ ਨੇ ਲਿਖਿਆ ਹੈ। ਸਕਰੀਨਪਲੇਅ ਤੇ ਡਾਇਲਾਗ ਇੰਦਰਪਾਲ ਨੇ ਲਿਖੇ ਹਨ। ਫ਼ਿਲਮ ਵਿੱਚ ਦੇਵ ਖਰੋੜ, ਜਪੁਜੀ ਖਹਿਰਾ, ਆਰੂਸ਼ੀ ਸ਼ਰਮਾ, ਰਾਜ ਸਿੰਘ ਝਿੰਜਰ, ਸੁੱਖੀ ਚਾਹਲ, ਸੈਮੁਅਲ ਜੌਹਨ, ਯਾਦ ਗਰੇਵਾਲ, ਪਰਮਵੀਰ ਸਿੰਘ, ਲੱਕੀ ਧਾਲੀਵਾਲ, ਸਵਿੰਦਰ ਮਾਹਲ, ਕੁਮਾਰ ਅਜੈ, ਜੱਗੀ ਧੂਰੀ, ਪੂਨਮ ਸੂਦ ਅਤੇ ਜਗਤਾਰ ਸਿੰਘ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਐਕਸ਼ਨ ਕੇ-ਗਨੇਸ਼ ਨੇ ਦਿੱਤਾ ਹੈ। ਦਰਸ਼ਕ ਇਸ ਫ਼ਿਲਮ ਵਿਚ ਦੇਵ ਖਰੋੜ ਦੀ ਅਦਾਕਾਰੀ ਦੇ ਕਈ ਨਵੇਂ ਰੂਪ ਵੇਖਣਗੇ। ਨਿਰਮਾਤਾ ਵਿਵੇਕ ਓਰੀ ਦੀ ਸਮੁੱਚੀ ਟੀਮ ਨੇ ਇਸ ਫ਼ਿਲਮ ਨੂੰ ਵਧੀਆ ਤਕਨੀਕ ਅਤੇ ਐਕਸ਼ਨ ਕੋਰਿਊਗ੍ਰਾਫ਼ੀ ਨਾਲ ਫਿਲਮਾਇਆ ਹੈ ਜੋ ਦਰਸ਼ਕਾਂ ਦੇ ਇੱਕ ਇੱਕ ਰੁਪਏ ਦਾ ਮੁੱਲ ਪਾਵੇਗੀ। ਫਿਲਮ ਦੀ ਟੈਗ ਲਾਈਨ ‘ਗ਼ਰੀਬ ਜੰਮਣਾ ਮਨਜ਼ੂਰ ਸੀ-ਪਰ ਮਰਨਾ ਨਹੀਂ, ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ।
8 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਬਲੈਕੀਆ 2’ ਨੂੰ ਦਰਸ਼ਕ ਬੇਸਬਰੀ ਨਾਲ ਉਡੀਕ ਰਹੇ ਹਨ। ਯਕੀਨਨ ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ।
-ਸੁਰਜੀਤ ਜੱਸਲ 9814607737