ਬਰਨਾਲਾ, 6 ਜੂਨ, ਬੋਲੇ ਪੰਜਾਬ ਬਿਓਰੋ:
ਟਰਾਈਡੈਂਟ ਫੈਕਟਰੀ ਦੇ ਧੌਲਾ ਕੰਪਲੈਕਸ ਵਿੱਚ ਬੀਤੀ ਰਾਤ ਸਾਢੇ ਅੱਠ ਵਜੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟਰਾਈਡੈਂਟ ਫੈਕਟਰੀ ਦੇ ਧੌਲਾ ਕੰਪਲੈਕਸ ‘ਚ ਪਰਾਲੀ ਨੂੰ ਅੱਗ ਲੱਗ ਗਈ ਸੀ, ਜਿਸ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਸੀ।
ਬੀਤੀ ਦੇਰ ਸ਼ਾਮ ਤੂਫ਼ਾਨ ਤੋਂ ਬਾਅਦ ਧੌਲਾ ਕੰਪਲੈਕਸ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗੀਆਂ, ਇੰਝ ਲੱਗ ਰਿਹਾ ਸੀ ਜਿਵੇਂ ਪਰਾਲੀ ਦੀ ਅੱਗ ਪੂਰੀ ਤਰ੍ਹਾਂ ਬੁਝੀ ਨਹੀਂ ਸੀ ਅਤੇ ਹਵਾ ਚੱਲਣ ਨਾਲ ਪਰਾਲੀ ਦੀ ਅੱਗ ਹੋਰ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ‘ਚ ਅੱਗ ਦੀਆਂ ਲਪਟਾਂ ਬਰਨਾਲਾ ਸ਼ਹਿਰ ਤੱਕ ਵੀ ਦਿਖਾਈ ਦੇ ਰਹੀਆਂ ਸਨ। ਅੱਗ ਦੀਆਂ ਲਪਟਾਂ ਦੇਖ ਕੇ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਾਹੌਲ ਬਣ ਗਿਆ। ਆਸ-ਪਾਸ ਦੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚੀਆਂ।












