ਚੰਡੀਗੜ੍ਹ, 27 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਡੀ.ਜੀ.ਪੀ. ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਵੱਡੀ ਕਾਰਵਾਈ ਦੌਰਾਨ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਗ੍ਰਿਫ਼ਤਾਰੀ ਨਾਲ ਪੰਜਾਬ ਵਿਚ ਇਕ ਹੋਰ ਵੱਡੀ ਟਾਰਗੇਟ ਕਿਲਿੰਗ ਦੇ ਯਤਨ ਨੂੰ ਨਾਕਾਮ ਕੀਤਾ ਗਿਆ ਹੈ।
ਗ੍ਰਿਫ਼ਤਾਰ ਗੈਂਗਸਟਰਾਂ ਵਿਚ ਮੁੱਖ ਮੁਲਜ਼ਮ ਪੁਨੀਤ ਲਖਨਪਾਲ ਉਰਫ਼ ਸ਼ਰਮਾ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਸ਼ਾਮਿਲ ਹਨ। ਦੋਵੇਂ ਗੈਂਗਸਟਰ ਪਿਛਲੇ ਤਿੰਨ ਸਾਲਾਂ ਤੋਂ ਕਾਨੂੰਨ ਦੀ ਪਕੜ ਤੋਂ ਬਚਦੇ ਆ ਰਹੇ ਸਨ। ਇਹ ਦੋਵੇਂ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ (2022) ਅਤੇ ਸੁਖਮੀਤ ਸਿੰਘ ਉਰਫ਼ ਡਿਪਟੀ (2021) ਦੇ ਹੱਤਿਆਕਾਂਡਾਂ ਵਿਚ ਮੁੱਖ ਸਾਜ਼ਿਸ਼ਕਾਰ ਸਨ।
ਇਹ ਗੈਂਗਸਟਰ ਸਤੰਬਰ 2024 ਵਿਚ ਰਾਜਸਥਾਨ ਦੇ ਹਾਈਵੇਅ ਕਿੰਗ ਹੋਟਲ ’ਤੇ ਹੋਈ ਅਨ੍ਹੇਵਾਹ ਗੋਲੀਬਾਰੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਵੀ ਸ਼ਾਮਿਲ ਸਨ।ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਗੈਂਗ ਮੈਂਬਰਾਂ ਕੋਲੋਂ 6 ਆਧੁਨਿਕ ਹਥਿਆਰ ਅਤੇ 40 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਵਿਚ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
