ਸੰਗਰੂਰ 16 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਆਦਰਸ਼ ਸੀ. ਸੈ. ਸਕੂਲ ਚਾਉਕੇ ਦੀ ਭ੍ਰਿਸ਼ਟ ਪ੍ਰਾਈਵੇਟ ਮੈਨੇਜ਼ਮੈਂਟ ਨੂੰ ਹਟਾਉਣ ਅਤੇ ਇਸ ਸਕੂਲ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੂੰ ਸੌਂਪਣ ਆਦਿ ਦੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਸੰਗਰੂਰ ਦਾ ਵਫ਼ਦ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਸੰਗਰੂਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ।
ਇਸ ਮੰਗ ਪੱਤਰ ਰਾਹੀਂ ਵਫ਼ਦ ਨੇ ਗੈਰ-ਕਾਨੂੰਨੀ ਢੰਗ ਨਾਲ ਨੌਕਰੀ ਤੋਂ ਸਿੱਧੇ ਬਰਖ਼ਾਸਤ ਕੀਤੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀ ਨੌਕਰੀ ਤੁਰੰਤ ਬਹਾਲ ਕਰਦੇ ਹੋਏ ਭਵਿੱਖ ਪੂਰਨ ਸੁਰੱਖਿਅਤ ਕਰਨ ਦੀ ਮੰਗ ਕੀਤੀ।ਉਨ੍ਹਾਂ ਮਿਤੀ 31-03-2024 ਤੋਂ ਬਾਅਦ ਗਲਤ ਢੰਗ ਨਾਲ ਭਰਤੀ ਕੀਤੇ ਅਯੋਗ ਪ੍ਰਿੰਸੀਪਲ, ਮੈਨੇਜਮੈਂਟ ਵਲੋਂ ਸਟਾਫ਼ ਤੋਂ ਜਬਰੀ ਕੈਸ਼ਬੈਕ ਕਰਵਾਉਣ ਲਈ ਨਿਯੁਕਤ ਕੀਤੇ ਗੁਰਦਿੱਤ ਸਿੰਘ ਝੱਬਰ (ਯੂ ਐਨ ਓ ਤੱਕ ਗਏ ਬੰਤ ਸਿੰਘ ਝੱਬਰ ਕੇਸ ਵਿੱਚ ਦੋਸ਼ੀ) ਅਤੇ ਬਿਨਾਂ ਖਾਲੀ ਪੋਸਟਾਂ ਦੇ ਸਰਪਲੱਸ ਸਟਾਫ਼ ਭਰਤੀ ਕਰਨ ਦੀ ਜਾਂਚ ਪੜਤਾਲ ਕਾਰਵਾਏ ਜਾਣ ਅਤੇ 31-03-2024 ਤੋਂ ਪਹਿਲਾਂ ਦੇ ਭਰਤੀ ਸਟਾਫ਼ ਦੇ ਮੈਨੇਜਮੈਂਟ ਵੱਲੋਂ ਜਬਰੀ ਬਾਰ-ਬਾਰ ਬਦਲੇ ਅਹੁਦੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਨੁਸਾਰ ਬਹਾਲ ਕਰਵਾਏ ਜਾਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਦੀ ਬਣਦੀ ਪੈਂਡਿੰਗ ਰਾਸ਼ੀ ਮੈਨੇਜਮੈਂਟ ਤੋਂ ਬੱਚਿਆਂ ਦੇ ਖਾਤਿਆਂ ਵਿੱਚ ਵਾਪਿਸ ਕੀਤੇ ਜਾਣ ਅਤੇ ਮੈਨੇਜਮੈਂਟ ਦੁਆਰਾ ਸਕੂਲ ਸਟਾਫ਼ ਤੋਂ ਅਨੇਕ ਗਲਤ ਤਰੀਕਿਆਂ ਨਾਲ ਕਰਵਾਏ ਕੈਸ਼ਬੈਕ ਦੀ ਰਕਮ ਅਤੇ ਸਕੂਲ ਸਟਾਫ਼ ਦੀ ਅਕਤੂਬਰ 2024 ਤੋਂ ਕੱਟੀ ਤਨਖਾਹ ਵਾਪਿਸ ਸਟਾਫ਼ ਦੇ ਖਾਤਿਆਂ ਵਿੱਚ ਜ਼ਾਰੀ ਕਰਵਾਈ ਜਾਣ ਦੀ ਮੰਗ ਕੀਤੀ।
ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਭ੍ਰਿਸ਼ਟ ਮੈਨੇਜਮੇਂਟ ਦੁਆਰਾ ਐਜੂਕੇਸ਼ਨਲ ਟ੍ਰਿਬਿਊਨਲ ਕੋਰਟ ਦੁਆਰਾ ਸਟੇਅ ਪ੍ਰਾਪਤ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਨਾ ਕਰਕੇ ਨਵੀਂ ਭਰਤੀ ਜਾਰੀ ਰੱਖਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਅਤੇ ਨਵੀਂ ਭਰਤੀ ਰੋਕੇ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੈਨੇਜਮੇਂਟ ਦੀ ਸ਼ਹਿ ‘ਤੇ 26 ਮਾਰਚ 2025 ਨੂੰ ਸ਼ਾਂਤਮਈ ਬੈਠੇ ਮਹਿਲਾ ਕਰਮਚਾਰੀਆਂ ਸਮੇਤ ਸਕੂਲ ਸਟਾਫ਼ ਦੇ ਹੱਥਾਂ ‘ਤੇ ਕਟਰ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਬੰਦਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਪੰਜਾਬ ਭਰ ਦੇ ਸਾਰੇ ਆਦਰਸ਼ ਸਕੂਲਾਂ (ਪੀਪੀਪੀ ਮੋਡ) ਦੇ ਸਟਾਫ਼ ਅਤੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਹਨਾਂ ਸਕੂਲਾਂ ਨੂੰ ਮੈਨੇਜਮੈਂਟਾਂ ਤੋਂ ਵਾਪਿਸ ਲੈ ਕੇ 100% ਹਿੱਸਾ ਪੰਜਾਬ ਸਿੱਖਿਆ ਵਿਕਾਸ ਬੋਰਡ (ਪੀ.ਈ.ਡੀ.ਬੀ.) ਅਧੀਨ ਹੀ ਰੱਖਦੇ ਹੋਏ ਅਤੇ ਭਰਤੀ ਵੀ ਇਸੇ ਬੋਰਡ ਰਾਹੀਂ ਕਰਨ ਦਾ ਫੈਸਲਾ ਪੰਜਾਬ ਸਰਕਾਰ ਮੁੜ ਬਹਾਲ ਕਰੇ।
ਇਸ ਮੌਕੇ ਮੇਘ ਰਾਜ ਲਹਿਰਾ, ਕਰਮਜੀਤ ਨਦਾਮਪੁਰ, ਕੁਲਵੰਤ ਖਨੌਰੀ, ਰਾਜ ਸੈਣੀ, ਦੀਪ ਬਨਾਰਸੀ, ਬਲਵਿੰਦਰ ਚੀਮਾ, ਕੰਵਲਜੀਤ ਸਿੰਘ, ਸੁਖਬੀਰ ਖਨੌਰੀ, ਮਨਜੀਤ ਲਹਿਰਾ, ਅਸ਼ਵਨੀ ਲਹਿਰਾ, ਸੰਦੀਪ ਗਿੱਲ, ਗਗਨਦੀਪ ਕੁਮਾਰ ਆਦਿ ਹਾਜ਼ਰ ਸਨ।