ਐਸਸੀ ਕਮਿਸ਼ਨ ਦੇ ਚੇਅਰਮੈਨ ਲੋਕਾਂ ਦੀ ਨਹੀਂ ਲੈ ਰਿਹਾ ਸਾਰ, ਲੁਧਿਆਣੇ ਉਪਚੋਣ ਵਿੱਚ ਕਰ ਰਿਹਾ ਖੁੱਲੇਆਮ ਚੋਣ ਪ੍ਰਚਾਰ.
ਮੋਹਾਲੀ, 6 ਜੂਨ,ਬੋਲੇ ਪੰਜਾਬ ਬਿਊਰੋ;:
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚਾ” ਤੇ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਸੀ ਕਮਿਸ਼ਨ ਦੇ ਚੇਅਰਮੈਨ ਆਪਣੇ ਸੰਵਿਧਾਨਿਕ ਅਹੁਦੇ ਦੀਆਂ ਧੱਜੀਆਂ ਉਡਾ ਰਹੇ ਹਨ। ਲੁਧਿਆਣੇ ਵਿੱਚ ਵਿਧਾਨ ਸਭਾ ਦੀ ਜੋ ਉਪਚੋਣ 19 ਜੂਨ ਨੂੰ ਹੋ ਰਹੀ ਹੈ। ਜਿਸ ਤੇ ਅੱਜ ਤੱਕ ਪਿਛਲੇ ਚਾਰ ਦਿਨਾਂ ਤੋਂ ਐਸ ਸੀ ਕਮਿਸ਼ਨ ਦੇ ਚੇਅਰਮੈਨ ਡੇਰੇ ਲਗਾ ਕੇ ਬੈਠੇ ਹਨ। ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਚੋਣ ਪ੍ਰਚਾਰ ਕਰ ਰਹੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਇਸ ਦੀ ਪੂਰੀ ਜਾਣਕਾਰੀ, ਫੋਟੋਆਂ ਅਤੇ ਵੀਡੀਓ ਬੇਖੌਫ ਪੋਸਟ ਕਰ ਰਹੇ ਹਨ। ਅਨੁਸੂਚਿਤ ਜਾਤੀ ਤੇ ਪੀੜਿਤ ਲੋਕ ਇਨ੍ਹਾਂ ਨੂੰ ਮਿਲਣ ਲਈ ਵਰਦੀ ਅੱਗ ਅਤੇ ਅੱਤ ਦੀ ਗਰਮੀ ਵਿੱਚ ਧੱਕੇ ਖਾ ਰਹੇ ਹਨ। ਇਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਐਸੀ ਸਮਾਜ ਦੀਆਂ ਮੁਸ਼ਕਲਾਂ ਨੂੰ ਨਕਾਰਦੇ ਹੋਏ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ।
ਇਸੇ ਤਰ੍ਹਾਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ। ਇਹਨਾਂ ਬਾਰੇ ਸਬੂਤ ਦੇਖਣ ਲਈ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਜਾ ਸਕਦੇ ਹਨ। ਇਹ ਚੇਅਰਮੈਨ ਇੱਕ ਜੱਜ ਦੀ ਤਰ੍ਹਾਂ ਹੁੰਦੇ ਹਨ। ਉਸਦੇ ਲਈ ਕਿਸੇ ਪੀੜਤ ਦੀ ਕੋਈ ਪਾਰਟੀ ਨਹੀਂ, ਕੋਈ ਧਰਮ ਨਹੀਂ। ਉਹਨਾਂ ਦਾ ਉਦੇਸ਼ ਸਿਰਫ ਤੇ ਸਿਰਫ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕਰਨਾ ਹੁੰਦਾ ਹੈ। ਜੇ ਇਹਨਾਂ ਲੋਕਾਂ ਨੂੰ ਚੋਣ ਲੜਨ ਜਾਂ ਪ੍ਰਚਾਰ ਕਰਨ ਦਾ ਇਨਾ ਹੀ ਸ਼ੌਂਕ ਹੈ ਤਾਂ ਉਹ ਆਪਣੀਆਂ ਚੇਅਰਮੈਨੀਆਂ ਤੋਂ ਅਸਤੀਫੇ ਦੇਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ ਹਨ। ਜਦਕਿ ਲੱਗੇ ਚੋਣ ਜਾਬਤੇ ਵਿੱਚ ਜਾਣਾ ਇਹਨਾਂ ਲਈ ਮਨਾ ਹੁੰਦਾ ਹੈ।
ਸ. ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀ ਸਮਾਜ ਦੇ ਕਈ ਯੋਧਿਆਂ ਦੇ ਨਾਲ ਵੀ ਇਹਨਾਂ ਨੇ ਬਹੁਤ ਬਦਤਮੀਜ਼ੀ ਕੀਤੀ ਹੈ। ਇਥੋਂ ਤੱਕ ਕਿ ਤੰਗ ਆਏ ਆਗੂ ਆਪਣੇ ਕੇਸ ਵੀ ਵਾਪਸ ਲੈ ਚੁੱਕੇ ਹਨ। ਉਪਰੋਕਤ ਨੂੰ ਦੇਖਦੇ ਹੋਏ ਅਸੀਂ ਐਸੀ ਬੀਸੀ ਮੋਰਚੇ ਵੱਲੋਂ ਚੋਣ ਕਮਿਸ਼ਨਰ ਭਾਰਤ ਸਰਕਾਰ, ਚੋਣ ਕਮਿਸ਼ਨਰ ਪੰਜਾਬ ਅਤੇ ਪੰਜਾਬ ਦੇ ਮਾਨਯੋਗ ਰਾਜਪਾਲ ਨੂੰ ਲਿਖਤੀ ਦਰਖਾਸਤਾਂ ਭੇਜ ਰਹੇ ਹਾਂ।
ਅਸੀਂ ਮੰਗ ਕਰਦੇ ਹਾਂ ਕਿ ਸਬੂਤਾਂ ਦੇ ਆਧਾਰ ਤੇ ਇਹਨਾਂ ਅਹੁਦੇਦਾਰਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ।
ਇਸ ਮੌਕੇ ਮਾਸਟਰ ਬਨਵਾਰੀ ਲਾਲ, ਬਾਬੂ ਵੇਦ ਪ੍ਰਕਾਸ਼, ਕਰਮ ਸਿੰਘ ਕੁਰੜੀ, ਪਰਮਿੰਦਰ ਸਿੰਘ ਮਲੋਆ, ਹਰਨੇਕ ਸਿੰਘ ਮਲੋਆ, ਮਨਦੀਪ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਹੋਏ।












