6 ਜੂਨ 2025, ਪੰਜਾਬ / ਚੰਡੀਗੜ੍ਹ,ਬੋਲੇ ਪੰਜਾਬ ਬਿਊਰੋ;
ਟ੍ਰਾਈਡੈਂਟ ਲਿਮਟਿਡ ਵੱਲੋਂ ਵਿਸ਼ਵ ਵਾਤਾਵਰਣ ਦਿਵਸ 2025 ਨੂੰ “ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ” ਥੀਮ ਦੇ ਤਹਿਤ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਅਤੇ ਵਾਤਾਵਰਣ ਸੰਭੰਧੀ ਸਰਗਰਮੀਆਂ ਨਾਲ ਮਨਾਇਆ ਗਿਆ। ਇਨ੍ਹਾਂ ਗਤਿਵਿਧੀਆਂ ਦਾ ਉਦੇਸ਼ ਸਥਾਨਕ ਜਨਤਾ ਵਿੱਚ ਵਾਤਾਵਰਣ ਪ੍ਰਤੀ ਜਿੰਮੇਵਾਰੀ ਅਤੇ ਪਲਾਸਟਿਕ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਸੀ।
ਟ੍ਰਾਈਡੈਂਟ ਗਰੁੱਪ ਦੇ ਵਲੰਟੀਅਰਾਂ ਵੱਲੋਂ ਸਬਜ਼ੀ ਮੰਡੀ, ਕਚਹਿਰੀ ਚੌਕ, ਸ਼ਹੀਦ ਭਗਤ ਸਿੰਘ ਪਾਰਕ, ਕੁਸ਼ਟ ਆਸ਼ਰਮ, ਚਿੰਟੂ ਪਾਰਕ ਅਤੇ ਹੋਰ ਕਈ ਸਥਾਨਾਂ ਤੇ ਵਾਤਾਵਰਣ-ਉਪਯੋਗੀ ਕੱਪੜੇ ਦੇ ਬੈਗ ਵੰਡੇ ਗਏ। ਇਹ ਮੁਹਿੰਮ ਲੋਕਾਂ ਨੂੰ ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਬੈਗਾਂ ਦੀ ਥਾਂ ਟਿਕਾਊ ਵਿਕਲਪ ਵਰਤਣ ਲਈ ਪ੍ਰੇਰਿਤ ਕਰਨ ਲਈ ਚਲਾਈ ਗਈ। ਇਨ੍ਹਾਂ ਥਾਵਾਂ ਤੇ ਪਲਾਸਟਿਕ ਦੇ ਨੁਕਸਾਨ ਅਤੇ ਇਸ ਤੋਂ ਬਚਾਅ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਸ਼ਨ ਵੀ ਕਰਵਾਏ ਗਏ।
ਟ੍ਰਾਈਡੈਂਟ ਦੇ ਧੌਲਾ ਪਲਾਂਟ ਵਿਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ, ਜੋ ਕਿ ਕੰਪਨੀ ਦੇ ਲੰਬੇ ਸਮੇਂ ਦੇ ਵਾਤਾਵਰਣਕ ਸੰਕਲਪ ਨੂੰ ਦਰਸਾਉਂਦੀ ਹੈ। ਕੰਪਨੀ ਦੇ ਕਰਮਚਾਰੀਆਂ ਨੂੰ ਕਚ ਦੀਆਂ ਬੋਤਲਾਂ ਵੀ ਵੰਡੀਆਂ ਗਈਆਂ ਤਾਂ ਜੋ ਪਲਾਸਟਿਕ ਰਹਿਤ ਕੰਮਕਾਜੀ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਹ ਸਮਾਗਮ ਬਰਨਾਲਾ ਦੇ ਸੀਨੀਅਰ ਸਿਟੀਜ਼ਨ ਸੁਸਾਇਟੀ ਵਿੱਚ ਵੀ ਹੋਇਆ, ਜਿੱਥੇ ਬਜ਼ੁਰਗਾਂ ਅਤੇ ਮਾਣਯੋਗ ਵਿਅਕਤੀਆਂ ਨੇ ਵਾਤਾਵਰਣ ਸੰਰਕਸ਼ਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ, ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਨੇ ਧੌਲਾ ਕੈਂਪਸ ਵਿਖੇ ਰੁੱਖ ਲਗਾਉਣ ਦੀ ਕਾਰਵਾਈ ਵਿਚ ਭਾਗ ਲਿਆ ਅਤੇ ਆਪਣੇ ਸੰਬੋਧਨ ਦੌਰਾਨ ਕਿਹਾ: “ਧਰਤੀ ਨੂੰ ਹੁਣ ਸਿਰਫ ਇਰਾਦਿਆਂ ਦੀ ਨਹੀਂ, ਕਰਮਾਂ ਦੀ ਲੋੜ ਹੈ। ਟ੍ਰਾਈਡੈਂਟ ਨੇ ਸਿਰਫ ਆਪਣੇ ਗੇਟਾਂ ਤੇ ਪਲਾਸਟਿਕ ਦੀ ਐਂਟਰੀ ਬੰਦ ਨਹੀਂ ਕੀਤੀ, ਸਗੋਂ ਵਾਤਾਵਰਣ ਦੀ ਰੱਖਿਆ ਲਈ ਹੋਰ ਵੀ ਕਈ ਠੋਸ ਕਦਮ ਚੁੱਕੇ ਹਨ — ਕਿਉਂਕਿ ਅਸੀਂ ਮੰਨਦੇ ਹਾਂ ਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਝੀ ਜ਼ਿੰਮੇਵਾਰੀ ਹੈ। ਆਓ ਅਸੀਂ ਉਹ ਤਬਦੀਲੀ ਬਣੀਏ ਜਿਸਦੀ ਕੁਦਰਤ ਨੂੰ ਸਖਤ ਲੋੜ ਹੈ।”
ਇਹ ਸਮੂਹੀਕ ਉਪਰਾਲੇ ਟ੍ਰਾਈਡੈਂਟ ਗਰੁੱਪ ਦੇ ਵਲੰਟੀਅਰਾਂ ਦੀ ਭਾਗੀਦਾਰੀ ਅਤੇ ਸਮਰਪਣ ਨਾਲ ਸੰਭਵ ਹੋਏ। ਟ੍ਰਾਈਡੈਂਟ ਵੱਲੋਂ ਨਗਰ ਨਿਗਮ ਬਰਨਾਲਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ, ਜਿਨ੍ਹਾਂ ਨੇ ਇਨ੍ਹਾਂ ਸਰਗਰਮੀਆਂ ਵਿੱਚ ਆਪਣਾ ਸਹਿਯੋਗ ਦਿੱਤਾ।
ਵਿਸ਼ਵ ਵਾਤਾਵਰਣ ਦਿਵਸ 2025 ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਇੱਕ ਸੰਜੀਵ ਜ਼ਿੰਮੇਵਾਰੀ ਦੀ ਯਾਦ ਵੀ ਹੈ। ਟ੍ਰਾਈਡੈਂਟ ਲਿਮਟਿਡ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਵਾਤਾਵਰਣ ਪ੍ਰਤੀ ਸੰਕਲਪ ਨੂੰ ਨਿਭਾਉਂਦੇ ਹੋਏ, ਸਮਾਜਿਕ ਸਹਿਯੋਗ ਰਾਹੀਂ ਸਥਾਈ ਵਿਕਾਸ ਵੱਲ ਅੱਗੇ ਵਧਦਾ ਰਹੇਗਾ।












