ਚੰਡੀਗੜ੍ਹ 9 ਸਤੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਜਿਥੇ ਪੂਰੇ ਪੰਜਾਬ ਵਿੱਚ ਹੜ੍ਹਾਂ ਅਤੇ ਭਾਰੀ ਬਰਸਾਤਾਂ ਕਰਨ ਸਮੂਹ ਲੋਕਾਂ ਦਾ ਜੀਵਨ ਬੇਹਾਲ ਹੋਇਆ ਹੈ ਉੱਥੇ ਹੀ ਤਨਖਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕ ਦੋਹਰੀ ਮਾਰ ਹੇਠ ਹਨ ।
ਬਾਕੀ ਮੁਲਾਜਮਾਂ ਨੂੰ ਤਨਖਾਹ ਮਹੀਨੇ ਦੇ ਸ਼ੁਰੂਆਤ ਵਿੱਚ ਪ੍ਰਾਪਤ ਹੋ ਚੁੱਕੀ ਹੈ ਪ੍ਰੰਤੂ ਮੁੱਖ ਦਫਤਰ, ਵਿੱਤ ਵਿਭਾਗ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਕੰਪਿਊਟਰ ਅਧਿਆਪਕਾਂ ਦੀ ਤਨਖਾਹ 9 ਦਿਨਾਂ ਦਾ ਸਮਾਂ ਬੀਤ ਜਾਣ ਉਪਰੰਤ ਵੀ ਪ੍ਰਾਪਤ ਨਹੀਂ ਹੋਈ।
ਤਨਖਾਹ ਨਾ ਮਿਲਣ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਤਾਂ ਕੁਦਰਤ ਨੇ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਆਮ ਜਨ-ਜੀਵਨ ਅਸਤ ਵਿਅਸਤ ਕੀਤਾ ਹੈ, ਪਰ ਦੂਜੇ ਪਾਸੇ ਕੰਪਿਊਟਰ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਓਹਨਾ ਨੂੰ ਆਰਥਿਕ ਤੌਰ ਤੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਥੇਬੰਦੀ ਦੇ ਸੂਬਾਈ ਆਗੂ ਜੋਨੀ ਸਿੰਗਲਾ, ਰਣਜੀਤ ਸਿੰਘ, ਨਰਦੀਪ ਸ਼ਰਮਾ, ਸੁਨੀਤ ਸਰੀਨ, ਪਰਮਵੀਰ ਸਿੰਘ, ਬਲਜੀਤ ਸਿੰਘ,ਰਾਕੇਸ਼ ਸੈਣੀ,ਸੀਮਾ ਰਾਣੀ, ਬਬਲੀਨ ਕੌਰ, ਸੁਮਨ ਸ਼ਰਮਾ, ਗਗਨਦੀਪ ਸਿੰਘ, ਰਜਵੰਤ ਕੌਰ, ਰਘੁਵੀਰ ਸਿੰਘ, ਹਰਜਿੰਦਰ ਕੌਰ, ਸਮਸੇਰ ਸਿੰਘ, ਪਵਨਜੀਤ ਸਿੰਘ, ਜਗਰਾਜ ਸਿੰਘ, ਮਨਪ੍ਰੀਤ ਸਿੰਘ ਆਦਿ ਨੇ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਤਨਖਾਹ ਹਰ ਮੁਲਾਜਮ ਦਾ ਮੁੱਢਲਾ ਹੱਕ ਹੈ ਅਤੇ ਹਰ ਮੁਲਾਜਮ ਦੀਆਂ ਮੁੱਢਲੀਆਂ ਘਰੇਲੂ ਲੋੜਾਂ ਤਨਖਾਹ ਉੱਤੇ ਨਿਰਭਰ ਹੁੰਦੀਆਂ ਹਨ। ਬਹੁਤ ਸਾਰੇ ਕੰਪਿਊਟਰ ਅਧਿਆਪਕਾ ਦੇ ਘਰ ਹੜ ਪ੍ਰਭਾਵਿਤ ਇਲਾਕਿਆਂ ਵਿਚ ਹਨ। ਇਕ ਪਾਸੇ ਤਾਂ ਹੜ੍ਹਾਂ ਅਤੇ ਭਾਰੀ ਬਰਸਾਤਾਂ ਨੇ ਜਨ ਜੀਵਨ ਬੇਹਾਲ ਕਰ ਦਿੱਤਾ ਹੈ ਤੇ ਦੂਜੇ ਪਾਸੇ ਤਨਖਾਹ ਨਾ ਮਿਲਣ ਕਾਰਨ ਜੀਵਨ ਨੂੰ ਦੁਬਾਰਾ ਪਟੜੀ ਤੇ ਲਿਆਉਣਾ ਔਖਾ ਹੈ। ਇਸ ਲਈ ਤਨਖਾਹ ਵਿੱਚ ਦੇਰੀ ਕਰਨਾ ਅਨੈਤਿਕ ਹੈ। ਉਹਨਾਂ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਤਨਖਾਹ ਵਿੱਚ ਦੇਰੀ ਲਈ ਜੁੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਤਨਖਾਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ। ਜੇਕਰ ਸਰਕਾਰ ਵਲੋਂ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ ਤਾਂ ਮੁੱਖ ਦਫਤਰ ਦਾ ਘਿਰਾਓ ਕੀਤਾ ਜਾਵੇਗਾ।












