ਲੁਧਿਆਣਾ, 17 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਸਮੇਤ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ ਹੈ। ਈਡੀ ਦੀ ਇੱਕ ਟੀਮ ਅੱਜ ਸਵੇਰੇ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚੀ, ਅਤੇ ਕੇਂਦਰੀ ਪੁਲਿਸ ਬਲਾਂ ਨੂੰ ਇਮਾਰਤ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਹੈ। ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਸਥਾਨਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ, ਇਹ ਕਾਰਵਾਈ ਮਨੀ ਲਾਂਡਰਿੰਗ ਅਤੇ ਜ਼ਮੀਨੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਈਡੀ ਨੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਚਾਂਸਲਰ ਅਸ਼ੋਕ ਮਿੱਤਲ ਨਾਲ ਜੁੜੇ 10 ਸਥਾਨਾਂ ‘ਤੇ ਛਾਪੇਮਾਰੀ ਕੀਤੀ ਸੀ। ਬੁੱਧਵਾਰ ਸਵੇਰੇ 7:30 ਵਜੇ, ਈਡੀ ਦੀਆਂ ਟੀਮਾਂ ਨੇ ਇੱਕੋ ਸਮੇਂ ਜਲੰਧਰ, ਫਗਵਾੜਾ ਅਤੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਨਾਲ-ਨਾਲ ਲਵਲੀ ਸਵੀਟਸ, ਲਵਲੀ ਆਟੋਜ਼ ਅਤੇ ਐਲਪੀਯੂ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਸੀ।












