ਪੇਡ ਲੰਗਰ ਸੇਵਾ ਨਾਲ ਲੰਗਰ ਦੇ ਮੂਲ ਸਿਧਾਂਤ ਨੂੰ ਵੱਜ ਰਹੀ ਹੈ ਭਾਰੀ ਸੱਟ: ਭਾਈ ਸ਼ੁਭਦੀਪ ਸਿੰਘ

ਨੈਸ਼ਨਲ ਪੰਜਾਬ

ਜਦੋਂ ਲੰਗਰ ਸੇਵਾ ਦੀ ਬਜਾਏ ਵਪਾਰ ਬਣਦਾ ਹੈ, ਤਾਂ ਹਲਵਾਈ ਅਕਸਰ ਕਰਦੇ ਹਨ ਨਸ਼ਿਆਂ ਦਾ ਸੇਵਨ, ਜੋ ਗੁਰੂਘਰ ਦੀ ਮਰਿਆਦਾ ਦੇ ਹੈ ਖਿਲਾਫ

ਨਵੀਂ ਦਿੱਲੀ 20 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਅਜਕਲ ਗੁਰੂਘਰਾਂ ਅੰਦਰ ਲੰਗਰ ਨੂੰ ਹੱਥੀ ਤਿਆਰ ਕਰਣ ਨਾਲੋਂ ਬਾਹਰੋਂ ਪੇਡ ਹਲਵਾਈਆਂ ਕੋਲੋਂ ਬਣਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਜੋ ਕਿ ਮਰਿਆਦਾ ਦੇ ਉਲਟ ਹੈ। ਇਸ ਬਾਰੇ ਪੰਥ ਪ੍ਰਸਿੱਧ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੋ ਕਿ ਆਪਣੇ ਕੀਰਤਨ ਪ੍ਰੋਗਰਾਮ ਵਿਚ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਇਸ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ, ਨੇ ਇਕ ਵਿਸ਼ੇਸ਼ ਗੱਲਬਾਤ ਰਾਹੀਂ ਦਸਿਆ ਲੰਗਰ ਵਿੱਚ ਹੱਥੀਂ ਸੇਵਾ ਕਰਨ ਲਈ ਨਿਮਰਤਾ ਅਤੇ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ। ਆਧੁਨਿਕ ਜੀਵਨ ਸ਼ੈਲੀ ਕਾਰਨ ਲੋਕ ਸਰੀਰਕ ਮਿਹਨਤ ਕਰਨ ਦੀ ਬਜਾਏ ਪੈਸਾ ਖਰਚ ਕੇ ਕੰਮ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹੋਏ ਹਨ। ਇਸ ਨਾਲ ਸੇਵਾ ਦੇ ਮੂਲ ਸਿਧਾਂਤ ਨੂੰ ਸੱਟ ਵੱਜ ਰਹੀ ਹੈ। ਇਸ ਕਰਕੇ ਅੱਜ-ਕੱਲ੍ਹ ਲੰਗਰ ਵਿੱਚ ਸਾਦਗੀ ਦੀ ਥਾਂ ਦਿਖਾਵੇ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਈ ਲੋਕ ਕੁਝ “ਵਿਸ਼ੇਸ਼ ਪਕਵਾਨ” ਵਰਤਾਉਣ ਨੂੰ ਵੀ ਆਪਣੀ ਸਮਾਜਿਕ ਸ਼ਾਨ ਸਮਝਦੇ ਹਨ। ਅਜਿਹੇ ਪਕਵਾਨ ਅਕਸਰ ਬਾਹਰੋਂ ਆਰਡਰ ਕੀਤੇ ਜਾਂਦੇ ਹਨ ਜਾਂ ਪੇਡ ਸੇਵਾਦਾਰਾਂ ਰਾਹੀਂ ਤਿਆਰ ਕਰਵਾਏ ਜਾਂਦੇ ਹਨ। ਕਈ ਵੱਡੇ ਗੁਰਦੁਆਰਿਆਂ ਵਿੱਚ ਸੰਗਤ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਬੰਧਕੀ ਕਮੇਟੀਆਂ ਨੂੰ ਕੰਮ ਚਲਾਉਣ ਲਈ ਪੱਕੇ ਤੌਰ ‘ਤੇ ਤਨਖਾਹਦਾਰ ਰਸੋਈਏ ਜਾਂ ਸੇਵਾਦਾਰ ਰੱਖਣੇ ਪੈਂਦੇ ਹਨ। ਹੌਲੀ-ਹੌਲੀ ਇਹ ਇੱਕ ਸਿਸਟਮ ਬਣ ਗਿਆ ਹੈ, ਜਿੱਥੇ ਸ਼ਰਧਾਲੂ ਸਿਰਫ ਮਾਇਆ ਭੇਟ ਕਰ ਦਿੰਦੇ ਹਨ ਅਤੇ ਪ੍ਰਬੰਧਕ ਸਾਰਾ ਕੰਮ ਕਰਵਾ ਲੈਂਦੇ ਹਨ। ਪੈਸਾ ਦਾਨ ਕਰਨਾ ਲੰਗਰ ਪ੍ਰਥਾ ਨੂੰ ਚਲਦਾ ਰੱਖਣ ਲਈ ਜ਼ਰੂਰੀ ਹੈ, ਪਰ ਸਿੱਖੀ ਵਿੱਚ “ਹੱਥੀਂ ਸੇਵਾ” ਦਾ ਆਪਣਾ ਇੱਕ ਵਿਲੱਖਣ ਅਧਿਆਤਮਿਕ ਮਹੱਤਵ ਹੈ ਜੋ ਮਨੁੱਖ ਨੂੰ ਨਿਮਰਤਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਗੁਰੂਘਰ ਦੀ ਮਰਿਆਦਾ ਅਨੁਸਾਰ ਲੰਗਰ ਵਿੱਚ ਸ਼ੁੱਧਤਾ ਅਤੇ ਪਵਿੱਤਰਤਾ ਸਰਵਉੱਚ ਹੈ, ਜਿੱਥੇ ਨਸ਼ੇੜੀ ਜਾਂ ਮਾੜੀ ਸੰਗਤ ਵਾਲੇ ਵਿਅਕਤੀਆਂ ਦੁਆਰਾ ਸੇਵਾ ਕਰਨਾ ਸਖ਼ਤ ਮਨ੍ਹਾ ਹੈ। ਪੇਡ (ਪੈਸੇ ਲੈ ਕੇ ਬਣਾਇਆ) ਲੰਗਰ ਅਕਸਰ ਮਰਿਆਦਾ ਦੀ ਉਲੰਘਣਾ ਕਰਦਾ ਹੈ ਕਿਉਂਕਿ ਇੱਥੇ ਹਲਵਾਈ ਸ਼ੁੱਧਤਾ ਇਸ਼ਨਾਨ, ਗੁਰਬਾਣੀ ਜਾਪ ਆਦਿ ਦਾ ਧਿਆਨ ਨਹੀਂ ਰੱਖਦੇ। ਉਨ੍ਹਾਂ ਕਿਹਾ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਲੰਗਰ ਤਿਆਰ ਕਰਨ ਵਾਲੇ ਸੇਵਾਦਾਰਾਂ ਲਈ ਅੰਮ੍ਰਿਤਧਾਰੀ ਜਾਂ ਗੁਰਸਿੱਖ ਹੋਣਾ ਅਤੇ ਸੇਵਾ ਦੌਰਾਨ ਨਸ਼ਾ ਮੁਕਤ ਹੋਣਾ ਲਾਜ਼ਮੀ ਹੈ। ਜਦੋਂ ਲੰਗਰ ਸੇਵਾ ਦੀ ਬਜਾਏ ਵਪਾਰ ਬਣ ਜਾਂਦਾ ਹੈ, ਤਾਂ ਹਲਵਾਈ ਅਕਸਰ ਤੰਬਾਕੂ, ਸ਼ਰਾਬ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ, ਜੋ ਗੁਰੂਘਰ ਦੀ ਸ਼ਾਨ ਦੇ ਖਿਲਾਫ ਹੈ। ਗੁਰੂ ਘਰ ਦੇ ਸ਼ਰਧਾਲੂਆਂ ਨੂੰ ਅਜਿਹੇ ਪੇਡ ਲੰਗਰਾਂ ਤੋਂ ਬਚਣਾ ਚਾਹੀਦਾ ਹੈ ਅਤੇ ਕੇਵਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਤਿਆਰ ਕੀਤੇ ਸਾਫ਼-ਸੁਥਰੇ ਲੰਗਰ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।