ਸੰਸਥਾਵਾਂ ਦਾ ਪੜ੍ਹਿਆ ਜਾ ਰਿਹਾ ” ਕੀਰਤਨ ਸੋਹਿਲਾ”

ਸਾਹਿਤ ਪੰਜਾਬ

ਇਹਨਾਂ ਸਮਿਆਂ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਤੇ ਦੁਰਘਟਨਾਵਾਂ ਵਾਪਰ ਰਹੀਆਂ ਹਨ ਕਿ ਉਹਨਾਂ ਨੂੰ ਦੇਖਦਿਆਂ ਸੰਵੇਦਨਸ਼ੀਲ ਮਨੁੱਖ ਉਦਾਸ ਹੋ ਜਾਂਦਾ ਹੈ। ਜਿਸ ਤਰ੍ਹਾਂ ਇਨਕਲਾਬੀ ਕਵੀ ਪਾਸ਼ ਕਹਿੰਦਾ ਹੈ ਕਿ ” ਇਹ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ।”
ਜਦੋਂ ਕਿਸੇ ਨੂੰ ਇਸ ਕਰਕੇ ਵੱਡਾ ਅਹੁਦਾ ਦਿੱਤਾ ਜਾਂਦਾ ਹੈ ਕਿ ਉਹ ਸਾਡੇ ਧੜੇ ਦਾ ਬੰਦਾ ਹੈ। ਧੜੇ ਦੇ ਲੋਕਾਂ ਨੂੰ ਇਹ ਪਛਾਣ ਕਰ ਲੈਣੀ ਚਾਹੀਦੀ ਹੈ ਕਿ ਉਹ ਬੰਦਾ ਹੈ ਵੀ ਕਿ ਨਹੀਂ? ਇਹੋ ਜਿਹੀ ਹਾਲਤ ਉਸ ਸੰਸਥਾ ਦੀ ਬਣੀ ਹੋਈ ਹੈ। ਜਿਸ ਦਾ ਮਾਣਮੱਤਾ ਇਤਿਹਾਸ ਹੈ। ਜੀਹਨਾਂ ਨੇ ਮਿਹਨਤ ਕਰਕੇ ਸੰਸਥਾਵਾਂ ਨੂੰ ਖੜ੍ਹਾ ਕੀਤਾ, ਹੁਣ ਮੌਜੂਦਾ ਸਮੇਂ ਉਸਦੀ ਮਰਿਆਦਾ ਨੂੰ ਤਾਰ ਤਾਰ ਕੀਤਾ ਜਾ ਰਿਹਾ ਹੈ। ਜਿਸ ਵਿਅਕਤੀ ਨੂੰ ਬੋਲਣ ਦੀ ਤਮੀਜ਼ ਨਹੀਂ, ਉਸਨੂੰ ਚੌਧਰੀ ਬਣਾ ਦਿੱਤਾ ਹੈ।
ਜਿਹੜਾ ਆਪਣੇ ਆਪ ਨੂੰ ਉਸ ਟਟੀਰੀ ਸਮਝਦਾ ਹੈ, ਕਿ ਸੰਸਥਾ ਉਸ ਦੇ ਮੋਢਿਆਂ ਉੱਤੇ ਹੈ। ਪਿਛਲੇ ਸਮਿਆਂ ਤੋਂ ਉਸ ਦੀ ਬੋਲਬਾਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੇ ਇਸ ਤਰ੍ਹਾਂ ਵਿਵਹਾਰ ਦਾ ਉਸਦੇ ਆਪਣਿਆਂ ਨੂੰ ਵੀ ਪਤਾ ਹੈ ਕਿ ਉਹ ਬਹੁਤ ਛੇਤੀ ਛਲਕਦਾ ਹੈ। ਕਿਉਂਕਿ ਘੱਟ ਭਰਿਆ ਤੇ ਘੱਟ ਪੜ੍ਹਿਆ ਛੇਤੀ ਭੜਕਦਾ ਹੈ ਤੇ ਬੇਲੋੜੀ ਬਹਿਸ ਕਰਨ ਲੱਗਦਾ ਹੈ। ਉਂਝ ਉਹ ਆਪਣੇ ਆਪ ਵੱਡਾ ਵਿਦਵਾਨ ਹੋਣ ਦਾ ਦਾਅਵਾ ਕਰਦਾ ਹੈ। ਉਸਦਾ ਇਹ ਦਾਅਵਾ ਪਿਛਲੇ ਸਮਿਆਂ ਵਿੱਚ ਬਹੁਤ ਵਾਰ ਚਕਨਾਚੂਰ ਹੋਇਆ ਹੈ।
ਕਹਾਵਤ ਹੈ ਕਿ ਸਿਆਣਾ ਵਿਅਕਤੀ ਦੂਜੇ ਦੀ ਇੱਜ਼ਤ ਤਾਂ ਕਰਦਾ ਹੈ ਕਿ ਉਸ ਆਪਣੀ ਇੱਜ਼ਤ ਦਾ ਪਤਾ ਹੁੰਦਾ ਹੈ। ਜਿਹੜਾ ਇਹ ਸਮਝਦਾ ਹੈ ਕਿ ਹਮ ਹੀ ਹਮ ਹੈਂ। ਉਹਦਾ ਭ੍ਰਮ ਕਦੇ ਦੂਰ ਕਰਨ ਵਾਲਾ ਵੀ ਟੱਕਰ ਸਕਦਾ ਹੈ।
ਉਸ ਅਹੁਦੇਦਾਰ ਦਾ ਮੈਂ ਉਦੋਂ ਭ੍ਰਮ ਦੂਰ ਕੀਤਾ ਸੀ, ਜਦੋਂ ਇਹ ਕਿਹਾ ਜਾਂਦਾ ਹੈ ਕਿ, ਬਾਤੋਂ ਕੇ ਭੂਤ ਲਾਤੋਂ ਸੇ ਮਾਨਤੇ ਹੈ। ਹੁਣ ਚਾਹੀਦਾ ਇਹ ਹੈ ਕਿ ਜਿਸ ਧੜੇ ਨੇ ਉਸਨੂੰ ਇਹ ਅਹੁਦਾ ਦਿੱਤਾ ਹੈ, ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ।
ਖ਼ੈਰ ਪੰਜਾਬੀ ਸਾਹਿਤ ਦੇ ਖੇਤਰ ਵਿਦਵਾਨਾਂ ਨੂੰ ਪਤਾ ਹੈ ਕਿ ਉਹ ਕੌਣ ਹੈ, ਉਸਨੇ ਪਿਛਲੇ ਦਿਨੀਂ ਆਪਣੀ ਸੰਸਥਾ ਦੀ ਅਹੁਦੇਦਾਰ ਤੇ ਮੈਂਬਰਾਂ ਦੀ ਦੀ ਕਿਵੇਂ ਬੇਇਜ਼ਤੀ ਕੀਤੀ। ਇਸ ਦਾ ਚਸ਼ਮਦੀਦ ਗਵਾਹ ਮੈਂ ਵੀ ਹਾਂ। ਇਹ ਗੱਲ ਉਸ ਦੇ ਸਾਥੀਆਂ ਤੱਕ ਪੁੱਜ ਗਈ ਹੈ। ਲੋੜ ਪਈ ਤਾਂ ਉਸ ਦਾ ਨਾਮ ਵੀ ਨਸ਼ਰ ਕੀਤਾ ਜਾ ਸਕਦਾ ਹੈ। ਅਜੇ ਢਕੀ ਰੱਖਦੇ ਹਾਂ ਤੇ ਵੇਖਦੇ ਹਾਂ ਕਿ ਊਠ ਕਿਸ ਕਰਵਟ ਬੈਠਦਾ ਹੈ?
ਇਹ ਆਖਿਆ ਜਾਂਦਾ ਹੈ ਕਿ ਜਿਉਂ ਜਿਉਂ ਮਨੁੱਖ ਵੱਡਾ ਹੁੰਦਾ ਹੈ, ਉਹ ਅਕਲੋਂ ਸਿਆਣਾ ਹੋ ਜਾਂਦਾ ਹੈ, ਉਸਨੂੰ ਅਤੀਤ ਵਿੱਚ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਦਾ ਹੈ ਤੇ ਉਹਨਾਂ ਨੂੰ ਦੁਹਰਾਉਂਦਾ ਨਹੀਂ। ਆਧੁਨਿਕ ਮਨੁੱਖ ਅਤੀਤ ਅਤੇ ਭਵਿੱਖ ਦੇ ਵਿਚਕਾਰ ਵਰਤਮਾਨ ਸਮੇਂ ਵਿੱਚ ਜਿਉਂਦਾ ਹੈ। ਜਦੋਂ ਤੋਂ ਮਨੁੱਖ ਪ੍ਰਕਿਰਤਕ ਸ਼ਕਤੀਆਂ ਨੂੰ ਵੰਗਾਰਨ ਲੱਗਾ ਹੈ, ਉਦੋਂ ਤੋਂ ਉਸ ਦੀ ਬੁੱਧੀ ਭ੍ਰਿਸ਼ਟ ਹੋਣੀਂ ਸ਼ੁਰੂ ਹੋ ਗਈ ਹੈ। ਇਸੇ ਕਰਕੇ ਉਹ ਆਪਣੇ ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਦੀ ਵਜਾਏ ਉਹਨਾਂ ਨੂੰ ਤੋੜਣ ਤੇ ਖ਼ਤਮ ਕਰਨ ਲਈ ਆਪਣਾ ਉੱਲੂ ਸਿੱਧਾ ਰੱਖਦਾ ਹੈ। ਹਰ ਸੰਸਥਾ ਉਪਰ ਵਪਾਰੀ ਵਰਗ ਦਾ ਕਬਜ਼ਾ ਹੋ ਗਿਆ ਹੈ। ਉਹਨਾਂ ਨੇ ਕਿਸੇ ਵੀ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਸੰਸਥਾਵਾਂ ਦੇ ਵਿਧੀ ਵਿਧਾਨ ਨੂੰ ਆਪਣੇ ਅਨੁਸਾਰ ਢਾਲ ਲਿਆ ਹੈ। ਜੇਕਰ ਉਹਨਾਂ ਖ਼ਿਲਾਫ਼ ਕੋਈ ਆਵਾਜ਼ ਉੱਠਦੀ ਹੈ ਤਾਂ ਉਹਨਾਂ ਨੂੰ ਮਰਿਆਦਾ ਚੇਤੇ ਆ ਜਾਂਦੀ ਹੈ। ਉਹ ਮਰਿਆਦਾ ਦੀ ਬੰਦੂਕ ਕੱਢ ਕੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹਨਾਂ ਵਾਸਤੇ ਸੰਸਥਾਵਾਂ ਨਹੀਂ ਵਿਅਕਤੀ ਅਹਿਮ ਹੋ ਜਾਂਦਾ ਹੈ। ਉਹ ਮਨੁੱਖ ਨੂੰ ਬਚਾਉਣ ਲਈ ਸੰਸਥਾਵਾਂ ਦੀਆਂ ਧੱਜੀਆਂ ਤੇ ਪਰੰਪਰਾਵਾਂ ਨੂੰ ਲਈ ਕੁੱਝ ਵੀ ਕਰ ਸਕਦੇ ਹਨ। ਉਹ ਆਪਣੇ ਢਿੱਡ ਨੂੰ ਬਚਾਉਣ ਲਈ ਤਾਲਿਬਾਨੀ ਫਤਵੇ ਜਾਰੀ ਕਰਨ ਲੱਗਦੇ ਹਨ। ਇਉਂ ਨਹੀਂ ਕਰਨਾ, ਇਉਂ ਕਰਨਾ ਹੈ। ਜਦੋਂ ਕੋਈ ਸੰਸਥਾਵਾਂ ਤੋਂ ਅਹਿਮ ਹੋ ਜਾਂਦਾ ਹੈ ਤਾਂ ਉਸ ਸੰਸਥਾ ਦਾ ਕੀਰਤਨ ਸੋਹਿਲਾ ਪੜ੍ਹਨਾ ਸ਼ੁਰੂ ਹੋ ਜਾਂਦਾ ਹੈ।
ਕੁੱਝ ਸੰਸਥਾਵਾਂ ਨੂੰ ਉਹ ਲੋਕ ਬਣਾਉਂਦੇ ਹਨ, ਜਿਹੜੇ ਖ਼ੁਦ ਸੰਸਥਾ ਹੁੰਦੇ ਹਨ। ਸਮਾਜ ਵਿੱਚ ਇਹੋ ਜਿਹੇ ਲੋਕ ਘਟਦੇ ਜਾ ਰਹੇ ਹਨ। ਹੁਣ ਨਾ ਲੋਕ ਅਜਿਹੇ ਹਨ ਜੋ ਖੁਦ ਸੰਸਥਾ ਹੋਣ ਤੇ ਨਾ ਹੀ ਸੰਸਥਾਵਾਂ ਹਨ। ਜੋ ਸਮਾਜ ਲਈ ਵਰਦਾਨ ਸਾਬਿਤ ਹੋਣ। ਪਿਛਲੇ ਕੁਝ ਦਹਾਕਿਆਂ ਤੋਂ ਸੰਸਥਾਵਾਂ ਨੂੰ ਖੋਰਾ ਲਾਉਣ ਵਾਲੇ ਠੇਕੇਦਾਰ ਵਧਦੇ ਜਾ ਰਹੇ ਹਨ। ਉਹਨਾਂ ਦਾ ਮਕਸਦ ਇਕੋ ਹੀ ਹੈ ਕਿ ਆਪਣੀ ਚੌਧਰ ਕਾਇਮ ਕਿਵੇਂ ਰੱਖੀਏ। ਉਹਨਾਂ ਵਾਸਤੇ ਕੋਈ ਕ਼ਾਇਦਾ ਤੇ ਕਾਨੂੰਨ ਨਹੀਂ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਤਕੜੇ ਦਾ ਸੱਤੀਂ ਵੀਹੀਂ ਸੌ। ਮਾੜੇ ਬੰਦੇ ਦਾ ਬਾਰਾਂ ਪਾਜੇ ਅਠਤਾਲੀ ਹੁੰਦਾ ਹੈ। ਗੱਲ ਸੋਚਣ ਵਾਲੀ ਹੈ ਕਿ ਨਹੀਂ।
ਜਦੋਂ ਕਿਸੇ ਸੰਸਥਾ ਨੂੰ ਸਿਉਂਕ ਲੱਗ ਜਾਵੇ ਤਾਂ ਉਹ ਵਿਚਾਰਧਾਰਾ ਭਾਵੇਂ ਨਾ ਮਰੇ। ਪਰ ਇਮਾਰਤ ਜ਼ਰੂਰ ਡਿੱਗਣ ਲੱਗਦੀ ਹੈ। ਹੁਣ ਸੰਸਥਾਵਾਂ ਉਪਰ ਕਬਜ਼ਾ ਕਰਨ ਤੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਲੜਾਈ ਲੱਗੀ ਹੋਈ ਹੈ।
ਇਹਨਾਂ ਸੰਸਥਾਵਾਂ ਨੂੰ ਬਹੁਤੇ ਲੋਕ ਸ਼ਰਧਾ ਵਾਂਗ ਪੂਜਦੇ ਹਨ। ਇਹ ਪੂਜਾ ਦਾ ਧਾਮ, ਪੂਜਾ ਦੀ ਮਾਇਆ ਛਕਣ ਲਈ ਸੰਸਥਾਵਾਂ ਨੂੰ ਆਪਣੇ ਤਰੀਕੇ ਨਾਲ਼ ਵਰਤਦੇ ਹਨ। ਉਸ ਉਪਰ ਕਬਜ਼ਾ ਕਰਨ ਤੋਂ ਲੈ ਕੇ ਕਬਜ਼ਾ ਬਰਕਰਾਰ ਰੱਖਣ ਲਈ ਮਰਿਆਦਾ ਦੀਆਂ ਦਹਿਲੀਜ਼ਾਂ ਪਾਰ ਕਰਨ ਸਮੇਂ ਸੰਗ ਸ਼ਰਮ ਮਹਿਸੂਸ ਨਹੀਂ ਕਰਦੇ।
ਇਹ ਸੰਸਥਾਵਾਂ ਸਮਾਜ ਨੂੰ ਸੇਧ ਦੇਣ ਲਈ ਤਿਆਰ ਹੋਈਆਂ ਸਨ। ਤਾਂ ਕਿ ਮਨੁੱਖ ਅਵੱਗਿਆ ਕਰਨ ਦੀ ਹਿੰਮਤ ਨਾ ਕਰੇ। ਪਰ ਹੁਣ ਇਹਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਖੁਦ ਅਵੱਗਿਆ ਕਰਨ ਲਈ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਸੰਸਥਾਵਾਂ ਨੂੰ ਉਜਾੜਨ ਵਾਲੇ ਜ਼ਿਆਦਾ ਤਾਕਤਵਰ ਹੋਣ ਦਾ ਦਾਅਵਾ ਕਰਦੇ ਹਨ। ਉਹਨਾਂ ਦਾ ਇਹ ਭ੍ਰਮ ਤੋੜਨ ਲਈ ਜਦੋਂ ਲਹਿਰ ਉਠਦੀ ਹੈ ਤਾਂ ਉਹ ਚੀਕਾਂ ਮਾਰਨ ਲੱਗ ਜਾਂਦੇ ਹਨ। ਸੰਸਥਾਵਾਂ ਉਪਰ ਕਾਬਜ਼ ਧੜਿਆ ਨੂੰ ਆਪਣੀ ਹੋਂਦ ਖ਼ਤਮ ਹੁੰਦੀ ਨਜ਼ਰ ਆਉਂਦੀ ਹੈ। ਫੇਰ ਉਹ ਬਿਨਾਂ ਬਹੁਮਤ ਦੇ ਵੀ ਹੇਰਾਫੇਰੀਆਂ ਨਾਲ ਆਪਣੀ ਹੋਂਦ ਬਚਾਉਣ ਖਾਤਰ ਡਰਾਮਾ ਕਰਦੇ ਹਨ। ਜਦੋਂ ਉਹਨਾਂ ਦੇ ਇਸ ਡਰਾਮੇ ਦਾ ਪਰਦਾਫਾਸ਼ ਕਰਦਾ ਹੈ ਤਾਂ ਉਹ ਖ਼ਤਰਾ ਹੈ, ਹਮਲਾ ਹੋ ਗਿਆ, ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਦੋਂ ਹਮਲਾਵਰਾਂ ਨਾਲ਼ ਸਮਝੌਤਾ ਹੋ ਜਾਂਦਾ ਹੈ ਤਾਂ ਫਿਰ ਪਾਣੀ ਸ਼ਾਂਤ ਹੋ ਕੇ ਵਗਣ ਲੱਗਦਾ ਹੈ। ਉਹ ਪਾਣੀ ਭਾਵੇਂ ਗੰਧਲਾ ਹੋਵੇ ਜਾਂ ਕਾਲਾ ਪਾਣੀ। ਫੇਰ ਸਭ ਨਜਾਇਜ਼ ਵੀ ਜਾਇਜ਼ ਬਣ ਜਾਂਦਾ ਹੈ।
ਇਹ ਸਭ ਕੁੱਝ ਸਾਡੇ ਸਾਹਮਣੇ ਵਾਪਰ ਰਿਹਾ ਹੈ। ਅਸੀਂ ਚੁੱਪ ਚਾਪ ਤਮਾਸ਼ਾ ਤੱਕਦੇ ਰਹਿਣ ਦੀ ਆਦਤ ਬਣਾ ਲਈ ਹੈ। ਸਾਨੂੰ ਅਸਲੀਅਤ ਪਤਾ ਹੋਣ ਤੇ ਵੀ ਚੁੱਪ ਧਾਰੀ ਹੋਈ ਹੈ। ਇੰਝ ਲੱਗਦਾ ਹੈ ਜਿਵੇਂ ਸੰਸਥਾਵਾਂ ਦਾ ਨਹੀਂ, ਉਹਨਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਹੋ ਰਿਹਾ ਹੋਵੇ ਤੇ ਉਹਨਾਂ ਦੇ ਸੋਹਿਲੇ ਗਾਉਣ ਵਾਲੇ ਕਲਾਕਾਰਾਂ ਦਾ ਮੁਕਾਬਲਾ ਹੋ ਰਿਹਾ ਹੈ। ਦੂਜੇ ਪਾਸੇ ਸੰਗਤਾਂ ਲੰਗਰ ਹਾਲ ਵਿੱਚ ਪਲੇਟਾਂ ਹਥਿਆਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਕਬਜ਼ਾਧਾਰੀ ਕਿਸੇ ਥਾਂ ਉੱਤੇ ਬੈਠ ਕੇ ਸ਼ਾਮ ਰੰਗੀਨ ਕਰ ਰਹੇ ਹਨ। ਬਾਹਰ ਧੁੰਦ ਵਿੱਚੋਂ ਆਵਾਜ਼ ਬੁਲੰਦ ਹੁੰਦੀ ਹੈ, “ਡਾਕੂਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ।” ਲੋਕ ਆਪੋ ਆਪਣੇ ਘੁਰਨਿਆਂ ਵੱਲ ਦੌੜ ਰਹੇ ਹਨ। ਤੁਸੀਂ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਂ ਫਿਰ ਨਹੀਂ?
+++++
ਬੁੱਧ ਸਿੰਘ ਨੀਲੋਂ
946437023

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।