ਭਾਜਪਾ ਆਗੂ ਦੀ ਦੁਕਾਨ ‘ਤੇ ਪਿੰਨ ਨਾ ਨਿਕਲਣ ਕਾਰਨ ਗ੍ਰਨੇਡ ਹਮਲਾ ਟਲਿਆ

ਪੰਜਾਬ

ਗੁਰਦਾਸਪੁਰ 28 ਅਪ੍ਰੈਲ,ਬੋਲੇ ਪੰਜਾਬ ਬਿਊਰੋ;

ਗੁਰਦਾਸਪੁਰ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕੇ ਗੀਤਾ ਭਵਨ ਰੋਡ ‘ਤੇ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਭਾਜਪਾ ਆਗੂ ਦੀ ਮਸ਼ਹੂਰ ਦੁਕਾਨ ਦੇ ਬਾਹਰ ਦੋ ਸ਼ੱਕੀ ਨੌਜਵਾਨਾਂ ਵੱਲੋਂ ਹੈਂਡ ਗ੍ਰਨੇਡ ਸੁੱਟਿਆ ਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਗ੍ਰਨੇਡ ਫਟਿਆ ਨਹੀਂ, ਜਿਸ ਕਾਰਨ ਇੱਕ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ। ਇਹ ਘਟਨਾ ਸਵੇਰੇ ਵਾਪਰੀ ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਸ਼ੋਕਾ ਚਿਪਸ ਦੀ ਦੁਕਾਨ ਦੇ ਬਾਹਰ ਕੋਈ ਵਸਤੂ ਸੁੱਟੀ।ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ, ਇੱਕ ਰਾਹਗੀਰ ਮੁੰਡੇ ਨੇ ਉਹ ਵਸਤੂ ਚੁੱਕ ਕੇ ਦੁਕਾਨ ‘ਤੇ ਕੰਮ ਕਰਦੇ ਰਾਹੁਲ ਨੂੰ ਫੜਾ ਦਿੱਤੀ। ਰਾਹੁਲ ਉਸ ਨੀਲੇ ਰੰਗ ਦੀ ਭਾਰੀ ਵਸਤੂ ਨੂੰ ਹੱਥ ਵਿੱਚ ਫੜ ਕੇ ਦੁਕਾਨ ਦੇ ਮਾਲਕ ਅਤੇ ਭਾਜਪਾ ਆਗੂ ਅਟਲ ਸ਼ਰਮਾ ਕੋਲ ਲੈ ਗਿਆ।

ਅਟਲ ਸ਼ਰਮਾ ਨੇ ਤੁਰੰਤ ਪਛਾਣ ਲਿਆ ਕਿ ਇਹ ਇੱਕ ਜ਼ਿੰਦਾ ਹੈਂਡ ਗ੍ਰਨੇਡ ਹੈ। ਉਨ੍ਹਾਂ ਦੇਖਿਆ ਕਿ ਗ੍ਰਨੇਡ ਦੀ ਪਿੰਨ ਅਜੇ ਅੰਦਰ ਹੀ ਸੀ, ਜਿਸ ਕਾਰਨ ਉਹ ਫਟਿਆ ਨਹੀਂ ਸੀ।

ਭਾਜਪਾ ਆਗੂ ਨੇ ਬੜੀ ਸੂਝ-ਬੂਝ ਨਾਲ ਰਾਹੁਲ ਨੂੰ ਉਹ ਗ੍ਰਨੇਡ ਤੁਰੰਤ ਬਾਹਰ ਸੁੱਟਣ ਲਈ ਕਿਹਾ। ਹਫੜਾ-ਦਫੜੀ ਵਿੱਚ ਰਾਹੁਲ ਨੇ ਉਸਨੂੰ ਬਾਹਰ ਸੁੱਟ ਦਿੱਤਾ, ਜੋ ਨੇੜੇ ਦੇ ਇੱਕ ਨਾਲੇ ਵਿੱਚ ਜਾ ਡਿੱਗਿਆ।ਸੂਚਨਾ ਮਿਲਦੇ ਹੀ SP ਡੀ.ਕੇ. ਚੌਧਰੀ ਅਤੇ ਸਿਟੀ ਐੱਸ.ਐੱਚ.ਓ. ਦਵਿੰਦਰ ਪ੍ਰਕਾਸ਼ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ, ਗੀਤਾ ਭਵਨ ਰੋਡ ਦੇ ਪੂਰੇ ਬਾਜ਼ਾਰ ਨੂੰ ਤੁਰੰਤ ਬੰਦ ਕਰਵਾ ਦਿੱਤਾ।ਜਿਸ ਨਾਲੇ ਵਿੱਚ ਗ੍ਰਨੇਡ ਡਿੱਗਿਆ ਸੀ, ਉਸ ਹਿੱਸੇ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ ਤਾਂ ਜੋ ਜੇਕਰ ਧਮਾਕਾ ਹੋਵੇ ਤਾਂ ਨੁਕਸਾਨ ਘੱਟ ਹੋਵੇ। ਅੰਮ੍ਰਿਤਸਰ ਤੋਂ ਬੰਬ ਡਿਸਪੋਜ਼ਲ ਸਕੁਐਡ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਹੈ।

ਪੁਲਿਸ ਨੂੰ ਇਲਾਕੇ ਦੀ CCTV ਫੁਟੇਜ ਵਿੱਚ ਦੋ ਸ਼ੱਕੀ ਨੌਜਵਾਨ ਨਜ਼ਰ ਆਏ ਹਨ ਜੋ ਗ੍ਰਨੇਡ ਸੁੱਟ ਕੇ ਫ਼ਰਾਰ ਹੋਏ ਸਨ। SP ਡੀ.ਕੇ. ਚੌਧਰੀ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਬੰਬ ਸਕੁਐਡ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਗ੍ਰਨੇਡ ਕਿਸ ਕਿਸਮ ਦਾ ਸੀ ਅਤੇ ਇਸ ਪਿੱਛੇ ਕਿਸ ਸਾਜ਼ਿਸ਼ੀ ਦਾ ਹੱਥ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਅਤੇ ਭਾਜਪਾ ਆਗੂਆਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।