ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਪ੍ਰੈਲ, ਬੋਲੇ ਪੰਜਾਬ ਬਿਊਰੋ:
ਖੇਤੀਬਾੜੀ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਲਈ ਤਕਨੀਕੀ ਜਾਣਕਾਰੀ ਦੇਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਸਬੰਧੀ ਆਤਮਾ ਸਕੀਮ ਅਧੀਨ ਕਿਸਾਨ ਵਿਕਾਸ ਚੈਂਬਰ (ਕਾਲਕਟ ਭਵਨ) ਐੱਸ.ਏ.ਐਸ.ਨਗਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਡਾ.ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ, ਖੇਤੀਬਾੜੀ (ਪੀ.ਪੀ.) ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਵਚਨਬੱਧ ਹੈ। ਖੇਤਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਗੁਰਮੀਤ ਸਿੰਘ ਰਾਏ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਜ਼ਿਲ੍ਹੇ ਵਿੱਚ ਕਣਕ, ਝੋਨਾ ਫ਼ਸਲੀ ਚੱਕਰ ਦੀ ਬਜਾਏ ਦਾਲਾਂ, ਤੇਲ ਬੀਜ ਫ਼ਸਲਾਂ ਅਤੇ ਮੱਕੀ ਆਦਿ ਫ਼ਸਲਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਇਨ੍ਹਾਂ ਮਸ਼ੀਨਾਂ ਦਾ ਪੂਰਾ ਲਾਭ ਲੈਣ ਲਈ ਮਸ਼ੀਨਾਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਹੋਰ ਲੋੜਵੰਦ ਕਿਸਾਨਾਂ ਨੂੰ ਇਹ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਰਕਬੇ ਅਧੀਨ ਪੈਦਾ ਹੋਏ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਥਾਂ ਮੱਕੀ ਦੀ ਫਸਲ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 7000/- ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਲਈ ਵੱਧ ਤੋਂ ਵੱਧ ਰਕਬੇ ਤੇ ਇਸ ਫਸਲ ਦੀ ਖੇਤੀ ਕਰਨ ਲਈ ਅਪੀਲ ਕੀਤੀ l ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸਾਲ 2025 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਲਈ ਦਫਤਰ ਮੁੱਖ ਖੇਤੀਬਾੜੀ ਅਫ਼ਸਰ ਐੱਸ.ਏ.ਐੱਸ ਨਗਰ ਵੱਲੋਂ ਲਗਭਗ 10 ਲੱਖ ਰੁਪਏ ਕਿਸਾਨ ਵੀਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ ਅਤੇ ਸਰਕਾਰ ਵੱਲੋਂ ਸਾਲ 2026 ਲਈ ਜ਼ਿਲ੍ਹੇ ਵਿੱਚ 5000 ਏਕੜ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਉਪਬੰਧ ਕੀਤਾ ਗਿਆ ਹੈl ਕੈਂਪ ਵਿੱਚ ਖੇਤੀਬਾੜੀ ਵਿਭਾਗ/ਅਲਾਇਡ ਵਿਭਾਗਾਂ ਦੇ ਮਾਹਿਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ ਤੋਂ ਜਾਣੂੰ ਕਰਵਾਇਆ।
ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ/ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।












