ਭਗਵੰਤ ਮਾਨ ਨੂੰ ਚੇਤਾਵਨੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣਾ ਸਿੱਖ ਕੌਮ ਨੂੰ ਲਲਕਾਰਨ ਦੇ ਬਰਾਬਰ — ਸਰਨਾ

ਨੈਸ਼ਨਲ ਪੰਜਾਬ

ਨਵੀਂ ਦਿੱਲੀ 9 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਲਿਆਂਦੇ ਜਾ ਰਹੇ ਕਾਨੂੰਨ ਅਤੇ ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਅਤੇ ਪੰਥਕ ਮਰਯਾਦਾ ਨੂੰ ਚੁਣੌਤੀ ਦੇਣ ਵਾਲਾ ਰਵੱਈਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਸਮੂਹ ਸਿੱਖ ਕੌਮ ਦੀ ਸਰਵੋਚ ਆਤਮਕ ਅਤੇ ਪੰਥਕ ਅਥਾਰਟੀ ਹੈ। ਇਸ ਲਈ ਇਸ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨਾ ਜਾਂ ਉਸ ਉੱਤੇ ਤਨਜ਼ ਕਰਨਾ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਸਰਨਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ “ਸਿੰਘ ਸਾਹਿਬ ਸਰਕਾਰ ਚਲਾ ਰਹੇ ਹਨ” ਵਰਗੇ ਬਿਆਨ ਦੇਣਾ ਬਹੁਤ ਹੀ ਦੁਖਦਾਈ ਅਤੇ ਅਹੰਕਾਰ ਭਰਿਆ ਹੈ। ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੁੱਲ ਕੁੱਲ ਸੰਸਾਰ ਦੀਆਂ ਸਰਕਾਰਾਂ ਨਹੀਂ ਆ ਸਕਦੀਆਂ । ਭਗਵੰਤ ਮਾਨ ਦੀ ਤੇ ਹਸਤੀ ਹੀ ਕੀ ਹੈ । ਜੋ ਇਨਸਾਨ ਸਿੱਖ ਰਹਿਤ ਨੂੰ ਨਹੀਂ ਮੰਨਦਾ ਤੇ ਸ਼ਰਾਬ ਪੀ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਵਿਧਾਨ ਸਭਾ ਵਿੱਚ ਚਲਾ ਜਾਂਦਾ ਹੈ ਕੀ ਹੁਣ ਉਹ ਦੱਸੇਗਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਗੇ.? ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਕਦੇ ਕਾਮਯਾਬ ਨਹੀਂ ਹੋਏ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਬਿਨਾਂ ਪੰਥਕ ਸਹਿਮਤੀ ਦੇ ਇੱਕ ਐਸਾ ਕਾਨੂੰਨ ਲਿਆਉਣਾ ਚਾਹੁੰਦੀ ਹੈ ਜੋ ਗੁਰੂ ਸਾਹਿਬ ਅਤੇ ਸਿੱਖ ਦੇ ਰਿਸ਼ਤੇ ਵਿਚ ਸਰਕਾਰੀ ਦਖਲਅੰਦਾਜ਼ੀ ਦਾ ਰਸਤਾ ਖੋਲ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਇੱਕ ਕਾਨੂੰਨ ਦਾ ਨਹੀਂ, ਸਗੋਂ ਸਿੱਖ ਕੌਮ ਦੀ ਧਾਰਮਿਕ ਅਜ਼ਾਦੀ ਅਤੇ ਮਰਯਾਦਾ ਨਾਲ ਜੁੜਿਆ ਹੋਇਆ ਹੈ। ਸਰਨਾ ਨੇ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਆਪਸੀ ਧੜੇਬੰਦੀ ਅਤੇ ਰਾਜਨੀਤਿਕ ਵੱਖਰਾਪੇ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਇਸ ਮਸਲੇ ‘ਤੇ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੋ ਵੀ ਧਿਰ ਇਸ ਮਾਮਲੇ ‘ਚ ਚੁੱਪ ਰਹੇਗੀ ਜਾਂ ਸਰਕਾਰ ਦਾ ਸਾਥ ਦੇਵੇਗੀ, ਉਹ ਪੰਥ ਦੇ ਸਾਹਮਣੇ ਜਵਾਬਦੇਹ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।